ਪਾਕਿ ‘ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਗਿਰਫ਼ਤਾਰ

 

ਅੰਮ੍ਰਿਤਸਰ/ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ 180ਵੀਂ ਬਰਸੀ ਮੌਕੇ 27 ਜੂਨ ਨੂੰ ਲਾਹੌਰ ਸ਼ਹਿਰ ਦੇ ਸ਼ਾਹੀ ਕਿਲ੍ਹੇ ‘ਚ ਸਥਾਪਤ ਕੀਤੇ ਗਏ ਮਹਾਰਾਜਾ ਰਣਜੀਤ ਸਿੰਘ ਦੇ ਆਦਮ-ਕੱਦ ਬੁੱਤ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਲਾਹੌਰ ਪੁਲਿਸ ਵਲੋਂ ਉਕਤ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ‘ਚ ਮੌਲਾਨਾ ਖ਼ਈਮ ਰਿਜ਼ਵੀ ਦੇ ਕੱਟੜਪੰਥੀ ਸੰਗਠਨ ਪਾਕਿਸਤਾਨ ਤਹਿਰੀਕ ਲੱਬੈਕ ਨਾਲ ਸਬੰਧਿਤ ਅਦਨਾਨ ਮੁਗ਼ਲ ਅਤੇ ਅਸਦ ਅਹਿਮਦ ਨੂੰ ਗਿਰਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਸਵੀਕਾਰ ਕੀਤਾ ਹੈ ਕਿ ਭਾਰਤ ਵਲੋਂ ਕਸ਼ਮੀਰ ‘ਚ ਧਾਰਾ 370 ਅਤੇ  35-ਏ ਨੂੰ ਖ਼ਤਮ ਕਰਨ ਦੇ ਰੋਸ ਵਜੋਂ ਉਨ੍ਹਾਂ ਮਹਾਰਾਜਾ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਹੈ | ਪਾਕਿਸਤਾਨੀ ਮੀਡੀਆ ਵਲੋਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਈਸ਼ਨਿੰਦਾ (ਕੁਫ਼ਰ ਕਾਨੂੰਨ) ਅਧੀਨ ਮਾਮਲਾ ਦਰਜ ਕੀਤਾ ਹੈ, ਜਿਸ ਤਹਿਤ ਦੋਸ਼ੀਆਂ ਨੂੰ ਉਮਰ ਕੈਦ ਜਾਂ ਫਾਂਸੀ ਤੱਕ ਦੀ ਸਜ਼ਾ ਹੋ ਸਕਦੀ ਹੈ | ਇਸ ਦੌਰਾਨ ਲਾਹੌਰ ਕਿਲ੍ਹੇ ਦਾ ਪ੍ਰਬੰਧ ਵੇਖਣ ਵਾਲੀ ‘ਵਾਲਡ ਸਿਟੀ ਆਫ਼ ਲਾਹੌਰ ਅਥਾਰਟੀ’ ਦੀ ਸਪੋਕਸਪਰਸਨ ਤਾਨੀਆ ਕੁਰੈਸ਼ੀ ਨੇ ਇਸ ਘਟਨਾ ‘ਤੇ ਹੈਰਾਨੀ ਪ੍ਰਗਟ ਕਰਦਿਆਂ ਈਦ ਦੀਆਂ ਛੁੱਟੀਆਂ ਬਾਅਦ ਬੁੱਤ ਦੀ ਮੁਰਮੰਤ ਕਰਵਾਉਣ ਦਾ ਭਰੋਸਾ ਦਿੱਤਾ ਹੈ | ਸੂਤਰਾਂ ਮੁਤਾਬਿਕ ਬੁੱਤ ਵਾਲਾ ਹਿੱਸਾ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ ਅਤੇ ਬੁੱਤ ਦੀ ਮੁਰੰਮਤ ਦੇ ਬਾਅਦ ਹੀ ਸੈਲਾਨੀਆਂ ਨੂੰ ਇਸ ਪਾਸੇ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ |
ਉਧਰ ਸਥਿਤੀ ਦਾ ਜਾਇਜ਼ਾ ਲੈਣ ਲਈ ਕਿਲ੍ਹੇ ‘ਚ ਪਹੁੰਚੇ ਲਹਿੰਦੇ ਪੰਜਾਬ ਦੇ ਸਾਹਿਤਕਾਰ ਮੁਨੀਰ ਹੁਸ਼ਿਆਰਪੁਰੀਆ ਨੇ ਮੀਡੀਆ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਾਅਵਾ ਕੀਤਾ ਕਿ ਲਾਹੌਰ ਸ਼ਾਹੀ ਕਿਲ੍ਹੇ ਵਿਚਲੀ ਮਾਈ ਜਿੰਦਾਂ ਹਵੇਲੀ, ਜੋ ਸਿੱਖ ਗੈਲਰੀ ‘ਚ ਤਬਦੀਲ ਕਰ ਦਿੱਤੀ ਗਈ ਹੈ, ‘ਚ ਵਾਲਡ ਸਿਟੀ ਆਫ਼ ਲਾਹੌਰ ਅਥਾਰਟੀ (ਪੰਜਾਬ ਸਰਕਾਰ) ਵਲੋਂ ਸਿੱਖ ਹੈਰੀਟੇਜ ਫਾਊਾਡੇਸ਼ਨ ਯੂæ ਕੇæ ਦੇ ਸਹਿਯੋਗ ਨਾਲ ਸਥਾਪਤ ਕੀਤਾ ਗਿਆ ਉਕਤ ਬੁੱਤ ਬਿਲਕੁਲ ਠੀਕ ਹਾਲਤ ‘ਚ ਹੈ ਅਤੇ ਇਸ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ | ਉਕਤ ਬੁੱਤ ਦੀ ਰੋਜ਼ਾਨਾ ਸਾਫ਼-ਸਫ਼ਾਈ ਕਰਨ ਵਾਲੇ ਕਰਮਚਾਰੀਆਂ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ ਕਿ ਫਾਈਬਰ ਗਲਾਸ ਅਤੇ ਕਾਂਸੇ ਦੇ ਬਣੇ ਉਕਤ ਬੁੱਤ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਬਰਸਾਤ ਦੇ ਮੌਸਮ ਦੇ ਚਲਦਿਆਂ ਬੁੱਤ ਦਾ ਅਸਲ ਰੰਗ ਜ਼ਰੂਰ ਖ਼ਰਾਬ ਹੋ ਰਿਹਾ ਹੈ, ਜਿਸ ਦੇ ਲਈ ਬੁੱਤ ਦੀ ਰੋਜ਼ਾਨਾ ਸਫ਼ਾਈ ਕੀਤੇ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ | ਜ਼ਿਕਰਯੋਗ ਹੈ ਕਿ ਇਸ ਬੁੱਤ ਨੂੰ ਸਿੱਖ ਗੈਲਰੀ ‘ਚ ਸਥਾਪਤ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿੱਖ ਹੈਰੀਟੇਜ ਫਾਊਾਡੇਸ਼ਨ ਯੂæ ਕੇæ ਦੇ ਡਾਇਰੈਕਟਰ ਸ: ਬੌਬੀ ਸਿੰਘ ਬਾਂਸਲ ਵਲੋਂ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ੂਦੀਨ ਦੇ ਵਾਰਸ ਅਤੇ ਲਾਹੌਰ ਦੇ ਭਾਟੀ ਦਰਵਾਜ਼ਾ ਦੇ ਅੰਦਰ ਮੌਜੂਦ ਫਕੀਰਖ਼ਾਨਾ ਮਿਊਜ਼ੀਅਮ ਦੇ ਡਾਇਰੈਕਟਰ ਫਕੀਰ ਸੈਫੂਦੀਨ ਪਾਸੋਂ ਇਹ ਬੁੱਤ ਤਿਆਰ ਕਰਵਾ ਕੇ ਸ਼ਾਹੀ ਕਿਲ੍ਹੇ ਦੇ ਪ੍ਰਬੰਧਕਾਂ ਨੂੰ ਤੋਹਫ਼ੇ ‘ਚ ਦਿੱਤਾ ਗਿਆ ਹੈ | ਲਗਪਗ 9 ਫੁੱਟ ਉੱਚਾ ਇਹ ਬੁੱਤ ਦੋ ਫੁੱਟ ਉੱਚੇ ਥੜ੍ਹੇ ‘ਤੇ ਸਥਾਪਤ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਤੋੜ-ਭੰਨ ਕਰਨ ਦੀ ਖ਼ਬਰ ਪ੍ਰਮੁਖਤਾ ਨਾਲ ਪ੍ਰਕਾਸ਼ਿਤ ਕਰਨ ਵਾਲੇ ਪਾਕਿਸਤਾਨੀ ਉਰਦੂ ਤੇ ਅੰਗਰੇਜ਼ੀ ਅਖ਼ਬਾਰ ਵਲੋਂ ਹੀ ਪਿਛਲੇ ਦਿਨੀਂ ਜ਼ਿਲ੍ਹਾ ਨਾਰੋਵਾਲ ਦੇ ਪਿੰਡ ਬਾਠਾਂਵਾਲਾ ‘ਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਧਾਰਮਿਕ ਯਾਦਗਾਰ ਨੂੰ ਢਾਹੇ ਜਾਣ ਦਾ ਮਾਮਲਾ ਜਨਤਕ ਕੀਤਾ ਗਿਆ ਸੀ, ਜਦਕਿ ਬਾਅਦ ‘ਚ ‘ਅਜੀਤ’ ਵਲੋਂ ਇਸ ਮਾਮਲੇ ‘ਚ ਨਿਭਾਈ ਗਈ ਅਹਿਮ ਭੂਮਿਕਾ ਦੇ ਚਲਦਿਆਂ ਇਹ ਸਾਫ਼ ਹੋਇਆ ਸੀ ਕਿ ਉਕਤ ਯਾਦਗਾਰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਨਹੀਂ ਸਗੋਂ ਭਿੰਡਰ ਪਰਿਵਾਰ ਦੀ ਨਿੱਜੀ ਜਗੀਰ ਸੀ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *