ਧਾਰਾ 370 ਮਾਮਲੇ ਖਿਲਾਫ ਖੱਬੀਆਂ ਧਿਰਾਂ ਵੱਲੋਂ ਰੋਸ ਮੁਜ਼ਾਹਰੇ


ਰੂਪਨਗਰ/ਕੇਂਦਰ ਸਰਕਾਰ ਵੱਲੋਂ ਜੰਮੂ ਤੇ ਕਸ਼ਮੀਰ ਵਿਚ ਧਾਰਾ 370 ਨੂੰ ਖਤਮ ਕਰਨ ਵਿਰੁੱਧ ਸਰਕਾਰੀ ਕਾਲਜ ਰੂਪਨਗਰ ਵਿੱਚ ਵਿਦਿਆਰਥੀਆਂ ਨੇ ਰੋਸ ਮੁਜ਼ਾਹਰਾ ਕੀਤਾ ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਰੰਧਾਵਾ, ਜ਼ਿਲ੍ਹਾ ਪ੍ਰਧਾਨ ਜਗਮਨਦੀਪ ਸਿੰਘ ਪੜੀ ਨੇ ਕਿਹਾ ਕਿ ਧਾਰਾ 370 ਅਧੀਨ ਕਸ਼ਮੀਰੀਆਂ ਨੂੰ ਅਹਿਮ ਅਧਿਕਾਰ ਮਿਲੇ ਹੋਏ ਸਨ, ਕੇਂਦਰ ਸਰਕਾਰ ਨੇ ਜਮਹੂਰੀਅਤ ਦਾ ਕਤਲ ਕਰਦੇ ਹੋਏ, ਇਹ ਧਾਰਾ ਖਤਮ ਕਰਕੇ ਕਸ਼ਮੀਰੀਆਂ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ-ਅਮਿਤ ਸ਼ਾਹ ਜੋੜੀ ਕਸ਼ਮੀਰ ਦੀ ਸਮੱਸਿਆ ਨੂੰ ਬੰਦੂਕ ਦੀ ਗੋਲੀ ਨਾਲ ਹੱਲ ਕਰਨਾ ਚਾਹੁੰਦੀ ਹੈ। ਜ਼ਿਲ੍ਹਾ ਸਕੱਤਰ ਰੋਹਿਤ ਕੁਮਾਰ ਤੇ ਰਵੀ ਗੱਗ ਨੇ ਕਿਹਾ ਕਿ ਕਾਲਜ ਪ੍ਰਸ਼ਾਸਨ ਨੇ ਵਿਦਿਆਰਥੀਆ ਨੂੰ ਇਸ ਰੋਸ਼ ਮੁਜ਼ਾਹਰੇ ਵਿੱਚ ਆਉਣ ਤੋਂ ਰੋਕਣ ਲਈ ਕਲਾਸਾਂ ਵਿੱਚ ਆ ਕੇ ਧਮਕਾਇਆ, ਪਰ ਕਾਲਜ ਪ੍ਰਸ਼ਾਸਨ ਦੇ ਰੋਕਣ ਦੇ ਬਾਵਜੂਦ ਵਿਦਿਆਰਥੀਆਂ ਨੇ ਰੋਸ ਮੁਜ਼ਾਹਰਾ ਕੀਤਾ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਮੰਗ ਕੀਤੀ ਕਿ ਧਾਰਾ 370 ਨੂੰ ਬਹਾਲ ਕੀਤਾ ਜਾਵੇ ਤੇ ਕਸ਼ਮੀਰੀ ਲੋਕਾਂ ਨੂੰ ਸਵੈ-ਨਿਰਣੇ ਦਾ ਹੱਕ ਦਿੰਦੇ ਹੋਏ ਫੌਜ ਵਾਪਸ ਬੁਲਾਈ ਜਾਵੇ।
ਆਨੰਦਪੁਰ ਸਾਹਿਬ ਤੋਂ ਮਿਲੀ ਰਿਪੋਰਟ ਅਨੁਸਾਰ ਕੇਂਦਰ ਸਰਕਾਰ ਵੱਲੋਂ ਸੰਵਿਧਾਨ ਦੀ ਧਾਰਾ 370 ਤੇ 35-ਏ ਖਤਮ ਕਰਨ ਖਿਲਾਫ ਖੱਬੀਆਂ ਪਾਰਟੀਆਂ ਵੱਲੋਂ ਦਿੱਤੇ ਰੋਸ ਮੁਜ਼ਾਹਰਿਆ ਦੇ ਸੱਦੇ ਤਹਿਤ ਇੱਥੇ ਸੀਪੀਆਈਐੱਮ, ਸੀਪੀਆਈ, ਆਰਐੱਮਪੀਆਈ ਦੇ ਵਰਕਰਾਂ ਨੇ ਜ਼ੋਰਦਾਰ ਪ੍ਰਦਸ਼ਨ ਕੀਤਾ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਵਰਕਰ ਸਵੇਰੇ ਪਹਿਲਾਂ ਬੱਸ ਸਟੈਂਡ ਤੇ ਇਕੱਤਰ ਹੋਏ ਤੇ ਫਿਰ ਇੱਥੋਂ ਜ਼ਿਲ੍ਹਾ ਸਕੱਤਰ ਮੋਹਨ ਸਿੰਘ ਧਮਾਣਾ, ਦਵਿੰਦਰ ਨੰਗਲੀ, ਸੁਰਜੀਤ ਸਿੰਘ ਢੇਰ ਦੀ ਅਗਵਾਈ ਵਿੱਚ ਰੋਸ ਮਾਰਚ ਕੀਤਾ। ਇਹ ਮਾਰਚ ਸਥਾਨਕ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਜੀਟੀ ਰੋਡ, ਕਲਗੀਧਰ ਮਾਰਕੀਟ, ਰਵਿਦਾਸ ਚੌਕ ਤੋਂ ਹੁੰਦਾ ਹੋਇਆ ਕਚਿਹਰੀ ਰੋਡ ‘ਤੇ ਸਮਾਪਤ ਹੋਇਆ। ਇੱਥੇ ਹੀ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਤੇ ਆਗੂਆਂ ਨੇ ਕਿਹਾ ਕਿ ਸੰਵਿਧਾਨ ਵਿੱਚ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਮਿਲੇ ਹੋਏ ਅਧਿਕਾਰਾਂ ਨੂੰ ਗ਼ੈਰ ਸੰਵਿਧਾਨਕ ਢੰਗ ਨਾਲ ਖਤਮ ਕੀਤਾ ਗਿਆ ਹੈ। ਇਹ ਭਾਜਪਾ ਤੇ ਆਰਐੱਸਐੱਸ ਦੀ ਗਿਣੀ ਮਿਥੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਜੰਮੂ ਕਸਮੀਰ ਦੀ ਅਸੈਂਬਲੀ ਵਿੱਚ ਕੋਈ ਮਤਾ ਪਾਸ ਨਹੀਂ ਕੀਤਾ ਗਿਆ। ਫਿਰ ਧਾਰਾ ਖਤਮ ਕਰਨ ਦੀ ਕੇਂਦਰ ਸਰਕਾਰ ਨੇ ਕਾਹਲੀ ਕਿਉਂ ਕੀਤੀ। ਉਨ੍ਹਾਂ ਮੰਗ ਰੱਖੀ ਕਿ ਲੋਕਾਂ ਤੋਂ ਖੋਹੇ ਗਏ ਅਧਿਕਾਰ ਵਾਪਸ ਕੀਤੇ ਜਾਣ ਤੇ ਉਥੋਂ ਦੇ ਸਥਾਨਕ ਵਾਸੀਆਂ ਦੀ ਰਾਏ ਤੋਂ ਬਿਨਾ ਕੋਈ ਕਦਮ ਨਾ ਚੁੱਕਿਆ ਜਾਵੇ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *