ਪਾਬੰਦੀਆਂ ਦੌਰਾਨ ਵਾਦੀ ‘ਚ ਅਮਨ-ਅਮਾਨ ਨਾਲ ਈਦ ਮਨਾਈ


ਕੁਝ ਥਾਵਾਂ ‘ਤੇ ਪਥਰਾਅ ਅਤੇ ਵਿਰੋਧ ਪ੍ਰਦਰਸ਼ਨ
ਡੋਵਾਲ ਵੱਲੋਂ ਕਸ਼ਮੀਰ ਵਾਦੀ ਦਾ ਹਵਾਈ ਸਰਵੇਖਣ
ਸ੍ਰੀਨਗਰ/ਭਾਰੀ ਸੁਰੱਖਿਆ ਪ੍ਰਬੰਧਾਂ ਅਤੇ ਪਾਬੰਦੀਆਂ ਵਿਚਕਾਰ ਜੰਮੂ ਕਸ਼ਮੀਰ ਦੇ ਲੋਕਾਂ ਨੇ ਇਸ ਵਾਰ ਈਦ ਮਨਾਈ। ਮੁਸਲਿਮ ਭਾਈਚਾਰੇ ਦੇ ਅਹਿਮ ਪਵਿੱਤਰ ਤਿਉਹਾਰ ਮੌਕੇ ਵਾਦੀ ‘ਚ ਸ਼ਾਂਤੀ ਕਾਇਮ ਰਹੀ ਪਰ ਜੋਸ਼ੋ-ਖਰੋਸ਼ ਗਾਇਬ ਰਿਹਾ। ਕੁਝ ਥਾਵਾਂ ‘ਤੇ ਪਥਰਾਅ ਅਤੇ ਵਿਰੋਧ ਪ੍ਰਦਰਸ਼ਨਾਂ ਦੀਆਂ ਘਟਨਾਵਾਂ ਹੋਈਆਂ ਪਰ ਉਨ੍ਹਾਂ ਨੂੰ ਪੁਲੀਸ ਨੇ ਤੁਰੰਤ ਖਿੰਡਾ ਦਿੱਤਾ। ਰਿਪੋਰਟਾਂ ਮੁਤਾਬਕ ਪੁਲੀਸ ਦੀ ਕਾਰਵਾਈ ‘ਚ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ। ਉਂਜ ਸਰਕਾਰ ਨੇ ਸੋਮਵਾਰ ਨੂੰ ਬਿਆਨ ਜਾਰੀ ਕਰਕੇ ਸੁਰੱਖਿਆ ਬਲਾਂ ਵੱਲੋਂ ਫਾਇਰਿੰਗ ਦੀਆਂ ਰਿਪੋਰਟਾਂ ਤੋਂ ਇਨਕਾਰ ਕੀਤਾ ਹੈ।
ਈਦ ਉੱਲ ਜ਼ੁਹਾ ਮੌਕੇ ਨਮਾਜ਼ ਅਦਾ ਕਰਨ ਵਾਸਤੇ ਪੁਲੀਸ ਨੇ ਲੋਕਾਂ ਦੀ ਆਵਾਜਾਈ ਯਕੀਨੀ ਬਣਾਉਣ ਦੇ ਇੰਤਜ਼ਾਮ ਕੀਤੇ ਸਨ। ਕੁਝ ਲੋਕ ਡਿਊਟੀ ‘ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੂੰ ਈਦ ਮੁਬਾਰਕ ਆਖਦੇ ਦੇਖੇ ਗਏ। ਨਮਾਜ਼ ਅਦਾ ਕਰਨ ਮਗਰੋਂ ਲੋਕਾਂ ਵੱਲੋਂ ਮਠਿਆਈਆਂ ਵੰਡਣ ਦੀ ਤਸਵੀਰ ਸਾਂਝੀ ਕਰਦਿਆਂ ਕੇਂਦਰੀ ਗ੍ਰਹਿ ਮੰਤਰਾਲੇ ਦੀ ਤਰਜਮਾਨ ਵਸੁਧਾ ਗੁਪਤਾ ਨੇ ਟਵੀਟ ਕੀਤਾ ਕਿ ਅਨੰਤਨਾਗ, ਬਾਰਾਮੂਲਾ, ਬੜਗਾਮ, ਬਾਂਦੀਪੋਰਾ ਦੀਆਂ ਸਾਰੀਆਂ ਮਸਜਿਦਾਂ ‘ਚ ਬਿਨਾਂ ਕਿਸੇ ਅਣਸੁਖਾਵੀਂ ਘਟਨਾ ਦੇ ਸ਼ਾਂਤੀਪੂਰਬਕ ਈਦ ਮਨਾਈ ਗਈ। ਬਾਂਦੀਪੋਰਾ, ਬਾਰਾਮੂਲਾ, ਕੁਪਵਾੜਾ, ਤ੍ਰੇਹਗਾਮ, ਸੋਪੋਰ, ਕੁਲਗਾਮ, ਸ਼ੋਪੀਆਂ, ਪੁਲਵਾਮਾ, ਅਵੰਤੀਪੋਰਾ, ਅਨੰਤਨਾਗ, ਗੰਦਰਬਲ ਅਤੇ ਬੜਗਾਮ ਦੀਆਂ ਮਸਜਿਦਾਂ ‘ਚ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ। ਜੰਮੂ ‘ਚ ਈਦਗਾਹ ਵਿਖੇ ਪੰਜ ਹਜ਼ਾਰ ਜਦਕਿ ਬਾਰਾਮੂਲਾ ਦੀ ਜਾਮਾ ਮਸਜਿਦ ‘ਚ 10 ਹਜ਼ਾਰ ਲੋਕਾਂ ਨੇ ਨਮਾਜ਼ ਪੜ੍ਹੀ।
ਨਾਜ਼ੁਕ ਇਲਾਕਿਆਂ ‘ਚ ਵੱਡੇ ਇਕੱਠਾਂ ‘ਤੇ ਪਾਬੰਦੀ ਲਾਏ ਜਾਣ ਮਗਰੋਂ ਸ੍ਰੀਨਗਰ ਦੀਆਂ ਸਥਾਨਕ ਮਸਜਿਦਾਂ ‘ਚ ਸੈਂਕੜੇ ਲੋਕਾਂ ਨੇ ਨਮਾਜ਼ ਅਦਾ ਕੀਤੀ। ਜ਼ਿਕਰਯੋਗ ਹੈ ਕਿ ਸੂਬਾ ਪ੍ਰਸ਼ਾਸਨ ਨੇ ਈਦ ਦਾ ਤਿਉਹਾਰ ਮਨਾਉਣ ਲਈ ਸ਼ਨਿਚਰਵਾਰ ਨੂੰ ਪਾਬੰਦੀਆਂ ਹਟਾ ਲਈਆਂ ਸਨ। ਐਤਵਾਰ ਨੂੰ ਕਰਫਿਊ ‘ਚ ਛੇ ਘੰਟਿਆਂ ਦੀ ਛੋਟ ਦੌਰਾਨ ਲੋਕ ਖ਼ਰੀਦੋ-ਫ਼ਰੋਖ਼ਤ ਲਈ ਦੁਕਾਨਾਂ ‘ਤੇ ਪਹੁੰਚ ਗਏ ਸਨ।
ਇਸੇ ਦੌਰਾਨ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੇ ਪਿਛਲੇ ਸਾਲਾਂ ਦੇ ਉਲਟ ਇਸ ਵਾਰ ਇਕੱਲਿਆਂ ਚੁੱਪ-ਚਾਪ ਈਦ-ਉਲ-ਜ਼ੁਹਾ ਦਾ ਤਿਉਹਾਰ ਮਨਾਇਆ। ਪਿਛਲੇ ਸਾਲਾਂ ਦੌਰਾਨ ਇਨ੍ਹਾਂ ਆਗੂਆਂ ਦੇ ਘਰਾਂ ਵਿੱਚ ਈਦ ਮੌਕੇ ਸਮਰਥਕਾਂ, ਦੋਸਤਾਂ-ਮਿੱਤਰਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਜਸ਼ਨ ਮਨਾਏ ਜਾਂਦੇ ਰਹੇ ਹਨ। ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ‘ਚ ਧਾਰਾ 370 ਰੱਦ ਕੀਤੇ ਜਾਣ ਅਤੇ ਸੂਬੇ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਵੰਡੇ ਜਾਣ ਮਗਰੋਂ ਇਹ ਤਿੰਨੋਂ ਆਗੂ ਪੁਲੀਸ ਹਿਰਾਸਤ ਵਿੱਚ ਹਨ। ਨੈਸ਼ਨਲ ਕਾਨਫਰੰਸ ਦੇ ਮੁਖੀ ਫ਼ਾਰੂਕ ਅਬਦੁੱਲਾ ਆਪਣੇ ਘਰ ਵਿੱਚ ਹੀ ਨਜ਼ਰਬੰਦ ਹਨ ਜਦਕਿ ਉਨ੍ਹਾਂ ਦੇ ਪੁੱਤਰ ਉਮਰ ਅਬਦੁੱਲਾ ਨੂੰ ਹਰੀ ਨਿਵਾਸ ਪੈਲੇਸ ਵਿੱਚ ਅਤੇ ਪੀਡੀਪੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੂੰ ਚਸ਼ਮਾਸ਼ਾਹੀ ਹੱਟ ਵਿੱਚ ਰੱਖਿਆ ਗਿਆ ਹੈ। ਅੱਜ ਈਦ ਮੌਕੇ ਇਨ੍ਹਾਂ ਤਿੰਨਾਂ ਆਗੂਆਂ ਦੇ ਗੁਪਕਾਰ ਰੋਡ ਸਥਿਤ ਘਰਾਂ ਵਿੱਚ ਸੁੰਨ ਪਸਰੀ ਹੋਈ ਸੀ ਅਤੇ ਘਰਾਂ ਦੇ ਬਾਹਰ ਕੇਵਲ ਸੁਰੱਖਿਆ ਵਾਹਨ ਖੜ੍ਹੇ ਸਨ। ਕਈ ਹੋਰ ਸਿਆਸੀ ਆਗੂਆਂ, ਜਿਨ੍ਹਾਂ ਨੂੰ 5 ਅਗਸਤ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਨੇ ਇੱਥੇ ਹੋਟਲ ਸੈਂਟੂਰ ਵਿੱਚ ਨਮਾਜ਼ ਅਦਾ ਕੀਤੀ। ਸਰਕਾਰ ਵਲੋਂ ਉਨ੍ਹਾਂ ਲਈ ਮੌਲਵੀ ਦਾ ਪ੍ਰਬੰਧ ਕੀਤਾ ਗਿਆ ਸੀ। ਇਸੇ ਦੌਰਾਨ ਕਸ਼ਮੀਰ ਦੇ ਆਈਜੀ ਐੱਸ਼ਪੀæ ਪਾਨੀ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਈਦ-ਉਲ-ਜ਼ੁਹਾ ਦੇ ਤਿਉਹਾਰ ਮੌਕੇ ਇੱਕਾ-ਦੁੱਕਾ ਹਿੰਸਕ ਘਟਨਾਵਾਂ ਨੂੰ ਛੱਡ ਕੇ ਅਮਨ-ਸ਼ਾਂਤੀ ਰਹੀ। ਉਨ੍ਹਾਂ ਕਿਹਾ ਕਿ ਵੱਖ-ਵੱਖ ਈਦਗਾਹਾਂ ਵਿੱਚ ਤਿਉਹਾਰ ਮੌਕੇ ਲੋਕ ਇਕੱਠੇ ਹੋਏ ਅਤੇ ਨਮਾਜ਼ ਅਦਾ ਕਰਨ ਮਗਰੋਂ ਸ਼ਾਂਤੀਪੁਰਵਕ ਆਪਣੇ ਘਰਾਂ ਨੂੰ ਚਲੇ ਗਏ। ਉਨ੍ਹਾਂ ਕਿਹਾ ਕਿ ਇੱਕਾ-ਦੁੱਕਾ ਹਿੰਸਕ ਘਟਨਾਵਾਂ ਵਿੱਚ ਕੁਝ ਲੋਕ ਜ਼ਖ਼ਮੀ ਜ਼ਰੂਰ ਹੋਏ ਹਨ ਪਰ ਵਾਦੀ ਵਿੱਚ ਗੋਲੀ ਚੱਲਣ ਦੀ ਕੋਈ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਕੁਝ ਜ਼ਖ਼ਮੀ ਹਸਪਤਾਲਾਂ ਵਿੱਚ ਦਾਖ਼ਲ ਹਨ ਪਰ ਉਨ੍ਹਾਂ ਦੀ ਹਾਲਤ ਸਥਿਰ ਹੈ।
ਇਸੇ ਦੌਰਾਨ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸੋਮਵਾਰ ਨੂੰ ਈਦ ਮੌਕੇ ਸ਼ਹਿਰ ਅਤੇ ਦੱਖਣੀ ਕਸ਼ਮੀਰ ਦੇ ਇਲਾਕਿਆਂ ਦਾ ਦੌਰਾ ਕਰਕੇ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਕਿਹਾ ਕਿ ਪੁਲੀਸ ਮੁਖੀ ਦਿਲਬਾਗ ਸਿੰਘ ਅਤੇ ਫ਼ੌਜ ਕਮਾਂਡਰਾਂ ਨੇ ਵੀ ਕਸ਼ਮੀਰ ਵਾਦੀ ਦੇ ਵੱਖ ਵੱਖ ਹਿੱਸਿਆਂ ਦਾ ਵੱਖਰੇ ਤੌਰ ‘ਤੇ ਹਵਾਈ ਸਰਵੇਖਣ ਕੀਤਾ। ਉਨ੍ਹਾਂ ਕਿਹਾ ਕਿ ਵਾਦੀ ‘ਚ ਹਾਲਾਤ ਬਿਲਕੁਲ ਠੀਕ-ਠਾਕ ਮਿਲੇ ਅਤੇ ਸ਼ਾਂਤੀ ਨਾਲ ਜੰਮੂ ਕਸ਼ਮੀਰ ‘ਚ ਈਦ ਦੀ ਨਮਾਜ਼ ਪੜ੍ਹੀ ਗਈ। ਈਦ ਮੌਕੇ ਸ੍ਰੀਨਗਰ ਅਤੇ ਵਾਦੀ ਦੇ ਹੋਰ ਹਿੱਸਿਆਂ ‘ਚ ਬੱਕਰਿਆਂ ਤੇ ਭੇਡਾਂ ਦੀ ਵੱਡੇ ਪੱਧਰ ‘ਤੇ ਵਿਕਰੀ ਹੋਈ ਅਤੇ ਸ਼ਹਿਰ ‘ਚ ਇਕੱਲੀਆਂ ਢਾਈ ਲੱਖ ਭੇਡਾਂ ਵਿਕੀਆਂ। ਅਧਿਕਾਰੀਆਂ ਨੇ ਕਿਹਾ ਕਿ ਜੰਮੂ ਦੇ ਪੰਜ ਜ਼ਿਲ੍ਹਿਆਂ ‘ਚੋਂ ਪਾਬੰਦੀਆਂ ਪੂਰੀ ਤਰ੍ਹਾਂ ਨਾਲ ਹਟਾ ਲਈਆਂ ਗਈਆਂ ਹਨ ਜਦਕਿ ਕਸ਼ਮੀਰ ਦੇ 9 ਜ਼ਿਲ੍ਹਿਆਂ ‘ਚ ਹਾਲਾਤ ਮੁਤਾਬਕ ਛੋਟਾਂ ਦਿੱਤੀਆਂ ਗਈਆਂ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *