ਪਾਕਿ ਨੇ ਭਾਰਤ ਨਾਲ ਰਸਮੀ ਤੌਰ ‘ਤੇ ਵਪਾਰਕ ਸਬੰਧ ਖ਼ਤਮ ਕੀਤੇ


ਅੰਮ੍ਰਿਤਸਰ/ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਹੋਣ ਤੋਂ ਬਾਅਦ ਬੌਖਲਾਏ ਪਾਕਿਸਤਾਨ ਨੇ ਦੋਵਾਂ ਮੁਲਕਾਂ ਵਿਚਾਲੇ ਰੇਲ ਤੇ ਬੱਸ ਸੇਵਾਵਾਂ ਰੱਦ ਕਰਨ ਤੋਂ ਬਾਅਦ ਹੁਣ ਭਾਰਤ ਨਾਲ ਵਪਾਰਕ ਸਬੰਧਾਂ ਨੂੰ ਰਸਮੀ ਤੌਰ ‘ਤੇ ਖ਼ਤਮ ਕਰਨ ਦਾ ਐਲਾਨ ਕੀਤਾ ਹੈ | ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਬੈਠਕ ‘ਚ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਅਤੇ ਸੰਸਦ ਦੇ ਸਾਂਝੇ ਇਜਲਾਸ ‘ਚ ਲਏ ਗਏ ਫ਼ੈਸਲਿਆਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ | ਇਨ੍ਹਾਂ ਫ਼ੈਸਲਿਆਂ ‘ਚ ਭਾਰਤ ਨਾਲ ਵਪਾਰਕ ਸਬੰਧਾਂ ਦੀ ਸਮਾਪਤੀ ਵੀ ਸ਼ਾਮਿਲ ਹੈ, ਜਿਸ ਦੇ ਚਲਦਿਆਂ ਪਾਕਿਸਤਾਨ ਵਲੋਂ ਭਾਰਤ ਨਾਲ ਦਰਾਮਦ ਤੇ ਬਰਾਮਦ ਬਿਲਕੁਲ ਬੰਦ ਕਰ ਦਿੱਤੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਦੋਵਾਂ ਮੁਲਕਾਂ  ਦੇ ਵਪਾਰਕ ਸਬੰਧਾਂ ‘ਚ ਪੁਲਵਾਮਾ ਹਮਲੇ ਦੇ ਬਾਅਦ ਤੋਂ ਹੀ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਸੀ | ਪੁਲਵਾਮਾ ‘ਚ ਅੱਤਵਾਦੀ ਹਮਲੇ ਅਤੇ ਪਾਕਿ ਨੂੰ ਸਾਲ 1998 ‘ਚ ਦਿੱਤਾ ਸਭ ਤੋਂ ਤਰਜੀਹੀ ਦੇਸ਼ ਦਾ ਦਰਜਾ ਖ਼ਤਮ ਕਰਨ ਬਾਅਦ ਭਾਰਤ ਸਰਕਾਰ ਵਲੋਂ ਪਾਕਿ ਤੋਂ ਦਰਾਮਦ ਕੀਤੇ ਜਾਣ ਵਾਲੇ ਸਾਮਾਨ ‘ਤੇ 200 ਫ਼ੀਸਦੀ ਕਸਟਮ ਡਿਊਟੀ ਲਗਾਏ ਜਾਣ ਉਪਰੰਤ ਆਈ ਸੀ ਪੀ ਅਟਾਰੀ ਰਾਹੀਂ ਹੁੰਦਾ ਵਪਾਰ ਲਗਪਗ ਪਹਿਲਾਂ ਹੀ ਠੱਪ ਪਿਆ ਹੋਇਆ ਹੈ | ਅਜਿਹੇ ਕਾਰਨਾਂ ਦੇ ਚਲਦਿਆਂ ਪਾਕਿਸਤਾਨ ਤੋਂ ਭਾਰਤ ਦੀ ਦਰਾਮਦ ਇਸ ਵਰ੍ਹੇ ਮਾਰਚ ‘ਚ 92 ਫ਼ੀਸਦੀ ਘੱਟ ਕੇ 28.40 ਲੱਖ ਡਾਲਰ ਰਹਿ ਗਈ ਸੀ |
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਲੋਂ ਭਾਰਤ ਨਾਲ ਰਸਮੀ ਤੌਰ ‘ਤੇ ਵਪਾਰ ਬੰਦ ਕਰਨ ਦੇ ਕੀਤੇ ਐਲਾਨ ਨਾਲ ਭਾਰਤ ਤੋਂ ਜ਼ਿਆਦਾ ਪਾਕਿਸਤਾਨੀ ਵਪਾਰੀਆਂ ਨੂੰ ਨੁਕਸਾਨ ਪਹੁੰਚੇਗਾ | ਆਈ ਸੀ ਪੀ ਰਾਹੀਂ ਪਾਕਿਸਤਾਨ ਨਾਲ ਵਪਾਰ ਕਰਨ ਵਾਲੇ ਭਾਰਤੀ ਵਪਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ‘ਚ ਕਾਰੋਬਾਰ ਨੂੰ ਲੈ ਕੇ ਦਰਾਮਦ-ਬਰਾਮਦ ਸਬੰਧੀ ਹੋਏ ਸਮਝੌਤੇ ਦੇ ਚਲਦਿਆਂ 124 ਵਸਤੂਆਂ ਦਾ ਕਾਰੋਬਾਰ ਕਰਨ ਦੀ ਮਨਜ਼ੂਰੀ ਦੋਵੇਂ ਪਾਸੇ ਦੇ ਵਪਾਰੀਆਂ ਨੂੰ ਦਿੱਤੀ ਗਈ ਸੀ, ਜਦਕਿ ਪਿਛਲੇ ਲੰਬੇ ਸਮੇਂ ਤੋਂ ਭਾਰਤ-ਪਾਕਿ ਵਿਚਾਲੇ ਸਿਰਫ਼ 20-22 ਵਸਤੂਆਂ ਦੀ ਹੀ ਦਰਾਮਦ-ਬਰਾਮਦ ਹੋ ਰਹੀ ਹੈ | ਸਾਲ 2019 ਦੇ ਜੁਲਾਈ ਮਹੀਨੇ ਤੱਕ ਜਿੱਥੇ ਭਾਰਤ ਵਲੋਂ ਇਕੱਲੇ ਸੂਤੀ ਧਾਗੇ, ਮੱਝ ਦਾ ਮਾਸ ਤੇ ਕੁਝ ਇਕ ਹੋਰ ਵਸਤਾਂ ਦੇ ਟਰੱਕ ਬਹੁਤ ਹੀ ਘੱਟ ਗਿਣਤੀ ‘ਚ ਪਾਕਿਸਤਾਨ ਭੇਜੇ ਜਾ ਸਕੇ, ਉੱਥੇ ਹੀ ਪਾਕਿਸਤਾਨੀ ਵਪਾਰੀਆਂ ਵਲੋਂ ਜਿਪਸਮ, ਸੀਮੈਂਟ, ਡਰਾਈ ਫਰੂਟ, ਸੁੱਕੀ ਖ਼ਜੂਰ, ਤਾਜ਼ਾ ਫਲ, ਪਲਾਸਟਿਕ ਦਾਨਾ, ਸ਼ੀਸ਼ਾ, ਸੋਢਾ, ਕੱਚਾ ਐਲੂਮੀਨੀਅਮ, ਚੂਨਾ, ਅਨਾਰਦਾਣਾ, ਗੂਗਲ, ਅਜ਼ਵਾਇਣ, ਮੁਲੱਠੀ, ਪਨੀਰ ਦੋਧੀ, ਰਤਨ ਜੋਤ, ਉੱਨ, ਰਾਕ ਸਾਲਟ, ਰਬੜ ਦੀਆਂ ਪੁਰਾਣੀਆਂ ਟਿਊਬਾਂ ਤੇ ਟਾਇਰ, ਚਮੜਾ, ਪਿਆਜ਼ ਤੇ ਕੁਝ ਹੋਰ ਸਾਮਾਨ ਦੇ ਕੁੱਲ 34009 ਟਰੱਕ ਆਈ ਸੀ ਪੀ ਰਾਹੀਂ ਭਾਰਤ ਭੇਜੇ ਗਏ | ਇਹ ਵੀ ਜ਼ਿਕਰਯੋਗ ਹੈ ਕਿ ਵਪਾਰ ਦੇ ਮਾਮਲੇ ‘ਚ ਪਾਕਿਸਤਾਨ ਵਲੋਂ ਭਾਰਤ ਨੂੰ ‘ਸਭ ਤੋਂ ਤਰਜੀਹ ਦੇਸ਼’ (ਐਮ ਐਫ਼ਐਮ ) ਦਾ ਦਰਜਾ ਨਾ ਦਿੱਤੇ ਜਾਣ ਕਰਕੇ ਅਤੇ ਪਾਕਿ ਵਲੋਂ ਲਾਗੂ ਕੀਤੇ ਪਲਾਂਟ ਕੁਆਰੰਟੀਨ ਐਕਟ ਦੇ ਆਧਾਰ ‘ਤੇ ਪੇਰਿਸ਼ੇਬਲ ਵਸਤੂਆਂ ਦੀ ਦਰਾਮਦ ਦਾ ਪਰਮਿਟ ਦੇਣ ‘ਤੇ ਲਗਾਈ ਪਾਬੰਦੀ ਦਾ ਸੰਤਾਪ ਸਿੱਧੇ ਤੌਰ ‘ਤੇ ਭਾਰਤੀ ਕਿਸਾਨਾਂ ਤੇ ਵਪਾਰੀਆਂ ਨੂੰ ਝੱਲਣਾ ਪੈ ਰਿਹਾ ਸੀ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *