ਅਫ਼ਗਾਨਿਸਤਾਨ ‘ਚ ਵਿਆਹ ਦੌਰਾਨ ਬੰਬ ਧਮਾਕੇ ‘ਚ 63 ਮੌਤਾਂ


ਇਸਲਾਮਿਕ ਸਟੇਟ ਨੇ ਲਈ ਜ਼ਿੰਮੇਵਾਰੀ
ਕਾਬੁਲ/ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਇਕ ਵਿਆਹ ਸਮਾਗਮ ਦੌਰਾਨ ਹੋਏ ਬੰਬ ਧਮਾਕੇ ‘ਚ 63 ਲੋਕ ਮਾਰੇ ਗਏ ਤੇ 182 ਹੋਰ ਜ਼ਖ਼ਮੀ ਹੋ ਗਏ | ਸ਼ਨਿਚਰਵਾਰ ਦੇਰ ਰਾਤ ਕਾਬੁਲ ਦੇ ਪੱਛਮ ‘ਚ ਹੋਇਆ ਇਹ ਧਮਾਕਾ ਬੀਤੇ ਕੁਝ ਮਹੀਨਿਆਂ ਦੌਰਾਨ ਸ਼ਹਿਰ ‘ਚ ਹੋਏ ਅੱਤਵਾਦੀ ਹਮਲਿਆਂ ‘ਚੋਂ ਸਭ ਤੋਂ ਘਾਤਕ ਹਮਲਾ ਹੈ, ਜਿਸ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ ਐਸ਼) ਨੇ ਲੈ ਲਈ ਹੈ | ਆਈæਐਸ਼ ਨੇ ਟੈਲੀਗ੍ਰਾਮ ਮੈਸਜਿੰਗ ਐਪ ‘ਤੇ ਪੋਸਟ ਕੀਤੇ ਬਿਆਨ ‘ਚ ਦਾਅਵਾ ਕੀਤਾ ਹੈ ਕਿ ਉਸ ਦੇ ਲੜਾਕਿਆਂ ‘ਚੋਂ ਇਕ ਨੇ ਕਾਬੁਲ ‘ਚ ਵੱਡੇ ਇੱਕਠ ਦੌਰਾਨ ਖੁਦ ਨੂੰ ਅੱਗ ਲਗਾ ਕੇ ਧਮਾਕਾ ਕਰ ਦਿੱਤਾ ਜਦਕਿ ਬਾਕੀਆਂ ਨੇ ਸੁਰੱਖਿਆ ਬਲਾਂ ਦੇ ਅੱਪੜਨ ‘ਤੇ ਧਮਾਕਾਖੇਜ ਨਾਲ ਭਰੇ ਵਾਹਨ ਨੂੰ ਉਡਾ ਲਿਆ | ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ 63 ਲੋਕਾਂ ਦੇ ਮਾਰੇ ਜਾਣ ਤੇ 182 ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਰਨ ਵਾਲਿਆਂ ਤੇ ਜ਼ਖ਼ਮੀਆਂ ‘ਚ ਬੱਚੇ ਤੇ ਔਰਤਾਂ ਵੀ ਸ਼ਾਮਿਲ ਹਨ | ਇਸ ਹਮਲੇ ਤੋਂ ਬਾਅਦ ਵਿਆਹ ਸਮਾਗਮ ਵਾਲੇ ਹਾਲ ਦੀਆਂ ਤਸਵੀਰਾਂ ‘ਚ ਚੁਫੇਰੇ ਲਾਸ਼ਾਂ ਤੇ ਡੁੱਲਿਆ ਖੂਨ ਨਜ਼ਰ ਆ ਰਿਹਾ ਹੈ | ਇਸ ਹਮਲੇ ਸਮੇਂ ਉਥੇ ਮੌਜ਼ੂਦ ਲੋਕਾਂ ਦਾ ਕਹਿਣਾ ਹੈ ਕਿ ਬੰਬ ਧਮਾਕੇ ਬਾਅਦ ਕਰੀਬ 20 ਮਿੰਟ ਤੱਕ ਹਾਲ ਧੂੰਏ ਨਾਲ ਭਰ ਗਿਆ ਅਤੇ ਆਦਮੀਆਂ ਦੇ ਬੈਠਣ ਵਾਲੇ ਪਾਸੇ ਹੋਏ ਧਮਾਕੇ ਦੌਰਾਨ ਬਹੁਤੇ ਲੋਕ ਮਾਰੇ ਗਏ ਜਾਂ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ | ਕਾਬੁਲ ‘ਚ ਵਿਆਹ ਸਮਾਗਮ ਦੌਰਾਨ ਹਾਲ ‘ਚ ਹੋਏ ਬੰਬ ਧਮਾਕੇ ਦੀ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਾਨੀ ਨੇ ਸਖ਼ਤ ਨਿੰਦਾ ਕੀਤੀ ਹੈ | ਇਸ ਤੋਂ ਇਲਾਵਾ ਭਾਰਤ ਸਮੇਤ ਵਿਸ਼ਵ ਦੇ ਕਈ ਨੇਤਾਵਾਂ ਨੇ ਵੀ ਹਮਲੇ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਹੈ | ਜ਼ਿਕਰਯੋਗ ਹੈ ਕਿ ਇਹ ਬੰਬ ਧਮਾਕਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕਾ ਵਲੋਂ ਅਫਗਾਨਿਸਤਾਨ ‘ਚ ਮੌਜ਼ੂਦ ਆਪਣੀਆਂ ਸੈਨਾਵਾਂ ਦੀ ਗਿਣਤੀ ‘ਚ ਵੱਡੀ ਕਟੌਤੀ ਕਰਨ ਲਈ ਤਾਲਿਬਾਨ ਨਾਲ ਗੱਲਬਾਤ ਆਖਰੀ ਪੜਾਅ ‘ਚ ਹੈ |
ਕਾਬੁਲ ‘ਚ ਵਿਆਹ ਸਮਾਗਮ ਦੌਰਾਨ ਬੰਬ ਧਮਾਕੇ ‘ਚ 63 ਲੋਕਾਂ ਦੇ ਮਾਰੇ ਜਾਣ ਤੋਂ ਕੁਝ ਘੰਟੇ ਬਾਅਦ ਐਤਵਾਰ ਸਵੇਰੇ ਉੱਤਰੀ ਅਫਗਾਨਿਸਤਾਨ ਦੇ ਬਲਖ ਸੂਬੇ ਦੇ ਦਵਲਾਤ ਜ਼ਿਲ੍ਹੇ ‘ਚ ਸੜਕ ‘ਤੇ ਹੋਏ ਆਈ ਈ ਡੀ ਬੰਬ ਧਮਾਕੇ ‘ਚ 9 ਲੋਕ ਮਾਰੇ ਗਏ ਹਨ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਕਸਰ ਤਾਲਿਬਾਨ ਕੱਟੜਪੰਥੀਆਂ ਵਲੋਂ ਸੁਰੱਖਿਆ ਬਲਾਂ ਨੂੰ ਸੜਕ ‘ਤੇ ਨਿਸ਼ਾਨਾ ਬਣਾਉਣ ਲਈ ਬਾਰੂਦੀ ਸੁਰੰਗਾਂ ਤੇ ਆਈ ਈ ਡੀ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸ ਵਾਰ ਆਮ ਨਾਗਰਿਕ ਅੱਤਵਾਦੀਆਂ ਦਾ ਨਿਸ਼ਾਨਾ ਬਣ ਗਏ ਹਨ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *