ਦੀਪਕ ਓਬਰਾਏ ਦੇ ਦੇਹਾਂਤ ਉੱਤੇ ਟਰੂਡੋ ਅਤੇ ਸ਼ੀਅਰ ਵੱਲੋਂ ਦੁੱਖ ਦਾ ਪ੍ਰਗਟਾਵਾ


ਟੋਰਾਂਟੋ/ ਭਾਰਤ-ਕੈਨੇਡਾ ਸੰਬੰਧਾਂ ਦੀ ਮਜ਼ਬੂਤੀ ਲਈ ਲਗਾਤਾਰ ਅਣਥੱਕ ਕੋਸ਼ਿਸ਼ਾਂ ਕਰਨ ਵਾਲੇ ਅਤੇ ਸਭ ਤੋਂ ਲੰਬਾ ਸਮਾਂ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਵਜੋਂ ਕੈਨੇਡੀਅਨ ਸੰਸਦ ਅੰਦਰ ਕੈਨੇਡੀਅਨ ਅਤੇ ਪੰਜਾਬੀ ਭਾਈਚਾਰੇ ਲਈ ਆਵਾਜ਼ ਬੁਲੰਦ ਕਰਨ ਵਾਲੇ ਦੀਪਕ ਓਬਰਾਏ ਪਿਛਲੀ ਦਿਨੀ ਸਦੀਵੀ ਵਿਛੋੜਾ ਦੇ ਗਏ ਹਨ। ਉਹ ਸੰਸਦ ਲਈ ਚੁਣੇ ਜਾਣ ਵਾਲੇ ਪਹਿਲੇ ਹਿੰਦੂ ਆਗੂ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਵੱਲੋਂ ਸ੍ਰੀ ਓਬਰਾਏ ਦੀ ਮੌਤ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਟਰੂਡੋ ਨੇ ਆਪਣੇ ਸ਼ੋਕ ਸੁਨੇਹੇ ਵਿਚ ਸ੍ਰੀ ਓਬਰਾਏ ਨੂੰ ਵਿਭਿੰਨਤਾ ਅਤੇ ਮਨੁੱਖੀ ਅਧਿਕਾਰਾਂ ਦਾ ਚੈਂਪੀਅਨ ਕਰਾਰ ਦਿੱਤਾ ਹੈ। ਉਹਨਾਂ ਕਿਹਾ ਸ੍ਰੀ ਓਬਰਾਏ ਨੂੰ ਉਹਨਾਂ ਵੱਲੋਂ ਭਾਰਤੀ ਕੈਨੇਡੀਅਨ ਭਾਈਚਾਰੇ ਅਤੇ ਅਲਬਰਟਾ ਵਾਸੀਆਂ ਲਈ ਕੀਤੇ ਕੰਮਾਂ ਲਈ ਹਮੇਸ਼ਾਂ ਯਾਦ ਰੱਖਿਆ ਜਾਵੇਗਾ। ਇਸ ਦੌਰਾਨ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਕਿਹਾ ਕਿ ਇਹ ਪਤਾ ਲੱਗਣ ਤੇ ਕਿ ਦੀਪਕ ਸਾਡੇ ਵਿੱਚ ਨਹੀਂ ਰਹੇ ਤਾਂ ਸਾਨੂੰ ਵੱਡਾ ਝਟਕਾ ਲੱਗਿਆ। ਦੀਪਕ ਨੇ ਬੜੇ ਹੀ ਹੌਸਲੇ ਨਾਲ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਲੜਾਈ ਲੜੀ ਤੇ ਬੀਤੀ ਰਾਤ ਜਦੋਂ ਉਨ੍ਹਾਂ ਨੇ ਆਖਰੀ ਸਾਹ ਲਏ ਤਾਂ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਦੇ ਕੋਲ ਸੀ।
ਦੱਸਣਯੋਗ ਹੈ ਕਿ ਦੀਪਕ ਓਬਰਾਏ 1997 ਦੀਆਂ ਚੋਣਾਂ ਵਿੱਚ ਉਹ ਸਭ ਤੋਂ ਪਹਿਲਾਂ ਰਿਫੌਰਮ ਐਮਪੀ ਵਜੋਂ ਕੈਲਗਰੀ ਈਸਟ ਤੋਂ ਚੁਣੇ ਗਏ ਤੇ ਫਿਰ ਉਨ੍ਹਾਂ ਸਰਕਾਰ ਤੇ ਵਿਰੋਧੀ ਧਿਰ ਵਿੱਚ ਰਹਿੰਦਿਆਂ ਕੈਨੇਡੀਅਨ ਅਲਾਇੰਸ ਤੇ ਕੰਜ਼ਰਵੇਟਿਵ ਐਮਪੀ ਵਜੋਂ ਵੱਖ ਵੱਖ ਭੂਮੀਕਾਵਾਂ ਬਾਖੂਬੀ ਨਿਭਾਈਆਂ। ਉਨ੍ਹਾਂ ਪੂਰੇ ਤਨ ਮਨ ਨਾਲ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਤੇ ਉਨ੍ਹਾਂ ਦੇ ਹਰ ਮੁੱਦੇ ਨੂੰ ਉੱਪਰ ਤੱਕ ਉਠਾਇਆ। ਦਹਾਕਿਆਂ ਤੱਕ ਕੰਜ਼ਰਵੇਟਿਵ ਲਹਿਰ ਨੂੰ ਅਗਾਂਹ ਵਧਾਉਣ ਲਈ ਕੀਤੇ ਗਏ ਉਨ੍ਹਾਂ ਦੇ ਯਤਨਾਂ ਦੇ ਨਾਲ ਨਾਲ ਕੈਨੇਡਾ ਨੂੰ ਮਜ਼ਬੂਤ ਬਣਾਉਣ ਲਈ ਕੀਤੀਆਂ ਕੋਸ਼ਿਸ਼ਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ।
ਦੀਪਕ ਨੂੰ ਕੰਜ਼ਰਵੇਟਿਵ ਕਾਕਸ ਦੀ ਰੂਹੇ ਰਵਾਂ ਮੰਨਿਆ ਜਾਂਦਾ ਸੀ। ਉਨ੍ਹਾਂ ਨੂੰ ਜਿਹੜੀ ਵੀ ਜ਼ਿੰਮੇਵਾਰੀ ਸੌਂਪੀ ਗਈ ਉਨ੍ਹਾਂ ਬਾਖੂਬੀ ਨਿਭਾਈ। ਉਹ ਜਿੱਥੇ ਵੀ ਜਾਂਦੇ ਉੱਥੇ ਨਿੱਘ, ਦਿਆਲਤਾ ਭਰ ਦਿੰਦੇ ਤੇ ਆਪਣੇ ਮਜ਼ਾਕੀਆ ਅੰਦਾਜ਼ ਨਾਲ ਮਾਹੌਲ ਨੂੰ ਹੌਲਾ ਕਰ ਦਿੰਦੇ। ਇਸ ਤੋਂ ਇਲਾਵਾ ਦੀਪਕ ਓਬਰਾਏ ਭਾਰਤ-ਕੈਨੇਡੀਅਨ ਸੰਬੰਧਾਂ ਵਿਚ ਨਿੱਘ ਅਤੇ ਮਿਠਾਸ ਦੇ ਸਮਰਥਕ ਸਨ। ਉਹ ਕੈਨੇਡਾ ਇੰਡੀਆ ਪਾਰਲੀਮੈਂਟ ਫਰੈਂਡਸ਼ਿਪ ਗਰੁੱਪ ਦੇ ਮੋਢੀ ਮੈਂਬਰ ਸਨ। ਉਨ੍ਹਾਂ ਕੈਨੇਡਾ ਇੰਡੀਆ ਫਾਊਂਡੇਸ਼ਨ ਲਈ ਨਿੱਠ ਕੇ ਕੰਮ ਕੀਤਾ। ਉਨ੍ਹਾਂ ਨੂੰ 2009 ਵਿੱਚ ਭਾਰਤ ਸਰਕਾਰ ਵੱਲੋਂ ਪਰਵਾਸੀ ਭਾਰਤੀ ਸਨਮਾਨ ਨਾਲ ਨਵਾਜਿਆ ਗਿਆ। ਭਾਰਤੀ ਮੂਲ ਦੇ ਕਿਸੇ ਵਿਅਕਤੀ ਨੂੰ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਸਨਮਾਨ ਹੈ। ਉਨ੍ਹਾਂ ਵੱਲੋਂ ਸਿਰੜ ਨਾਲ ਕੀਤੇ ਕੰਮ ਸਦਕਾ ਭਾਰਤ ਤੇ ਇੰਡੋ ਕੈਨੇਡੀਅਨਜ਼ ਨੂੰ ਕਾਫੀ ਫਾਇਦਾ ਹੋਇਆ। ਕੈਨੇਡਾ ਤੇ ਭਾਰਤ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ ਉਨ੍ਹਾਂ ਅਹਿਮ ਭੂਮਿਕਾ ਨਿਭਾਈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *