ਦੀਪਾ ਮਲਿਕ ਖੇਲ ਰਤਨ ਲਈ ਨਾਮਜ਼ਦ


ਖੇਲ ਰਤਨ, ਅਰਜੁਨ ਐਵਾਰਡ ਅਤੇ ਹੋਰ ਪੁਰਸਕਾਰਾਂ ਲਈ ਖਿਡਾਰੀਆਂ ਦੀ ਚੋਣ
ਨਵੀਂ ਦਿੱਲੀ/ਪੈਰਾਲੰਪਿਕ ਖੇਡਾਂ ਵਿੱਚ ਭਾਰਤ ਲਈ ਮਹਿਲਾ ਵਰਗ ‘ਚ ਪਹਿਲਾ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਦੀਪਾ ਮਲਿਕ ਨੂੰ ਖੇਡਾਂ ਦੇ ਸਰਵੋਤਮ ਐਜਾਜ਼ ਰਾਜੀਵ ਗਾਂਧੀ ਖੇਲ ਰਤਨ ਲਈ ਨਾਮਜ਼ਦ ਕੀਤਾ ਗਿਆ ਹੈ। 48 ਸਾਲਾ ਦੀਪਾ ਨੇ 2016 ਰੀਓ ਪੈਰਾਲੰਪਿਕਸ ਵਿੱਚ ਐੱਫ਼53 (ਜੈਵਲਿਨ ਥ੍ਰੋਅ) ਸ਼੍ਰੇਣੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਅਰਜੁਨ ਐਵਾਰਡ ਲਈ ਟਰੈਕ ਤੇ ਫੀਲਡ ਸਟਾਰ ਤੇਜਿੰਦਰ ਪਾਲ ਸਿੰਘ ਤੂਰ, ਫੁਟਬਾਲ ਗੁਰਪ੍ਰੀਤ ਸਿੰਘ ਸੰਧੂ, ਪੋਲੋ ਲਈ ਸਿਮਰਨ ਸਿੰਘ ਸ਼ੇਰਗਿੱਲ, ਨਿਸ਼ਾਨੇਬਾਜ਼ ਅੰਜੁਮ ਮੌਦਗਿਲ, ਕ੍ਰਿਕਟਰ ਰਵਿੰਦਰ ਜਡੇਜਾ ਤੇ ਪੂਨਮ ਯਾਦਵ, ਅਥਲੀਟ ਮੁਹੰਮਦ ਅਨਸ ਤੇ ਸਵਪਨਾ ਬਰਮਨ, ਹਾਕੀ ਖਿਡਾਰੀ ਚਿੰਗਲੇਨਸਨਾ ਸਿੰਘ ਕੰਗੁਜਮ ਅਤੇ ਬੈਡਮਿੰਟਨ ਖਿਡਾਰੀ ਬੀ ਸਾਈ ਪ੍ਰਣੀਤ ਦੀ ਚੋਣ ਕੀਤੀ ਹੈ। ਗੋਲਾ ਸੁਟਾਵਾ ਤੂਰ ਨੇ ਜਕਾਰਤਾ ਵਿੱਚ ਹੋਈਆਂ ਏਸ਼ਿਆਈ ਖੇਡਾਂ ‘ਚ ਸੋਨ ਤਗ਼ਮਾ ਜਿੱਤਿਆ ਸੀ।
ਰੀਓ ਪੈਰਾਲੰਪਿਕ ਦੀ ਸ਼ਾਟ-ਪੁੱਟ ਐਫ-53 ਵਰਗ ਵਿੱਚ ਚਾਂਦੀ ਦਾ ਤਗ਼ਮਾ ਜੇਤੂ 48 ਸਾਲਾ ਦੀਪਾ ਦਾ ਨਾਮ 12 ਮੈਂਬਰੀ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਦੇ ਦੂਜੇ ਦਿਨ ਖੇਲ ਰਤਨ ਪੁਰਸਕਾਰ ਲਈ ਜੋੜਿਆ ਗਿਆ। ਜਸਟਿਸ (ਸੇਵਾ ਮੁਕਤ) ਮੁਕੰਦਕਮ ਸ਼ਰਮਾ ਦੀ ਅਗਵਾਈ ਵਾਲੇ ਪੈਨਲ ਨੇ ਵਿਸ਼ਵ ਦੇ ਨੰਬਰ ਇੱਕ (65 ਕਿਲੋ) ਪਹਿਲਵਾਨ ਪੂਨੀਆ ਨੂੰ ਕੱਲ੍ਹ ਹੀ ਖੇਲ ਰਤਨ ਲਈ ਚੁਣਿਆ ਸੀ।
ਛੇ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਐਮਸੀ ਮੇਰੀਕੌਮ ਨੇ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ। ਉਸ ਦੇ ਨਿੱਜੀ ਕੋਚ ਛੋਟੇ ਲਾਲ ਯਾਦਵ ਦਰੋਣਾਚਾਰੀਆ ਪੁਰਸਕਾਰ ਦੀ ਦੌੜ ਵਿੱਚ ਸ਼ਾਮਲ ਸਨ।
ਨਿਯਮਾਂ ਅਨੁਸਾਰ, ਪੁਰਸਕਾਰ ਦੀ ਯੋਗਤਾ ਲਈ ਕਿਸੇ ਖਿਡਾਰੀ ਦਾ ਪੁਰਸਕਾਰ ਵਾਲੇ ਸਾਲ ਦੌਰਾਨ ਬਿਹਤਰੀਨ ਪ੍ਰਦਰਸ਼ਨ ਦੇ ਨਾਲ ਕੌਮਾਂਤਰੀ ਪੱਧਰ ‘ਤੇ ਬੀਤੇ ਚਾਰ ਸਾਲਾਂ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਸ ਵਿੱਚ ਅਗਵਾਈ ਕਰਨ ਦੀ ਸਮਰੱਥਾ, ਖੇਡ ਭਾਵਨਾ ਅਤੇ ਅਨੁਸ਼ਾਸਨ ਦੇ ਗੁਣ ਵੀ ਹੋਣੇ ਜ਼ਰੂਰੀ ਹਨ।
ਪੈਨਲ ਨੇ ਤਿੰਨ ਨਾਮ ਦਰੋਣਾਚਾਰੀਆ ਐਵਾਰਡ ਲਈ ਨਾਮਜ਼ਦ ਕੀਤੇ ਹਨ। ਇਨ੍ਹਾਂ ਵਿੱਚ ਸਾਬਕਾ ਬੈਡਮਿੰਟਨ ਸਟਾਰ ਵਿਮਲ ਕੁਮਾਰ ਵੀ ਸ਼ਾਮਲ ਹੈ, ਪਰ ਜਸਪਾਲ ਰਾਣਾ ਦਾ ਨਾਮ ਇਸ ਸੂਚੀ ਵਿੱਚ ਸ਼ਾਮਲ ਨਹੀਂ ਹੈ, ਜਿਸ ਦੇ ਕੋਚ ਰਹਿੰਦਿਆਂ ਹਾਲ ਹੀ ਵਿੱਚ ਭਾਰਤੀ ਜੂਨੀਅਰ ਨਿਸ਼ਾਨੇਬਾਜ਼ੀ ਨੇ ਕੌਮਾਂਤਰੀ ਪੱਧਰ ‘ਤੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਤਿੰਨ ਨਾਮ ਦਰੋਣਾਚਾਰੀਆ ਪੁਰਸਕਾਰ (ਤਾਉਮਰ ਪ੍ਰਾਪਤੀਆਂ) ਲਈ ਭੇਜੇ ਗਏ ਹਨ। ਇਸ ਵਿੱਚ ਗੌਤਮ ਗੰਭੀਰ ਦੇ ਕੋਚ ਰਹੇ ਸੰਜੇ ਭਾਰਦਵਾਜ ਵੀ ਸ਼ਾਮਲ ਹਨ।
ਦੀਪਾ ਪੈਰਾਲੰਪਿਕ ਵਿੱਚ ਤਗ਼ਮੇ ਜਿੱਤਣ ਵਾਲੀ ਪਹਿਲੀ ਮਹਿਲਾ ਭਾਰਤੀ ਖਿਡਾਰੀ ਹੈ। ਇਸ ਤੋਂ ਪਹਿਲਾਂ ਉਸ ਨੂੰ 2012 ਵਿੱਚ ਅਰਜੁਨ ਪੁਰਸਕਾਰ ਅਤੇ 2017 ਵਿੱਚ ਪਦਮਸ੍ਰੀ ਨਾਲ ਦਿੱਤਾ ਗਿਆ ਸੀ। ਖੇਲ ਰਤਨ ਬੀਤੇ ਚਾਰ ਸਾਲਾਂ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਨੂੰ ਦਿੱਤਾ ਜਾਂਦਾ ਹੈ। ਇਸ ਵਿੱਚ ਇੱਕ ਤਗ਼ਮਾ, ਸਰਟੀਫਿਕੇਟ ਅਤੇ 7æ5 ਲੱਖ ਰੁਪਏ ਦਾ ਨਕਦ ਪੁਰਸਕਾਰ ਦਿੱਤਾ ਜਾਂਦਾ ਹੈ।
ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਬਜਰੰਗ ਪੂਨੀਆ (ਕੁਸ਼ਤੀ), ਅਤੇ ਦੀਪਾ ਮਲਿਕ (ਪੈਰਾ ਅਥਲੈਟਿਕਸ)। ਦਰੋਣਾਚਾਰੀਆ ਪੁਰਸਕਾਰ: ਵਿਮਲ ਕੁਮਾਰ (ਬੈਡਮਿੰਟਨ), ਸੰਦੀਪ ਗੁਪਤਾ (ਟੇਬਲ ਟੈਨਿਸ), ਮਹਿੰਦਰ ਸਿੰਘ ਢਿੱਲੋਂ (ਅਥਲੈਟਿਕਸ)। ਦਰੋਣਾਚਾਰੀਆ (ਤਾਉਮਰ ਪ੍ਰਾਪਤੀ): ਮਰਜਬਾਨ ਪਟੇਲ (ਹਾਕੀ), ਰਾਮਵੀਰ ਸਿੰਘ ਖੋਖਰ (ਕਬੱਡੀ), ਸੰਜੇ ਭਾਰਦਵਾਜ (ਕ੍ਰਿਕਟ) ਦੀ ਚੋਣ ਕੀਤੀ ਗਈ ਹੈ।
ਅਰਜੁਨ ਪੁਰਸਕਾਰ ਲਈ ਤੇਜਿੰਦਰਪਾਲ ਸਿੰਘ ਤੂਰ, ਮੁਹੰਮਦ ਅਨਸ, ਸਵੱਪਨਾ ਬਰਮਨ (ਤਿੰਨੋ ਅਥਲੈਟਿਕਸ), ਐਸ ਭਾਸਕਰਨ (ਬਾਡੀ ਬਿਲਡਿੰਗ), ਸੋਨੀਆ ਲਾਠੇਰ (ਮੁੱਕੇਬਾਜ਼ੀ), ਰਵਿੰਦਰ ਜਡੇਜਾ, ਪੂਨਮ ਯਾਦਵ (ਦੋਵੇਂ ਕ੍ਰਿਕਟ), ਚਿੰਗਲੇਨਸਾਨਾ ਸਿੰਘ ਕੰਗਜੁਮ (ਹਾਕੀ), ਅਜੈ ਠਾਕੁਰ (ਕਬੱਡੀ), ਗੌਰਵ ਸਿੰਘ ਗਿੱਲ (ਮੋਟਰ ਸਪੋਰਟਸ), ਅੰਜੁਮ ਮੌਦਗਿਲ (ਨਿਸ਼ਾਨੇਬਾਜ਼ੀ), ਹਰਮੀਤ ਦੇਸਾਈ (ਟੇਬਲ ਟੈਨਿਸ), ਪੂਜਾ ਢਾਂਡਾ (ਕੁਸ਼ਤੀ), ਫਵਾਦ ਮਿਰਜ਼ਾ (ਘੋੜਸਵਾਰੀ), ਗੁਰਪ੍ਰੀਤ ਸਿੰਘ ਸੰਧੂ (ਫੁਟਬਾਲ), ਬੀ ਸਾਈ ਪ੍ਰਣੀਤ (ਬੈਡਮਿੰਟਨ), ਸਿਮਰਨ ਸਿੰਘ ਸ਼ੇਰਗਿੱਲ (ਪੋਲੋ), ਪ੍ਰਮੋਦ ਭਗਤ (ਪੈਰਾ ਖੇਡ-ਬੈਡਮਿੰਟਨ), ਸੁਰਿੰਦਰ ਸਿੰਘ ਗੁੱਜਰ (ਪੈਰਾ ਖੇਡ-ਅਥਲੈਟਿਕਸ) ਦੀ ਚੋਣ ਕੀਤੀ ਗਈ ਹੈ।
ਧਿਆਨਚੰਦ ਪੁਰਸਕਾਰ ਲਈ ਮੈਨੁਅਲ ਫਰੈਡਰਿਕਸ (ਹਾਕੀ), ਅਨੂਪ ਬਾਸਕ (ਟੇਬਲ ਟੈਨਿਸ), ਮਨੋਜ ਕੁਮਾਰ (ਕੁਸ਼ਤੀ), ਨਿਤਿਨ ਕੀਰਤਨੇ (ਟੈਨਿਸ), ਸੀ ਲਾਲਰੇਮਸਾਂਗਾ (ਤੀਰਅੰਦਾਜ਼ੀ) ਦੀ ਚੋਣ ਕੀਤੀ ਗਈ ਹੈ।
ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫ਼ੀ ਲਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (ਜੇਤੂ), ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ (ਪਹਿਲਾ ਉਪ ਜੇਤੂ), ਪੰਜਾਬੀ ਯੂਨੀਵਰਸਿਟੀ ਪਟਿਆਲਾ (ਦੂਜਾ ਉਪ ਜੇਤੂ)ਦੀ ਚੋਣ ਕੀਤੀ ਗਈ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *