ਹਿੰਸਾ ਮਗਰੋਂ ਸ੍ਰੀਨਗਰ ਦੇ ਕਈ ਇਲਾਕਿਆਂ ‘ਚ ਪਾਬੰਦੀਆਂ ਸਖ਼ਤ ਕੀਤੀਆਂ


ਜੰਮੂ ‘ਚ ਮੋਬਾਈਲ ਇੰਟਰਨੈੱਟ ਸੇਵਾਵਾਂ ਦੁਬਾਰਾ ਬੰਦ ਕੀਤੀਆਂ
ਅੱਤਵਾਦੀਆਂ ਨੂੰ ਅਲੱਗ-ਥਲੱਗ ਕਰਨਾ ਪੁਲਿਸ ਦਾ ਮਕਸਦ: ਪੁਲਿਸ ਅਧਿਕਾਰੀ
ਸ੍ਰੀਨਗਰ/ਸ੍ਰੀਨਗਰ ‘ਚ ਕੁਝ ਹਿੰਸਕ ਘਟਨਾਵਾਂ ਤੋਂ ਬਾਅਦ ਕੁਝ ਹਿੱਸਿਆਂ ‘ਚ ਪਾਬੰਦੀਆਂ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ, ਜਦੋਂ ਕਿ 50 ਪੁਲਿਸ ਥਾਣਿਆਂ ਦੇ ਇਲਾਕਿਆਂ ‘ਚ ਐਤਵਾਰ ਨੂੰ ਲੱਗੀਆਂ ਪਾਬੰਦੀਆਂ ‘ਚ ਹੋਰ ਢਿੱਲ ਦਿੱਤੀ ਗਈ | ਦੂਜੇ ਪਾਸੇ ਜੰਮੂ ਦੇ ਪੰਜ ਜ਼ਿਲ੍ਹਿਆਂ ‘ਚ ਸ਼ੁਰੂ ਕੀਤੀਆਂ ਗਈਆਂ 2-ਜੀ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਫ਼ੈਲਾਈਆਂ ਜਾ ਰਹੀਆਂ ਅਫ਼ਵਾਹਾਂ ਨੂੰ ਵੇਖਦੇ ਹੋਏ ਮੁੜ ਬੰਦ ਕਰ ਦਿੱਤਾ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ 300 ਹੱਜ ਯਾਤਰੀਆਂ ਦਾ ਪਹਿਲਾ ਜਥਾ ਵੀ ਸਾਊਦੀ ਅਰਬ ਤੋਂ ਕਸ਼ਮੀਰ ਪਰਤ ਆਇਆ ਹੈ | ਸਰਕਾਰੀ ਬੁਲਾਰੇ ਰੋਹਿਤ ਕਾਂਸਲ ਨੇ ਦੱਸਿਆ ਕਿ ਬੀਤੇ ਦਿਨ 35 ਪੁਲਿਸ ਥਾਣਿਆਂ ਦੀ ਬਜਾਏ 50 ਪੁਲਿਸ ਥਾਣਿਆਂ ਦੇ ਇਲਾਕਿਆਂ ‘ਚ ਲੱਗੀਆਂ ਪਾਬੰਦੀਆਂ ‘ਚ ਢਿੱਲ ਦਿੱਤੀ ਗਈ | ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਨਵਾਂ ਹਫ਼ਤਾ ਸ਼ੁਰੂ ਹੋਣ ਵਾਲਾ ਹੈ ਤੇ ਅਸੀਂ ਇਸ ‘ਚ ਇਕ ਨਵੀਂ ਆਸ ਨੂੰ ਵੇਖ ਰਹੇ ਹਾਂ | ਉਨ੍ਹਾਂ ਕਿਹਾ ਕਿ ਸ੍ਰੀਨਗਰ ‘ਚ 190 ਤੋਂ ਜ਼ਿਆਦਾ ਪ੍ਰਾਇਮਰੀ ਸਕੂਲ ਸੋਮਵਾਰ ਨੂੰ ਖੁੱਲ੍ਹ ਜਾਣਗੇ | ਐਤਵਾਰ ਨੂੰ ਪਾਬੰਦੀਆਂ ਦੀ ਢਿੱਲ ਦੇ ਸਮੇਂ ਨੂੰ 6 ਤੋਂ 8 ਘੰਟੇ ਤੱਕ ਵਧਾਇਆ ਗਿਆ | ਉਨ੍ਹਾਂ ਕਿਹਾ ਕਿ ਕੁਝ ਇਲਾਕਿਆਂ ‘ਚ ਸ਼ਰਾਰਤੀ ਅਨਸਰਾਂ ਵਲੋਂ ਫ਼ੈਲਾਈਆਂ ਅਫ਼ਵਾਹਾਂ ਕਾਰਨ ਦੁਕਾਨਾਂ ਬੰਦ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ | ਉਨ੍ਹਾਂ ਕਿਹਾ ਕਿ ਕਾਨੂੰਨ ਏਜੰਸੀਆਂ ਨੇ ਅਜਿਹੀਆਂ ਘਟਨਾਵਾਂ ‘ਤੇ ਨੋਟਿਸ ਲਿਆ ਹੈ ਤੇ ਕਿਤੇ ਵੀ ਮਾੜੀ ਘਟਨਾ ਵਾਪਰਨ ਦੀ ਸੂਚਨਾ ਨਹੀਂ ਹੈ |
ਜੰਮੂ-ਕਸ਼ਮੀਰ ਦੇ ਡੀ ਜੀ ਪੀ ਦਿਲਬਾਗ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਪੁਲਿਸ ਅੱਤਵਾਦੀਆਂ ‘ਤੇ ਦਬਾਅ ਬਣਾ ਰਹੀ ਹੈ ਕਿ ਉਹ ਉਨ੍ਹਾਂ ਨੂੰ ਅਲੱਗ-ਥਲੱਗ ਕਰ ਦੇਵੇ ਤਾਂ ਕਿ ਅੱਤਵਾਦੀ ਆਮ ਲੋਕਾਂ ਨੂੰ ਗੁਮਰਾਹ ਨਾ ਕਰ ਸਕਣ | ਮੀਡੀਆ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਸੂਬੇ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋਕਾਂ ਵਲੋਂ ਦਿੱਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਪੁਲਿਸ, ਅਰਧ-ਸੈਨਿਕ ਬਲ, ਸੈਨਾ ਤੇ ਸੁਰੱਖਿਆ ਟੀਮਾਂ ਨੇ ਸ਼ਾਨਦਾਰ ਕੰਮ ਕੀਤਾ ਹੈ, ਪਰ ਸੂਬੇ ਦੇ ਲੋਕਾਂ ਵਲੋਂ ਦਿੱਤੇ ਸਹਿਯੋਗ ਨੂੰ ਅੱਖੋਂ ਓਹਲੇ ਨਹੀਂ ਕਰਨਾ ਚਾਹੀਦਾ | ਸੂਬੇ ‘ਚ ਸੰਵਿਧਾਨਕ ਤਬਦੀਲੀ ‘ਤੇ ਕਿਸੇ ਵੀ ਟਿੱਪਣੀ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਸੂਬੇ ‘ਚ ਸਾਕਾਰਾਤਮਕ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਤੇ ਲੋਕਾਂ ਨੂੰ ਇਸ ਬਾਰੇ ‘ਚ ਚੰਗੀਆਂ ਗੱਲਾਂ ਨੂੰ ਸਮਝਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਪੁਲਿਸ ਮੁਖੀ ਹੋਣ ਨਾਤੇ ਇਹ ਯਕੀਨੀ ਬਣਾਉਣਾ ਮੇਰਾ ਫਰਜ਼ ਸੀ ਕਿ ਮੁੱਖ ਤੌਰ ‘ਤੇ ਪਾਕਿਸਤਾਨ ਨਾਲ ਸਬੰਧਿਤ ਅੱਤਵਾਦੀ ਜੰਮੂ-ਕਸ਼ਮੀਰ ‘ਚ ਆਮ ਲੋਕਾਂ ਨੂੰ ਗੁਮਰਾਹ ਨਾ ਕਰ ਸਕਣ |
ਜੰਮੂ-ਕਸ਼ਮੀਰ ਦੇ ਪੁਲਿਸ ਮੁਖੀ ਦਿਲਬਾਗ ਸਿੰਘ ਨੇ ਜੰਮੂ ਖੇਤਰ ‘ਚ ਸੁਰੱਖਿਆ ਹਾਲਾਤ ਦੀ ਸਮੀਖਿਆ ਕੀਤੀ ਅਤੇ ਅਧਿਕਾਰੀਆਂ ਨੂੰ ਲੋਕਾਂ ਨਾਲ ਨੇੜੇ ਤੋਂ ਸੰਪਰਕ ਰੱਖਣ ਦੇ ਆਦੇਸ਼ ਦਿੱਤੇ | ਉਨ੍ਹਾਂ ਖਾਸ ਕਰ ਸਰਹੱਦੀ ਇਲਾਕਿਆਂ ‘ਚ ਚੌਕਸੀ ਭਰੀ ਨਜ਼ਰ ਰੱਖਣ ਲਈ ਕਿਹਾ | ਪੁਲਿਸ ਮੁਖੀ ਉੱਚ ਪੱਧਰੀ ਮੀਟਿੰਗ ਦੀ ਅਗਵਾਈ ਕਰਨ ਤੋਂ ਪਹਿਲਾਂ ਸੁਰੱਖਿਆ ਹਾਲਾਤ ਦਾ ਜਾਇਜ਼ਾ ਲੈਣ ਲਈ ਰਾਜੌਰੀ ਤੇ ਉਧਮਪੁਰ ਪਹੁੰਚੇ ਤੇ ਕਾਨੂੰਨ ਵਿਵਸਥਾ ਦਾ ਜਾਇਜ਼ਾ ਲਿਆ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *