ਹਿਮਾਚਲ ‘ਚ ਮੀਂਹ ਅਤੇ ਢਿੱਗਾਂ ਡਿੱਗਣ ਨਾਲ 22 ਮੌਤਾਂ


887 ਸੜਕਾਂ ਬੰਦ  ਅਤੇ ਰਾਜ ਦੇ 3 ਜ਼ਿਲ੍ਹਿਆਂ ‘ਚ ਛੁੱਟੀ ਦਾ ਐਲਾਨ
ਸ਼ਿਮਲਾ/ਹਿਮਾਚਲ ਪ੍ਰਦੇਸ਼ ‘ਚ ਬੀਤੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦਾ ਕਹਿਰ ਜਾਰੀ ਹੈ | ਇਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਤਾਂ ਹੋਇਆ ਹੀ ਹੈ, ਉੱਥੇ ਆਮ ਜਨਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਬਾਰਿਸ਼ ਕਾਰਨ ਐਤਵਾਰ ਨੂੰ 22 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਅਤੇ 12 ਹੋਰ ਜ਼ਖ਼ਮੀ ਹੋ ਗਏ | ਮਾਰੇ ਗਏ ਲੋਕਾਂ ‘ਚ 9 ਸ਼ਿਮਲਾ, 5 ਸੋਲਨ, 2-2 ਕੁੱਲੂ, ਸਿਰਮੋਰ ਅਤੇ ਚੰਬਾ ਅਤੇ 1-1 ਊਨਾ ਅਤੇ ਲਾਹੌਲ-ਸਪਿਤੀ ਜ਼ਿਲ੍ਹਿਆਂ ਤੋਂ ਹਨ | ਆਰ ਟੀ ਓ ਦਫ਼ਤਰ ਨਜ਼ਦੀਕ ਜ਼ਮੀਨ ਖਿਸਕਣ ਕਾਰਨ 3 ਲੋਕਾਂ ਦੇ ਮਾਰੇ ਜਾਣ ਅਤੇ ਇਕ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡ ਇਲਾਕੇ ਵਿਚ ਇਕ ਘਰ ‘ਤੇ ਦਰੱਖ਼ਤ ਡਿਗਣ ਕਾਰਨ 2 ਨਿਪਾਲੀਆਂ ਦੀ ਮੌਤ ਹੋ ਗਈ ਅਤੇ 3 ਜ਼ਖ਼ਮੀ ਹੋ ਗਏ | ਭਾਰੀ ਮੀਂਹ ਕਾਰਨ ਇਕ ਸ਼ਮਸ਼ਾਨਘਾਟ ਇਲਾਕੇ ‘ਚ ਘਰ ਦੀ ਕੰਧ ਡਿਗਣ ਕਾਰਨ 1 ਮਜ਼ਦੂਰ ਮਾਰਿਆ ਗਿਆ ਅਤੇ 6 ਜ਼ਖ਼ਮੀ ਹੋਏ ਹਨ | ਇਸ ਦੌਰਾਨ ਮ੍ਤਿਕ ਦੀ ਪਹਿਚਾਣ ਸ਼ਾਹ ਆਲਮ ਵਜੋਂ ਹੋਈ ਹੈ ਜੋ ਬਿਹਾਰ ਦੇ ਕਿਸ਼ਨਗੰਜ ਜ਼ਿਲ੍ਹੇ ਦਾ ਰਹਿਣ ਵਾਲਾ ਸੀ | ਇਕ ਹੋਰ ਦੁਰਘਟਨਾ ਵਿਚ ਸ਼ਿਮਲਾ ਦੇ ਰੋਹਰੂ ਸਬ ਡਵੀਜ਼ਨ ਵਿਚ ਹਟਕੋਟੀ ਕੇਨਚੀ ਨਜ਼ਦੀਕ ਕੌਮੀ ਸੜਕ ਮਾਰਗ ‘ਤੇ ਜ਼ਮੀਨ ਖਿਸਕਣ ਨਾਲ ਟਰੱਕ ਵਲੋਂ ਇਕ ਵਿਅਕਤੀ ਨੂੰ ਕੁਚਲਨ ਕਾਰਨ ਉਸ ਦੀ ਮੌਤ ਹੋ ਗਈ | ਅਧਿਕਾਰੀਆਂ ਮੁਤਾਬਿਕ ਬੀਤੇ 24 ਘੰਟਿਆਂ ਦੌਰਾਨ ਰਾਜ ‘ਚ ਸਰਕਾਰੀ ਅਤੇ ਨਿੱਜੀ ਸੰਪਤੀ ਦਾ ਹੁਣ ਤੱਕ 490 ਕਰੋੜ ਦਾ ਨੁਕਸਾਨ ਹੋ ਚੁੱਕਾ ਹੈ | ਚੰਬਾ ਦੇ ਐਸ਼ਪੀ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਮੇਹਲਾ ਸਬ ਡਬੀਜ਼ਨ ‘ਚ ਸਵੇਰੇ 3.30 ਵਜੇ ਇਕ ਘਰ ਖਿਸਕਣ ਕਾਰਨ ਇਕ 70 ਸਾਲਾ ਬਜ਼ੁਰਗ ਅਤੇ 7 ਸਾਲਾ ਬੱਚੇ ਦੀ ਮੌਤ ਹੋ ਗਈ | ਬਿਲਾਸਪੁਰ ਜ਼ਿਲ੍ਹੇ ਦੇ ਘੁਮਾਰਵੀਂ ਸਬ ਡਵੀਜ਼ਨ ਦੇ ਇਕ ਪਿੰਡ ਵਿਚ 7 ਮਕਾਨ ਖਿਸਕ ਗਏ, ਹਾਲਾਂਕਿ ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਇਸ ਤੋਂ ਇਲਾਵਾ ਸੂਬੇ ਦੇ 9 ਕੌਮੀ ਮਾਰਗਾਂ ਸਣੇ 887 ਸੜਕਾਂ ਆਵਾਜਾਈ ਲਈ ਬੰਦ ਹੋ ਗਈਆਂ ਹਨ | ਇਸ ਦੌਰਾਨ 6 ਪੁਲ ਵੀ ਨੁਕਸਾਨੇ ਗਏ ਹਨ | ਮੰਡੀ ਵਿਚ, 186, ਕਾਂਗੜਾ ਵਿਚ 184 ਅਤੇ ਹਮੀਰਪੁਰ ਜੋਨ ਵਿਚ 105 ਸੜਕਾਂ ਪ੍ਰਭਾਵਿਤ ਹੋਈਆਂ ਹਨ | ਵਾਹਨਾਂ ਦੇ ਨਾਲ-ਨਾਲ ਰੇਲ ਸੇਵਾਵਾਂ ਵੀ ਠੱਪ ਹੋ ਗਈਆਂ ਹਨ | ਪਿਛਲੇ 24 ਘੰਟਿਆਂ ਦੌਰਾਨ ਪਏ ਭਾਰੀ ਮੀਂਹ ਕਾਰਨ ਪਿਛਲੇ ਕਈ ਸਾਲਾਂ ਦਾ ਰਿਕਾਰਡ ਟੁੱਟ ਚੱਕਾ ਹੈ | ਇਸ ਦੌਰਾਨ ਸ਼ਿਮਲਾ, ਕੁੱਲੂ ਤੇ ਸਿਰਮੌਰ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੇ ਕਾਰਨ ਸੋਮਵਾਰ ਨੂੰ ਸਾਰੇ ਸਿੱਖਿਆ ਸੰਸਥਾਨਾਂ ‘ਚ ਛੁੱਟੀ ਐਲਾਨ ਦਿੱਤੀ ਗਈ ਹੈ | ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਸੂਬੇ ‘ਚ ਭਾਰੀ ਮੀਂਹ ਦੇ ਸ਼ੰਕੇ ਤੋਂ ਇਨਕਾਰ ਕੀਤਾ ਹੈ | ਸ਼ਿਮਲਾ ਜ਼ਿਲ੍ਹਾ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ | ਕਈ ਜਗ੍ਹਾ ਦਰੱਖਤਾਂ ਦੇ ਡਿੱਗਣ ਕਾਰਨ ਮਕਾਨ ਅਤੇ ਗੱਡੀਆਂ ਨੁਕਸਾਨੀਆਂ ਗਈਆਂ ਹਨ | ਭਾਰੀ ਬਾਰਿਸ਼ ਕਾਰਨ ਚੰਡੀਗੜ੍ਹ-ਮਨਾਲੀ ਮਾਰਗ ਸਵਾਰਘਾਟ ਦੇ ਕੋਲ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ | ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਮੰਡੀ ਅਤੇ ਮਨਾਲੀ ਵਿਚਕਾਰ ਸਿਰਫ਼ ਦਿਨ ਸਮੇਂ ਹੀ ਆਵਾਜਾਈ ਚਲਾਉਣ ਦਾ ਫ਼ੈਸਲਾ ਲਿਆ ਗਿਆ ਹੈ | ਇਸ ਸਮੇਂ ਸਤਲੁਜ ਦਰਿਆ ਵਿਚ ਪਾਣੀ ਵਿਚ ਗਾਰ ਦੀ ਮਾਤਰਾ ਵੱਧ ਜਾਣ ਕਾਰਨ 1500 ਮੈਗਾਵਾਟ ਵਾਲੇ ਨਾਥਪਾ ਝਾਕੜੀ, 412 ਮੈਗਾਵਾਟ ਵਾਲੇ ਰਾਮਪੁਰ, 1200 ਮੈਗਾਵਾਟ ਵਾਲੇ ਕੜਸ਼ਮ ਬਾਂਗੂਤ ‘ਚ ਬਿਜਲੀ ਯੋਜਨਾਵਾਂ ਠੱਪ ਹੋ ਗਈਆਂ ਹਨ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *