ਪਾਕਿ ਵਲੋਂ ਸਮਝੌਤਾ ਐਕਸਪ੍ਰੈੱਸ ਬੰਦ

ਭਾਰਤ ਵਲੋਂ ਕਸ਼ਮੀਰ ‘ਚੋਂ ਧਾਰਾ 370 ਤੇ 35ਏ ਖ਼ਤਮ ਕੀਤੇ ਜਾਣ ਦੇ ਵਿਰੋਧ ‘ਚ ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ਼ ਰਾਸ਼ਿਦ ਅਹਿਮਦ ਨੇ ਐਲਾਨ ਕੀਤਾ ਕਿ ਪਾਕਿ ਰੇਲਵੇ ਮੰਤਰਾਲੇ ਵਲੋਂ ਭਾਰਤ-ਪਾਕਿ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਨੂੰ ਹਮੇਸ਼ਾ-ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਹੈ | ਇਸੇ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਕਰਤਾਰਪੁਰ ਲਾਂਘੇ ਦਾ ਕੰਮ ਜਾਰੀ ਰਹੇਗਾ | ਰਾਸ਼ਿਦ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦ ਤੱਕ ਮੈਂ ਰੇਲਵੇ ਮੰਤਰੀ ਹਾਂ, ਸਮਝੌਤਾ ਐਕਸਪ੍ਰੈੱਸ ਨਹੀਂ ਚੱਲੇਗੀ | ਉਨ੍ਹਾਂ ਉਕਤ ਐਲਾਨ ਕਰਦਿਆਂ ਕਿਹਾ ਕਿ ਜਿਨ੍ਹਾਂ ਯਾਤਰੂਆਂ ਨੇ ਇਸ ਗੱਡੀ ਦੀ ਟਿਕਟ ਲਈ ਹੈ, ਉਹ ਲਾਹੌਰ ਦੇ ਡੀ.ਐਸ਼ ਦਫ਼ਤਰ ਤੋਂ ਆਪਣਾ ਕੀਤਾ ਭੁਗਤਾਨ ਵਾਪਸ ਲੈ ਸਕਦੇ ਹਨ | ਰੇਲਵੇ ਮੰਤਰੀ ਨੇ ਧਾਰਾ 370 ਖ਼ਤਮ ਕੀਤੇ ਜਾਣ ਨੂੰ ਭਾਰਤ ਦੀ ਸੋਚੀ ਸਮਝੀ ਸਾਜਿਸ਼ ਦੱਸਦਿਆਂ ਦਾਅਵਾ ਕੀਤਾ ਕਿ ਇਸ ਸਾਲ ਦੇ ਅੰਦਰ ਭਾਰਤ-ਪਾਕਿ ‘ਚ ਜੰਗ ਜ਼ਰੂਰ ਹੋਵੇਗੀ ਅਤੇ ਇਹ ਦੋਵਾਂ ਮੁਲਕਾਂ ਵਿਚਾਲੇ ਹੋਣ ਵਾਲੀ ਆਖ਼ਰੀ ਜੰਗ ਹੋਵੇਗੀ | ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਪਾਕਿ ਜੰਗ ਦਾ ਹਮਾਇਤੀ ਨਹੀਂ ਹੈ ਪਰ ਭਾਰਤ ਵਲੋਂ ਥੋਪਣ ‘ਤੇ ਅਸੀਂ ਪਿੱਛੇ ਵੀ ਨਹੀਂ ਹਟਾਂਗੇ | ਪ੍ਰਾਪਤ ਜਾਣਕਾਰੀ ਅਨੁਸਾਰ ਸਮਝੌਤਾ ਐਕਸਪ੍ਰੈੱਸ ਅੱਜ ਪਾਕਿਸਤਾਨ ਤੋਂ ਪਰਤਣ ਵਾਲੀ ਸੀ ਪਰ ਪਾਕਿ ਨੇ ਇਸ ਨੂੰ ਵਾਹਗਾ ਸਟੇਸ਼ਨ ‘ਤੇ ਹੀ ਰੋਕ ਦਿੱਤਾ | ਪਾਕਿ ਨੇ ਆਪਣੇ ਗਾਰਡ ਅਤੇ ਡਰਾਈਵਰ ਨੂੰ ਭਾਰਤੀ ਸਰਹੱਦ ‘ਚ ਭੇਜਣ ਤੋਂ ਇਨਕਾਰ ਕਰਦਿਆਂ ਭਾਰਤ ਨੂੰ ਆਪਣਾ ਡਰਾਈਵਰ ਅਤੇ ਗਾਰਡ ਭੇਜਣ ਲਈ ਕਿਹਾ | ਇਸ ਦੇ ਕਾਰਨ ਬਹੁਤ ਸਾਰੇ ਯਾਤਰੂ ਵਾਹਗਾ ਸਰਹੱਦ ‘ਤੇ ਕਾਫੀ ਸਮੇਂ ਤੱਕ ਫ਼ਸੇ ਰਹੇ, ਜਿਸ ਦੇ ਬਾਅਦ ਭਾਰਤ ਨੂੰ ਰੇਲ ਗੱਡੀ ਨੂੰ ਵਾਹਗਾ ਸਟੇਸ਼ਨ ਤੋਂ ਲਿਆਉਣ ਲਈ ਆਪਣਾ ਡਰਾਈਵਰ ਅਤੇ ਇੰਜਣ ਭੇਜਣਾ ਪਿਆ | ਇਸ ਤੋਂ ਇਲਾਵਾ ਪਾਕਿਸਤਾਨ ਨੇ ਭਾਰਤੀ ਫ਼ਿਲਮਾਂ ‘ਤੇ ਵੀ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾਏ ਜਾਣ ਦਾ ਐਲਾਨ ਕੀਤਾ ਹੈ | ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸੂਚਨਾ ਤੇ ਪ੍ਰਸਾਰਣ ਮਾਮਲੇ ਦੇ ਵਿਸ਼ੇਸ਼ ਸਲਾਹਕਾਰ ਬੀਬੀ ਡਾ: ਫਿਰਦੌਸ ਆਸ਼ਿਕ ਅਵਾਣ ਨੇ ਕਿਹਾ ਕਿ ਕੋਈ ਵੀ ਭਾਰਤੀ ਫ਼ਿਲਮ ਪਾਕਿਸਤਾਨੀ ਸਿਨੇਮਾ ਘਰਾਂ ‘ਚ ਪ੍ਰਦਰਸ਼ਿਤ ਨਹੀਂ ਕੀਤੀ ਜਾਏਗੀ | ਇਸ ਦੇ ਇਲਾਵਾ ਟੈਲੀਵਿਜ਼ਨ ‘ਤੇ ਵਿਖਾਏ ਜਾਣ ਵਾਲੇ ਭਾਰਤੀ ਨਾਟਕਾਂ ‘ਤੇ ਵੀ ਪਾਬੰਦੀ ਲਗਾਈ ਗਈ ਹੈ | ਪਾਕਿ ਵਲੋਂ ਭਾਰਤ ਨਾਲ ਕੂਟਨੀਤਕ ਸਬੰਧਾਂ ‘ਚ ਕਮੀ ਲਿਆਉਣ ਤੇ ਭਾਰਤ ਨਾਲ ਸਾਰੇ ਦੁਵੱਲੇ ਵਪਾਰ ਮੁਅੱਤਲ ਕਰਨ ਦੇ ਕੀਤੇ ਐਲਾਨ ਬਾਅਦ ਅੱਜ ਇੰਟੈਗ੍ਰੇਟਿਡ ਚੈੱਕ ਪੋਸਟ (ਆਈ.ਸੀ.ਪੀ.) ਅਟਾਰੀ ਰਾਹੀਂ ਅਫ਼ਗ਼ਾਨਿਸਤਾਨ ਵਲੋਂ ਪਾਕਿਸਤਾਨ ਰਾਹੀਂ ਭਾਰਤ ਆਉਣ ਵਾਲਾ ਮਾਲ ਦਾ ਇਕ ਵੀ ਟਰੱਕ ਭਾਰਤ ਨਹੀਂ ਪਹੁੰਚ ਸਕਿਆ | ਸਪੱਸ਼ਟ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਪੈਦਾ ਹੋਈ ਮੌਜੂਦਾ ਤਲਖ਼ੀ ਦਾ ਅਸਰ ਭਾਰਤ ਦੇ ਅਫ਼ਗ਼ਾਨਿਸਤਾਨ ਨਾਲ ਚੱਲ ਰਹੇ ਵਪਾਰ ‘ਤੇ ਵੀ ਪਵੇਗਾ, ਜਦਕਿ ਪੁਣਛ ਸੈਕਟਰ ਦੇ ਚੱਕਣ ਦੇ ਬਾਗ ਅਤੇ ਕਸ਼ਮੀਰ ਦੇ ਉੜੀ ਚਖ਼ੋਟੀ ਰਾਹੀਂ ਦੋਵਾਂ ਮੁਲਕਾਂ ਵਿਚਾਲੇ ਹੋਣ ਵਾਲਾ ਵਪਾਰ ਭਾਰਤ ਪਹਿਲਾਂ ਹੀ ਰੱਦ ਕਰ ਚੁੱਕਿਆ ਹੈ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *