ਪ੍ਰਕਾਸ਼ ਪੁਰਬ ਨੂੰ ਸਮਰਪਿਤ  ਨਗਰ ਕੀਰਤਨ ਪਾਕਿਸਤਾਨ ਤੋਂ ਭਾਰਤ ਪਹੁੰਚਿਆ


ਨਨਕਾਣਾ ਸਾਹਿਬ/ਅਟਾਰੀ ਸਰਹੱਦ/ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਵੀਰਵਾਰ ਨੂੰ  ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸਵੇਰੇ 11:30 ਵਜੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋ ਕੇ ਸੜਕੀ ਮਾਰਗ ਰਾਹੀਂ ਭਾਰਤ ‘ਚ ਦਾਖਲ ਹੋਇਆ। ਅਟਾਰੀ ਸਰਹੱਦ ਪਹੁੰਚਣ ‘ਤੇ ਨਗਰ ਕੀਰਤਨ ਦਾ ਰੈੱਡ ਕਾਰਪੇਟ ਵਿਛਾ ਕੇ ਫੁੱਲਾਂ ਦੀ ਵਰਖਾ ਕਰਕੇ ਅਲੌਕਿਕ ਸਵਾਗਤ ਕੀਤਾ ਗਿਆ।
ਦੱਸਣਯੋਗ ਹੈ ਕਿ ਕੌਮਾਂਤਰੀ ਨਗਰ ਕੀਰਤਨ 1 ਅਗਸਤ ਤੋਂ ਸ਼ੁਰੂ ਹੋ ਕੇ 3 ਨਵੰਬਰ 2019 ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਸਮਾਪਤ ਹੋਵੇਗਾ। ਨਗਰ ਕੀਰਤਨ ਦੀਆਂ ਤਿਆਰੀਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦਾ ਵਫਦ 28 ਜੁਲਾਈ ਨੂੰ ਪਾਕਿਸਤਾਨ ਪਹੁੰਚ ਗਿਆ ਸੀ।
ਦੇਸ਼ ਦੇ ਬਟਵਾਰੇ ਮਗਰੋਂ ਇਹ ਪਹਿਲੀ ਵਾਰ ਹੋਇਆ ਹੈ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਉੱਤੇ ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਜ਼ਿਲ੍ਹੇ ਤੋਂ ਸ਼ੁਰੂ ਹੋਇਆ ਨਗਰ ਕੀਰਤਨ ਭਾਰਤ ਪਹੁੰਚਿਆ ਹੈ। ਇਸ ਨਗਰ ਕੀਰਤਨ ਵਿਚ ਸ਼ਾਮਿਲ 500 ਦੇ ਕਰੀਬ ਸਿੱਖ ਸੰਗਤਾਂ ਵੀ ਪੈਦਲ ਚੱਲਦੀਆਂ ਹੋਈਆਂ ਅਟਾਰੀ ਸਰਹੱਦ ਰਾਹੀਂ ਭਾਰਤ ਅੰਦਰ ਦਾਖ਼ਲ ਹੋਈਆਂ ਹਨ।
ਪੰਜਾਬ ਸਰਕਾਰ ਦੇ ਬਹੁਤ ਸਾਰੇ ਮੰਤਰੀਆਂ ਨੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸਾਸ਼ਨ ਦੇ ਸੀਨੀਅਰ ਅਧਿਕਾਰੀਆਂ ਸਮੇਤ ਸਰਹੱਦ ਉੱਤੇ ਇਸ ਕੌਮਾਂਤਰੀ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਚੋਟੀ ਦੀ ਲੀਡਰਸ਼ਿਪ ਵੀ ਮੌਜੂਦ ਸੀ। ਨਗਰ ਕੀਰਤਨ ਦਾ ਸਵਾਗਤ ਕਰਨ ਲਈ ਅਟਾਰੀ ਸਰਹੱਦ ‘ਤੇ ਸੰਸਦ ਮੈਂਬਰ ਗੁਰਜੀਤ ਔਜਲਾ, ਮੰਤਰੀ ਚਰਨਜੀਤ ਸਿੰਘ ਚੰਨੀ, ਮੰਤਰੀ ਓਪੀ ਸੋਨੀ ਵਿਧਾਇਕ ਸੁਨੀਲ ਦੱਤੀ ਵਿਧਾਇਕ ਤਰਸੇਮ ਸਿੰਘ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ, ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ, ਹਰਮੀਤ ਸਿੰਘ ਸੰਧੂ, ਜਥੇਦਾਰ ਤੋਤਾ ਸਿੰਘ, ਬਿਕਰਮ ਸਿੰਘ ਮਜੀਠੀਆ ਆਦਿ ਹਾਜ਼ਿਰ ਸਨ।
ਜਦੋਂ ਇਹ ਨਗਰ ਕੀਰਤਨ ਅਟਾਰੀ ਵਿਖੇ  ਪਹੁੰਚਿਆ ਤਾਂ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦਾ ਸੈਲਾਬ ਸੜਕਾਂ ਉੱਤੇ ਉਮੜ ਆਇਆ।ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਇੱਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਚੱਲਿਆ ਇਹ ਨਗਰ ਕੀਰਤਨ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸਿੱਖ ਸੰਗਤਾਂ ਦੇ ਇੱਕ ਵੱਡੇ ਕਾਫਲੇ ਨਾਲ ਵਾਹਗਾ ਸਰਹੱਦ ਉੱਤੇ ਪਹੁੰਚਿਆ। ਸ਼੍ਰੋਮਣੀ ਕਮੇਟੀ ਵੱਲੋਂ ਭਾਰਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਦੇ ਸਹਿਯੋਗ ਨਾਲ ਇਸ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇੱਥੇ ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਭੋਇੰ ਹੈ, ਜੋ ਕਿ ਪਾਕਿਸਤਾਨ ਵਿਚ ਪੈਂਦਾ ਹੈ।
ਪਾਕਿਸਤਾਨੀ ਅਧਿਕਾਰੀਆਂ ਵੱਲੋਂ ਸਿੱਖਾਂ ਨੂੰ ਇਸ ਨਗਰ ਕੀਰਤਨ ਵਾਸਤੇ ਵਿਸੇæਸ਼ ਤੌਰ ਤੇ  ਆਗਿਆ ਦਿੱਤੀ ਸੀ। ਵੀਰਵਾਰ ਰਾਤ ਨੂੰ ਇਹ ਨਗਰ ਕੀਰਤਨ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਪੜਾਅ ਕਰੇਗਾ ਅਤੇ ਸ਼ੁੱਕਰਵਾਰ ਸਵੇਰੇ ਆਪਣੀ ਅਗਲੀ ਯਾਤਰਾ ਆਰੰਭ ਕਰ ਦੇਵੇਗਾ।
ਅਟਾਰੀ ਤੋਂ ਸ੍ਰੀ ਹਰਿਮੰਦਰ ਸਾਹਿਬ ਤਕ ਦੇ ਰਸਤੇ ਉੱਤੇ ਨਗਰ ਕੀਰਤਨ ਉੱਪਰ ਫੁੱਲਾਂ ਦੀ ਵਰਖਾ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ 5 ਕੁਇੰਟਲ ਫੁੱਲਾਂ ਦਾ ਬੰਦੋਬਸਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਨਗਰ ਕੀਰਤਨ ਨਾਲ ਆ ਰਹੀਆਂ ਸਿੱਖ ਸੰਗਤਾਂ ਲਈ ਖਾਸ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਕੌਮਾਂਤਰੀ ਨਗਰ ਕੀਰਤਨ ਭਾਰਤ ਦੇ ਵੱਖ-ਵੱਖ ਸੂਬਿਆਂ, ਪਿੰਡਾਂ ਤੇ ਕਸਬਿਆਂ ਤੋਂ ਹੁੰਦਾ ਹੋਇਆ 100ਵੇਂ ਦਿਨ ਸੁਲਤਾਨਪੁਰ ਲੋਧੀ ਵਿਥੇ ਸਮਾਪਤ ਹੋਵੇਗਾ। ਇਸ ਮੌਕੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ, ਸਾਬਕਾ ਪ੍ਰਧਾਨ ਸਮਤਾਨ ਸਿੰਘ, ਪਾਕਿਸਤਾਨ ਔਕਾਫ਼ ਬੋਰਡ ਦੇ ਸੀਨੀਅਰ ਅਧਿਕਾਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਡਾæ ਰੂਪ ਸਿੰਘ ਸ਼ਾਮਲ ਸਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *