ਗੈਰਕਾਨੂੰਨੀ ਰੇਤ ਮਾਈਨਿੰਗ ਨੇ ਸਤਲੁਜ ਦੇ ਪਾਣੀ ਦਾ ਵਹਾਅ ਬਦਲਿਆ


ਸਿੱਧਵਾਂ ਬੇਟ/ ਦਰਿਆ ਸਤਲੁਜ ਵਿਚ ਪਾਣੀ ਛੱਡਣ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ | ਇਸ ਸਬੰਧੀ ਜਦੋਂ ਦਰਿਆ ਸਤਲੁਜ ਦਾ ਦੌਰਾ ਕੀਤਾ ਗਿਆ, ਤਾਂ ਜ਼ਿਲ੍ਹਾ ਲੁਧਿਆਣਾ ਦੇ ਸਭ ਤੋਂ ਵੱਧ ਖਤਰਨਾਕ ਮੰਨੇ ਜਾਂਦੇ ਤੇ 1978 ਤੇ 1988 ਵਿਚ ਟੁੱਟ ਕੇ ਬਲਾਕ ਸਿੱਧਵਾਂ ਬੇਟ ਦੇ ਕਈ ਪਿੰਡਾਂ ਵਿਚ ਜਾਨੀ ਤੇ ਮਾਲੀ ਨੁਕਸਾਨ ਕਰ ਚੁੱਕੇ ਮੱਧੇਪੁਰ ਬੰਨ੍ਹ ਤਾਂ ਇਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਸੁਰੱਖਿਅਤ ਦਿਖਾਈ ਦੇ ਰਿਹਾ ਸੀ, ਕਿਉਂਕਿ ਦਰਿਆ ਵਿਚ ਪਿਛਲੇ ਸਮੇਂ ਦੌਰਾਨ ਕੱਕੇ ਰੇਤੇ ਦੀ ਹੋਈ ਮਾਈਨਿੰਗ ਕਾਰਨ ਦਰਿਆ ਦਾ ਪਾਣੀ ਆਪਣਾ ਵਹਾਅ ਜਲੰਧਰ ਜ਼ਿਲ੍ਹੇ ਵਾਲੇ ਪਾਸੇ ਪੈਂਦੇ ਬੰਨ੍ਹ ਵੱਲ ਕਰ ਚੁੱਕਾ ਹੈ, ਜਿਥੇ ਮੌਕੇ ‘ਤੇ ਜਾ ਕੇ ਵੇਖਿਆ ਗਿਆ ਕਿ ਦਰਿਆ ਦਾ ਪਾਣੀ ਜਲੰਧਰ-ਜਗਰਾਉਂ ਮਾਰਗ ‘ਤੇ ਦਰਿਆ ਸਤਲੁਜ ਉੱਪਰ ਬਣੇ ਪੁਲ ਦੇ ਬਿਲਕੁਲ ਉੱਤਰ-ਪੱਛਮ ਦੀ ਦਿਸ਼ਾ ਵੱਲ ਕਿਸਾਨਾਂ ਦੀਆਂ ਦਰਿਆ ਅੰਦਰਲੇ ਹਿੱਸੇ ਵਾਲੀਆਂ ਜ਼ਮੀਨਾਂ ਨੂੰ ਆਪਣੇ ਵਿਚ ਬੁਰਦ ਕਰ ਰਿਹਾ ਸੀ, ਤੇ ਪਾਣੀ ਦਾ ਤੇਜ਼ ਵਹਾਅ ਜ਼ਮੀਨਾਂ ਨੂੰ ਖੋਰਾ ਲੱਗਣ ਤੋਂ ਬਚਾਉਣ ਲਈ ਬਣਾਏ ਗਏ ਸਟੱਡਾਂ ਤੇ ਸਪੱਰਾਂ ਨਾਲ ਪੂਰੀ ਤਰ੍ਹਾਂ ਖਹਿ ਕੇ ਲੰਘ ਰਿਹਾ ਸੀ | ਦਰਿਆ ਦਾ ਇਹ ਪਾਣੀ ਬੰਨ੍ਹ ਅੰਦਰ ਖੇਤਾਂ ਵਿਚ ਬੀਜੀਆਂ ਫ਼ਸਲਾਂ ਵਿਚ ਵੀ ਵੜਣਾ ਸ਼ੁਰੂ ਹੋ ਗਿਆ ਸੀ | ਹੈਰਾਨੀ ਦੀ ਗੱਲ ਹੈ ਕਿ ਇਸ ਦਿਸ਼ਾ ਵੱਲ ਦਰਿਆ ਅੰਦਰ ਪੱਥਰਾਂ ਦਾ ਕੋਈ ਵੀ ਸੁਰੱਖਿਆ ਬੰਨ ਨਹੀਂ ਬਣਾਇਆ ਗਿਆ, ਜਦਕਿ ਬਾਕੀ ਤਿੰਨ ਦਿਸ਼ਾਵਾਂ ਵੱਲ ਅਜਿਹੇ ਬੰਨ੍ਹ ਬਣਾਏ ਗਏ ਹਨ, ਜਿਸ ਪਾਸੇ ਅਜੇ ਤੱਕ ਪ੍ਰਸ਼ਾਸਨ ਦਾ ਧਿਆਨ ਨਹੀਂ ਗਿਆ | ਜੇਕਰ ਇਹ ਟੁੱਟ ਗਿਆ ਤਾਂ ਜ਼ਿਲ੍ਹਾ ਲੁਧਿਆਣਾ ਦੇ ਦਰਿਆ ਪਾਰ (ਜਲੰਧਰ) ਵਾਲੇ ਪਾਸੇ ਪਿੰਡਾਂ ਮੱਧੇਪੁਰ, ਪਰਜੀਆਂ ਕਲਾਂ, ਕੰੰਨੀਆਂ ਖੁਰਦ, ਬਾਘੀਆਂ ਖੁਰਦ, ਹਿਆਤੇਵਾਲ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਨਾਲ ਸਬੰਧਿਤ ਪਿੰਡਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ | ਰਾਤੋ-ਰਾਤ ਪਾਣੀ ਦੇ ਆਉਣ ਨਾਲ ਤਹਿਸੀਲ ਜਗਰਾਉਂ ਨਾਲ ਸਬੰਧਿਤ ਦਰਜਨਾਂ ਪਿੰਡਾਂ ਦੀ ਦਰਿਆ ਅੰਦਰ ਪੈਂਦੀ ਕਰੀਬ ਇਕ ਹਜ਼ਾਰ ਏਕੜ ਜ਼ਮੀਨ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜਿਸ ਵਿਚ ਗਰੀਬ ਕਿਸਾਨਾਂ ਨੇ ਝੋਨੇ ਦੀ ਫ਼ਸਲ ਤੋਂ ਇਲਾਵਾ ਮੱਕੀ, ਅਰਹਰ, ਪਦੀਨਾਂ, ਹਰੇ ਚਾਰੇ ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਹੋਈ ਹੈ | ਇਸ ਤੋਂ ਇਲਾਵਾ ਕਿਸਾਨਾਂ ਦੀਆਂ ਮੋਟਰਾਂ ਤੇ ਇੰਜਣ ਵੀ ਪਾਣੀ ਵਿਚ ਡੁੱਬਣੇ ਸ਼ੁਰੂ ਹੋ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਪ੍ਰੇਮ ਸਿੰਘ ਸੇਰੇਵਾਲ ਨੇ ਦੱਸਿਆ ਕਿ ਇਸ ਪਾਣੀ ਕਾਰਨ ਸਿਰਫ ਸਾਡੇ ਪਿੰਡ ਦੇ ਹੀ 150 ਏਕੜ ਦੇ ਕਰੀਬ ਰਕਬੇ ਵਿਚ ਬੀਜੇ ਝੋਨੇ ਅਤੇ ਮੱਕੀ ਆਦਿ ਦੀ ਫ਼ਸਲ ਵਿਚ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *