ਸੈਲਾਨੀ ਜੋੜੇ ਅਤੇ ਬਜ਼ੁਰਗ ਦਾ ਕਤਲ ਕਰਕੇ ਫਰਾਰ ਮਸ਼ਕੂਕਾਂ ਦੀਆਂ ਲਾਸ਼ਾਂ ਮਿਲੀਆਂ


ਮੈਨੀਟੋਬਾ/ਪਿਛਲੇ ਮਹੀਨੇ 15 ਜੁਲਾਈ ਨੂੰ ਇੱਕ ਜਵਾਨ ਸੈਲਾਨੀ ਜੋੜੇ ਅਤੇ ਇੱਕ ਬਜ਼ੁਰਗ ਦਾ ਕਤਲ ਕਰਕੇ ਫਰਾਰ ਹੋਏ ਦੋ ਅੱਲੜ੍ਹ ਉਮਰ ਦੇ ਮਸ਼ਕੂਕਾਂ ਦੀਆਂ ਲਾਸ਼ਾਂ ਮਿਲਣ ਨਾਲ ਲਗਭਗ ਇੱਕ ਮਹੀਨੇ ਪੁਰਾਣੇ ਇਸ ਸਨਸਨੀਖੇਜ਼ ਮਾਮਲੇ ਦੀ ਗੁੱਥੀ ਕੁੱਝ ਸੁਲਝਦੀ ਨਜ਼ਰ ਆ ਰਹੀ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਫਰਾਰ ਮਸ਼ਕੂਕਾਂ ਦੀ ਭਾਲ ਵਿਚ ਮੈਨੀਟੋਬਾ ਅਤੇ ਨਾਲ ਲੱਗਦੇ ਇਲਾਕਿਆਂ ਦਾ ਚੱਪਾ ਚੱਪਾ ਛਾਣ ਰਹੀ ਆਰਸੀਐਮਪੀ ਨੇ ਦਾਅਵਾ ਕੀਤਾ ਹੈ ਕਿ ਬੀਸੀ ਵਿੱਚ ਤਿੰਨ ਕਤਲ ਕਰਕੇ  ਫਰਾਰ ਹੋਏ ਮਸ਼ਕੂਕਾਂ ਦੀ ਤਲਾਸ਼ ਕਰਦਿਆਂ ਦੋ ਲਾਸ਼ਾਂ ਮਿਲੀਆਂ ਹਨ ਜੋ ਕਿ ਬ੍ਰਾਇਅਰ ਸ਼ਮੈਗੈਲਸਕੀ ਤੇ ਕੈਮ ਮੈਕਲਿਓਡ ਦੀਆਂ ਜਾਪਦੀਆਂ ਹਨ।
ਦੱਸਣਯੋਗ ਹੈ ਕਿ ਅਮਰੀਕਾ ਦੀ 24 ਸਾਲਾ ਨੋਇਲ ਡੀਜ਼ ਅਤੇ ਉਸ ਦੇ ਆਸਟਰੇਲੀਅਨ ਦੋਸਤ ਰੌਬਰਟਸਨ ਫਾਊਲਰ ਦੀਆਂ 1 5 ਜੁਲਾਈ ਨੂੰ ਬ੍ਰਿਟਿਸ਼ ਕੋਲੰਬੀਆ ਦੇ ਇੱਕ ਹਾਈਵੇਅ ਉੱਤੇ ਲਾਸ਼ਾਂ ਮਿਲੀਆਂ ਸਨ। ਘਟਨਾ ਵਾਲੀ ਥਾਂ ਉਤੇ ਫਾਊਲਰ ਦੀ ਨੀਲੇ ਰੰਗ ਦੀ ਸ਼ੈਵਰਲੇ ਵੈਨ ਵੀ ਖੜ੍ਹੀ ਪਾਈ ਗਈ ਸੀ। ਇਸ ਘਟਨਾ ਤੋਂ ਚਾਰ ਦਿਨ ਮਗਰੋਂ ਡੀਜ਼ ਲੇਕ ਤੋਂ ਲਗਭਗ 30 ਮੀਲ ਦੂਰ ਪੁਲਿਸ ਨੂੰ ਇੱਕ ਪਿਕਅਪ ਟਰੱਕ ਲੱਭਾ ਸੀ, ਜਿਸ ਦੇ ਸਲੀਪਿੰਗ ਕੈਂਪਰ ਨੂੰ ਅੱਗ ਲੱਗੀ ਹੋਈ ਸੀ। ਇਸ ਟਰੱਕ ਦੇ ਚਾਲਕ 19 ਸਾਲਾ ਕੈਮ ਮੈਕਲਿਓਡ ਅਤੇ 18 ਸਾਲਾ ਬਰਾਇਰ ਸ਼ਮੈਗੇਸਕੀ ਲਾਪਤਾ ਸਨ ਅਤੇ ਉਹਨਾਂ ਨੇ ਕਈ ਦਿਨਾਂ ਤੋਂ ਆਪਣੇ ਪਰਿਵਾਰਾਂ ਨਾਲ ਕੋਈ ਸੰਪਰਕ ਨਹੀਂ ਸੀ ਕੀਤਾ।
ਪੁਲਿਸ ਅਧਿਕਾਰੀਆਂ ਨੂੰ ਇਹ ਲਾਸ਼ਾਂ ਬੁੱਧਵਾਰ ਨੂੰ ਸਵੇਰੇ 10:00 ਵਜੇ ਉਸ ਥਾਂ ਤੋਂ ਇੱਕ ਕਿਲੋਮੀਟਰ ਦੀ ਦੂਰੀ ਉੱਤੇ ਮਿਲੀਆਂ ਜਿੱਥੋਂ ਮਸ਼ਕੂਕਾਂ ਨਾਲ ਸਬੰਧਤ ਕੁੱਝ ਚੀਜ਼ਾਂ ਪਹਿਲਾਂ ਹੀ ਮਿਲ ਚੁੱਕੀਆਂ ਸਨ। ਇਹ ਥਾਂ ਤੋਂ ਕਰੀਬ ਅੱਠ ਕਿਲੋਮੀਟਰ ਦੀ ਦੂਰੀ ਉੱਤੇ ਤਿੰਨ ਹਫਤੇ ਪਹਿਲਾਂ ਮਸ਼ਕੂਕਾਂ ਨਾਲ ਸਬੰਧਤ ਐਸਯੂਵੀ ਸੜੀ ਹੋਈ ਪਾਈ ਗਈ ਸੀ। ਆਰਸੀਐਮਪੀ ਮੈਨੀਟੋਬਾ ਦੇ ਅਸਿਸਟੈਂਟ ਕਮਿਸ਼ਨਰ ਜੇਨ ਮੈਕਲੈਚੀ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਸਾਡਾ ਮੰਨਣਾ ਹੈ ਕਿ ਇਹ ਲਾਸ਼ਾਂ ਬ੍ਰਿਟਿਸ਼ ਕੋਲੰਬੀਆ ਵਿੱਚ ਤਿੰਨ ਕਤਲਾਂ ਨੂੰ ਅੰਜਾਮ ਦੇਣ ਵਾਲੇ ਮਸ਼ਕੂਕਾਂ ਦੀਆਂ ਹੀ ਹਨ।
ਮੈਕਲੈਚੀ ਨੇ ਦੱਸਿਆ ਕਿ ਇਲਾਕੇ ਦੀ ਪੈਦਲ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਇਹ ਲਾਸ਼ਾਂ ਮਿਲੀਆਂ ਹਨ। ਉਨ੍ਹਾਂ ਆਖਿਆ ਕਿ ਲਾਸ਼ਾਂ ਦੀ  ਸ਼ਨਾਖ਼ਤ ਲਈ ਪੋਸਟਮਾਰਟਮ ਕਰਵਾਇਆ ਜਾਣਾ ਬੇਹੱਦ ਜ਼ਰੂਰੀ ਹੈ ਤਾਂ ਕਿ ਦੋਵੇਂ ਮਸ਼ਕੂਕਾਂ ਦੀ ਮੌਤ ਦਾ ਕਾਰਣ ਪਤਾ ਲੱਗ ਸਕੇ। ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਿਟਿਸ਼ ਕੋਲੰਬੀਆ ਆਰਸੀਐਮਪੀ ਦੇ ਅਸਿਸਟੈਂਟ ਕਮਿਸ਼ਨਰ ਕੈਵਿਨ ਹੈਕੇਟ ਨੇ ਆਖਿਆ ਕਿ ਸਾਰੇ ਸਬੂਤ ਲੱਭ ਲਏ ਜਾਣ ਤੱਕ ਜਾਂਚ ਚੱਲਦੀ ਰਹੇਗੀ।
ਫਰਾਰ ਲੜਕਿਆਂ ਨੂੰ ਮਸ਼ਕੂਕ ਐਲਾਨਣ ਤੋਂ ਪਹਿਲਾਂ ਉਹਨਾਂ ਦੇ ਮਾਮਲੇ ਨੂੰ ਲਾਪਤਾ ਹੋਏ ਲੜਕਿਆਂ ਦੇ ਮਾਮਲੇ ਵਜੋਂ ਵੇਖਿਆ ਜਾ ਰਿਹਾ ਸੀ। ਪਰੰਤੂ ਸੈਲਾਨੀ ਜੋੜੇ ਅਤੇ ਇੱਕ ਬਜ਼ੁਰਗ ਦੇ ਰਹੱਸਮਈ ਹਾਲਤਾਂ ਵਿਚ ਹੋਏ ਕਤਲਾਂ ਮਗਰੋਂ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਐਲਾਨ ਕੀਤਾ ਸੀ ਕਿ ਮੈਕਲਿਓਡ ਅਤੇ ਸਕਮੈਗੇਸਕੀ ਇੱਕ ਜਵਾਨ ਜੋੜੇ ਅਤੇ ਇੱਕ ਹੋਰ ਆਦਮੀ ਦੇ ਕਤਲ ਕੇਸ ‘ਚ ਸ਼ੱਕੀ ਹਨ ਅਤੇ ਇਹਨਾਂ ਦੋਹਾਂ ਲੜਕਿਆਂ ਦੇ ਪਰਿਵਾਰਾਂ ਨੂੰ ਇਹਨਾਂ ਬਾਰੇ ਕਿੰਨੇ ਹੀ ਦਿਨਾਂ ਤੋਂ ਕੋਈ ਖ਼ਬਰ ਨਹੀਂ ਹੈ।
ਇਸ ਤੋਂ ਇਲਾਵਾ ਜਲੇ ਹੋਏ ਟਰੱਕ ਦੀ ਜਾਂਚ ਕਰਦਿਆਂ ਅਧਿਕਾਰੀਆਂ ਨੂੰ ਨੇੜੇ ਹੀ ਹਾਈਵੇਅ ਉੱਤੇ ਇੱਕ ਆਦਮੀ ਦੀ ਲਾਸ਼ ਮਿਲੀ ਸੀ। ਇਹ ਲਾਸ਼ ਨਾ ਮੈਕਲਿਓਡ ਜਾਂ ਸਕਮੈਗੇਸਕੀ ਦੀ ਨਹੀਂ ਸੀ, ਸਗੋਂ ਕਿਸੇ ਤੀਜੇ ਵਿਅਕਤੀ ਦੀ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *