ਕਾਂਗਰਸ ਨੂੰ ਸ਼ੁਰੂ ਤੋਂ ਹੀ ਰੜਕ ਰਿਹਾ ਹੈ ਮੇਰਾ ਪਦਮਸ੍ਰੀ: ਫੂਲਕਾ


ਕਿਹਾ ਕਿ ਮੁੱਖ ਮੰਤਰੀ ਬਾਦਲ ਤੇ ਸੈਣੀ ਨੂੰ ਜੇਲ੍ਹ ਭੇਜਣ ਤਾਂ ਮੈਂ ਐਵਾਰਡ ਵਾਪਸ ਕਰ ਦਿਆਂਗਾ
ਚੰਡੀਗੜ੍ਹ/ਪੰਜਾਬ ਵਿਧਾਨ ਸਭਾ ਤੋਂ ਅਸਤੀਫ਼ਾ ਦੇਣ ਵਾਲੇ ਪਦਮਸ੍ਰੀ ਸੀਨੀਅਰ ਵਕੀਲ ਐੱਚ ਐੱਸ਼ ਫੂਲਕਾ ਨੇ
ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਚਾਰ ਕਾਂਗਰਸੀ ਮੰਤਰੀਆਂ ਨੇ ਪਦਮਸ੍ਰੀ ਵਾਪਸ ਕਰਨ ਦੀ ਮੰਗ ਕੀਤੀ ਹੈ। ਸ੍ਰੀ ਫੂਲਕਾ ਨੇ ਕਿਹਾ ਕਿ ਇਹ ਪਦਮਸ੍ਰੀ ਉਨ੍ਹਾਂ ਨੂੰ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਸਬੰਧੀ ਕਾਂਗਰਸੀ ਆਗੂ ਸੱਜਣ ਕੁਮਾਰ ਵਰਗਿਆਂ ਨੂੰ ਜੇਲ੍ਹ ਵਿਚ ਭੇਜਣ ਦੇ ਇਵਜ਼ ਵਜੋਂ ਮਾਨਤਾ ਦੇਣ ਲਈ ਮਿਲਿਆ ਹੈ, ਜੋ ਸ਼ੁਰੂ ਤੋਂ ਹੀ ਕਾਂਗਰਸ ਨੂੰ ਰੜਕ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਭਲੀ-ਭਾਂਤ ਜਾਣੂ ਹੈ ਕਿ ਸੱਜਣ ਕੁਮਾਰ ਤੋਂ ਬਾਅਦ ਹੁਣ ਅਗਲਾ ਨੰਬਰ ਜਗਦੀਸ਼ ਟਾਈਟਲਰ ਅਤੇ ਕਮਲ ਨਾਥ ਦਾ ਹੈ। ਇਸ ਕਰਕੇ ਕਾਂਗਰਸੀ ਘਬਰਾ ਕੇ ਅਜਿਹੇ ਬਿਆਨ ਦੇ ਰਹੇ ਹਨ।
ਸਰਦਾਰ ਫੂਲਕਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਇਹ ਸ਼ਰਤ ਲਾ ਦੇਵੇ ਕਿ ਬੇਅਦਬੀ ਕੇਸਾਂ ਸਬੰਧੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਦੇ ਸਾਬਕਾ ਪੁਲੀਸ ਮੁਖੀ ਸੁਮੇਧ ਸਿੰਘ ਸੈਣੀ ਨੂੰ ਜੇਲ੍ਹ ਭੇਜਣ ਬਦਲੇ ਉਨ੍ਹਾਂ (ਫੂਲਕਾ) ਨੂੰ ਆਪਣਾ ਪਦਮਸ੍ਰੀ ਪੁਰਸਕਾਰ ਵਾਪਸ ਕਰਨਾ ਪਵੇਗਾ ਤਾਂ ਉਹ (ਫੂਲਕਾ) ਇਸ ਲਈ ਵੀ ਤਿਆਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਦੋਂ ਵੀ ਬਾਦਲ ਅਤੇ ਸੈਣੀ ਨੂੰ ਜੇਲ੍ਹ ਭੇਜੇਗੀ, ਉਹ ਉਸ ਤੋਂ ਅਗਲੇ ਦਿਨ ਹੀ ਆਪਣਾ ਪਦਮਸ੍ਰੀ ਵਾਪਸ ਕਰ ਦੇਣਗੇ। ਸ੍ਰੀ ਫੂਲਕਾ ਨੇ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਪੰਜਾਬ ਸਰਕਾਰ ਨੂੰ ਉਨ੍ਹਾਂ ਦੇ ਇਸ ਵਾਅਦੇ ‘ਤੇ ਯਕੀਨ ਨਹੀਂ ਹੈ ਤਾਂ ਉਹ ਅਗਾਊਂ ਆਪਣਾ ਪਦਮਸ੍ਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣ ਲਈ ਵੀ ਤਿਆਰ ਹਨ।
ਦੱਸਣਯੋਗ ਹੈ ਕਿ ਪੰਜਾਬ ਦੇ ਚਾਰ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਸ੍ਰੀ ਫੂਲਕਾ ਉਪਰ ਦੋਸ਼ ਲਾਇਆ ਸੀ ਕਿ ਉਹ ਸਿਆਸੀ ਡਰਾਮੇਬਾਜ਼ੀ ਕਰ ਰਹੇ ਹਨ ਅਤੇ ਜੇਕਰ ਉਹ ਬੇਅਦਬੀ ਮੁੱਦੇ ਉਪਰ ਸੁਹਿਰਦ ਹਨ ਤਾਂ ਮੋਦੀ ਸਰਕਾਰ ਨੂੰ ਆਪਣਾ ਪ੍ਰਦਮਸ੍ਰੀ ਵਾਪਸ ਕਰ ਦੇਣ ਕਿਉਂਕਿ ਇਸੇ ਸਰਕਾਰ ਨੇ ਹੀ ਸੀਬੀਆਈ ਉਪਰ ਬੇਅਦਬੀ ਕੇਸ ਵਿਚ ਕਲੋਜ਼ਰ ਰਿਪੋਰਟ ਅਦਾਲਤ ਵਿਚ ਪੇਸ਼ ਕਰਨ ਲਈ ਦਬਾਅ ਪਾਇਆ ਸੀ। ਸ੍ਰੀ ਫੂਲਕਾ ਨੇ ਕਿਹਾ ਕਿ ਉਨ੍ਹਾਂ ਦੀ ਇਨ੍ਹਾਂ ਚਾਰ ਮੰਤਰੀਆਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ ਬਲਕਿ ਇਹ ਸਾਰੇ ਮੰਤਰੀ ਉਨ੍ਹਾਂ ਦੇ ਚੰਗੇ ਦੋਸਤ ਹਨ। ਉਹ ਤਾਂ ਇਨ੍ਹਾਂ ਹੀ ਮੰਤਰੀਆਂ ਵੱਲੋਂ ਵਿਧਾਨ ਸਭਾ ਵਿਚ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਜਦੋ-ਜਹਿਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂ ਤਾਂ ਇਹ ਮੰਤਰੀ ਮੰਨਣ ਕਿ ਉੁਨ੍ਹਾਂ ਵਲੋਂ ਵਿਧਾਨ ਸਭਾ ਵਿਚ ਬਾਦਲ ਤੇ ਸੈਣੀ ਨੂੰ ਇਸ ਕਾਂਡ ਲਈ ਜ਼ਿੰਮੇਵਾਰ ਠਹਿਰਾ ਕੇ ਜੇਲ੍ਹ ਭੇਜਣ ਦੇ ਦਿੱਤੇ ਬਿਆਨ ਝੂਠੇ ਸਨ ਅਤੇ ਉਨ੍ਹਾਂ ਨੇ ਪੰਜਾਬੀਆਂ ਨੂੰ ਗੁੰਮਰਾਹ ਕੀਤਾ ਸੀ। ਜੇਕਰ ਇਹ ਮੰਤਰੀ ਮੰਨਦੇ ਹਨ ਕਿ ਬਾਦਲ ਤੇ ਸੈਣੀ ਬੇਅਦਬੀ ਕਾਂਡ ਲਈ ਜ਼ਿੰਮੇਵਾਰ ਹਨ ਤਾਂ ਫਿਰ ਉਹ ਉਨ੍ਹਾਂ ਦਾ ਵਿਰੋਧ ਕਰਨ ਦੀ ਥਾਂ ਸਾਥ ਦੇ ਕੇ ਦੋਵਾਂ ਨੂੰ ਸਜ਼ਾ ਦਿਵਾਉਣ ਲਈ ਅੱਗੇ ਆਉਣ। ਸ੍ਰੀ ਫੂਲਕਾ ਨੇ ਦਾਅਵਾ ਕੀਤਾ ਕਿ ਬਾਦਲ ਤੇ ਸੈਣੀ ਨੂੰ ਜੇਲ੍ਹ ਭੇਜਣ ਵਿੱਚ ਸੀਬੀਆਈ ਦੀ ਕਲੋਜ਼ਰ ਰਿਪੋਰਟ ਕਿਸੇ ਤਰ੍ਹਾਂ ਵੀ ਅੜਿੱਕਾ ਨਹੀਂ ਬਣਦੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਦੋਵੇਂ ਤਾਂ ਹੁਣ ਤੱਕ ਕੈਪਟਨ ਦੀ ਮਿਲੀਭੁਗਤ ਕਾਰਨ ਹੀ ਬਚੇ ਹੋਏ ਹਨ ਕਿਉਂਕਿ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਖ਼ੁਲਾਸੇ ਹੋਏ ਹਨ ਕਿ ਘਟਨਾ ਵਾਲੀ ਸਾਰੀ ਰਾਤ ਤਤਕਾਲੀ ਡੀਜੀਪੀ ਅਤੇ ਤਤਕਾਲੀ ਮੁੱਖ ਮੰਤਰੀ ਦੀ ਪੁਲੀਸ ਨਾਲ ਸਿੱਧੀ ਗੱਲਬਾਤ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਬਿਨਾਂ ਕਿਸੇ ਸਰਕਾਰੀ ਹੁਕਮ ਤੋ ਜਿਵੇਂ ਦੋ ਨੌਜਵਾਨਾਂ ਨੂੰ ਮਾਰਿਆ ਗਿਆ, ਉਹ ਕਾਨੂੰਨ ਦੀਆਂ ਨਜ਼ਰਾਂ ਵਿਚ ਕਤਲ ਹਨ। ਉਨ੍ਹਾਂ ਦੋਸ਼ ਲਾਇਆ ਕਿ ਜੇਕਰ ਡੀਜੀਪੀ ਅਤੇ ਮੁੱਖ ਮੰਤਰੀ ਸਿੱਧੇ ਤੌਰ ‘ਤੇ ਇਸ ਕੇਸ ਵਿਚ ਸ਼ਾਮਲ ਨਾ ਹੁੰਦੇ ਤਾਂ ਉਨ੍ਹਾਂ ਨੇ ਉਸੇ ਸਮੇਂ ਦੋਸ਼ੀ ਪੁਲੀਸ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨੀ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *