ਭਾਰਤ ਸੰਸਦ ਵੱਲੋਂ ਤੀਹਰਾ ਤਲਾਕ ਪ੍ਰਥਾ ਫੌਜੀ ਅਪਰਾਧ ਕਰਾਰ


ਨਵੀਂ ਦਿੱਲੀ/ਮੁਸਲਿਮ ਔਰਤਾਂ ਤੋਂ ਫ਼ੌਰੀ ਤਿੰਨ ਤਲਾਕ ਨੂੰ ਦੰਡ-ਸਬੰਧੀ ਅਪਰਾਧ ਕਰਾਰ ਦੇਣ ਅਤੇ ਅਜਿਹਾ ਕਰਨ ਵਾਲੇ ਮੁਲਜ਼ਮ ਨੂੰ ਤਿੰਨ ਸਾਲ ਤੱਕ ਸਜ਼ਾ ਦੇਣ ਵਾਲੇ ਇਤਿਹਾਸਕ ਬਿੱਲ ‘ਤੇ ਸੰਸਦ ਨੇ ਆਪਣੀ ਮੋਹਰ ਲਗਾ ਦਿੱਤੀ | ਮੰਗਲਵਾਰ ਨੂੰ ਰਾਜ ਸਭਾ ‘ਚ ਮੁਸਲਿਮ ਔਰਤਾਂ (ਵਿਆਹ ‘ਤੇ ਅਧਿਕਾਰਾਂ ਦੀ ਸੁਰੱਖਿਆ) ਬਿੱਲ ਪਾਸ ਹੋ ਗਿਆ | ਇਸ ਦੇ ਪੱਖ ‘ਚ 99 ਵੋਟਾਂ ਅਤੇ ਵਿਰੋਧ ‘ਚ 84 ਵੋਟਾਂ ਪਈਆਂ | ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਬਿੱਲ ਤਿੰਨ ਤਲਾਕ ਨੂੰ ਲੈ ਕੇ 21 ਫ਼ਰਵਰੀ ਨੂੰ ਜਾਰੀ ਕੀਤੇ ਗਏ ਮੌਜੂਦਾ ਆਰਡੀਨੈਂਸ ਦੀ ਜਗ੍ਹਾ ਲੈ ਲਵੇਗਾ | ਬਿੱਲ ‘ਤੇ ਵੋਟਿੰਗ ਦੌਰਾਨ ਬੀਜੂ ਜਨਤਾ ਦਲ ਨੇ ਐਨ ਡੀ ਏ ਸਰਕਾਰ ਦਾ ਸਾਥ ਦਿੱਤਾ, ਜਦਕਿ ਉਸ ਦੀਆਂ ਭਾਈਵਾਲ ਪਾਰਟੀਆਂ ਜੇæਡੀæ (ਯੂ) ਤੇ ਅੰਨਾ ਡੀ ਐਮ ਕੇ ਨੇ ਵੋਟਿੰਗ ‘ਚ ਹਿੱਸਾ ਨਾ ਲੈਂਦਿਆਂ ਹੋਇਆਂ ਸਦਨ ਤੋਂ ਵਾਕਆਊਟ ਕਰ ਦਿੱਤਾ | ਇਸ ਬਿੱਲ ਦਾ ਤਿੱਖ਼ਾ ਵਿਰੋਧ ਕਰਨ ਵਾਲੀ ਕਾਂਗਰਸ ਕਈ ਅਹਿਮ ਦਲਾਂ ਨੂੰ ਆਪਣੇ ਨਾਲ ਬਣਾਈ ਰੱਖਣ ‘ਚ ਅਸਫ਼ਲ ਰਹੀ | ਕਾਂਗਰਸ, ਸਮਾਜਵਾਦੀ ਪਾਰਟੀ ਤੇ ਬਸਪਾ ਦੇ ਕੁਝ ਮੈਂਬਰਾਂ ਤੇ ਤੇਲੰਗਾਨਾ ਰਾਸ਼ਟਰੀ ਸਮਿਤੀ ਦੇ 6 ਅਤੇ ਵਾਈ-ਐਸ਼ ਆਰ -ਕਾਂਗਰਸ ਦੇ 2 ਸੰਸਦ ਮੈਂਬਰਾਂ ਦੀ ਗ਼ੈਰ-ਹਾਜ਼ਰੀ ਨੇ ਉੱਚ ਸਦਨ ‘ਚ ਬਿੱਲ ਪਾਸ ਹੋਣ ‘ਚ ਮਦਦ ਕੀਤੀ | ਦੱਸਣਯੋਗ ਹੈ ਕਿ ਬੀਤੇ ਹਫ਼ਤੇ ਇਹ ਬਿੱਲ ਲੋਕ ਸਭਾ ‘ਚ ਪਾਸ ਹੋ ਗਿਆ ਸੀ | ਇਸ ਤੋਂ ਪਹਿਲਾਂ ਬਿੱਲ ਨੂੰ ਸਿਲੈਕਟ ਕਮੇਟੀ ਦੇ ਕੋਲ ਭੇਜਣ ਦਾ ਪ੍ਰਸਤਾਵ ਵੀ 100 ਦੇ ਮੁਕਾਬਲੇ 84 ਵੋਟਾਂ ਨਾਲ ਡਿਗ ਗਿਆ | ਰਾਜ ਸਭਾ ‘ਚ ਇਹ ਬਿੱਲ ਪਾਸ ਹੋਣਾ ਸਰਕਾਰ ਲਈ ਵੱਡੀ ਕਾਮਯਾਬੀ ਮੰਨਿਆ ਜਾ ਰਿਹਾ ਹੈ, ਕਿਉਂਕਿ ਉੱਚ ਸਦਨ ‘ਚ ਅਲਪ ਮਤ ‘ਚ ਹੋਣ ਦੇ ਚਲਦਿਆਂ ਉਸ ਦੇ ਲਈ ਇਹ ਬਿੱਲ ਪਾਸ ਕਰਵਾਉਣਾ ਮੁਸ਼ਕਿਲ ਸੀ | ਇਸ ਤੋਂ ਪਹਿਲਾਂ ਵੀ ਇਕ ਵਾਰ ਉੱਚ ਸਦਨ ‘ਚ ਇਹ ਬਿੱਲ ਡਿਗ ਗਿਆ ਸੀ |
ਜਿੱਥੇ ਬੀਜੂ ਜਨਤਾ ਦਲ ਦੇ 7 ਮੈਂਬਰਾਂ ਨੇ ਬਿੱਲ ਦੀ ਹਮਾਇਤ ਕੀਤੀ, ਉੱਥੇ ਜੇ ਡੀ (ਯੂ) ਦੇ 6 ਸੰਸਦ ਮੈਂਬਰਾਂ ਅਤੇ ਅੰਨਾ ਡੀ ਐਮ ਕੇ ਦੇ 11 ਸੰਸਦ ਮੈਂਬਰਾਂ ਨੇ ਵਾਕਆਊਟ ਕੀਤਾ  – ਬਿੱਲ ਪਾਸ ਹੋਣ ਲਈ ਕਾਂਗਰਸ ਦੇ ਕਈ ਸੰਸਦ ਮੈਂਬਰਾਂ ਦੇ ਗ਼ੈਰ-ਹਾਜ਼ਰ ਹੋਣ ਨਾਲ ਵੀ ਫ਼ਾਇਦਾ ਹੋਇਆ | ਕਾਂਗਰਸ ਦੇ ਆਸਕਰ ਫ਼ਰਨਾਂਡਿਜ਼ ਸਮੇਤ ਪੰਜ ਸੰਸਦ ਮੈਂਬਰ ਗ਼ੈਰ-ਹਾਜ਼ਰ ਰਹੇ | ਇਸ ਤੋਂ ਇਲਾਵਾ ਐਨ ਸੀ ਪੀ ਦੇ ਆਗੂ ਸ਼ਰਦ ਪਵਾਰ ਤੇ ਪ੍ਰਫੁੱਲ ਪਟੇਲ ਵੀ ਸਦਨ ‘ਚ ਮੌਜੂਦ ਨਹੀਂ ਸਨ | ਸਮਾਜਵਾਦੀ ਪਾਰਟੀ ਦੇ ਦੋ ਸੰਸਦ ਮੈਂਬਰ, ਆਰ ਜੇ ਡੀ ਦੇ ਰਾਮ ਜੇਠਮਲਾਨੀ, ਤ੍ਰਿਣਮੂਲ ਕਾਂਗਰਸ ਦੇ ਦੋ ਸੰਸਦ ਮੈਂਬਰ ਤੇ ਤੇਲਗੂ ਦੇਸਮ ਪਾਰਟੀ ਦੇ ਇਕ ਸੰਸਦ ਮੈਂਬਰ ਦੀ ਗ਼ੈਰ-ਹਾਜ਼ਰੀ ਵੀ ਬਿੱਲ ਪਾਸ ਕਰਵਾਉਣ ‘ਚ ਭਾਜਪਾ ਸਰਕਾਰ ਲਈ ਲਾਹੇਵੰਦ ਸਾਬਤ ਹੋਈ | ਬਿੱਲ ‘ਤੇ ਸਾਢੇ ਚਾਰ ਘੰਟਿਆਂ ਤੱਕ ਚੱਲੀ ਚਰਚਾ ਦਾ ਜਵਾਬ ਦਿੰਦਿਆਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜੇਕਰ ਦਾਜ ਵਿਰੋਧੀ ਕਾਨੂੰਨ ਅਤੇ ਬਹੁਵਿਆਹ ਰੋਕਣ ਨਾਲ ਜੁੜੇ ਕਾਨੂੰਨ ‘ਚ ਵੀ ਦੋਸ਼ੀ ਹਿੰਦੂ ਪੁਰਸ਼ ਨੂੰ ਜੇਲ੍ਹ ਭੇਜਣ ਦੀ ਵਿਵਸਥਾ ਹੈ ਤਾਂ ਤਿੰਨ ਤਲਾਕ ਦੇ ਦੋਸ਼ੀ ਵਿਅਕਤੀ ਨੂੰ ਸਜ਼ਾ ਦੇਣ ‘ਚ ਕੁਝ ਗਲਤ ਨਹੀਂ ਹੈ | ਉਨ੍ਹਾਂ ਕਿਹਾ ਕਿ ਇਸ ਬਿੱਲ ਨੂੰ ਸਿਆਸੀ ਚਸ਼ਮੇ ਰਾਹੀਂ ਨਹੀਂ ਵੇਖਣਾ ਚਾਹੀਦਾ, ਕਿਉਂਕਿ ਇਹ ਲਿੰਗ ਸਮਾਨਤਾ ਅਤੇ ਔਰਤਾਂ ਦੇ ਸਨਮਾਨ ਦਾ ਮਾਮਲਾ ਹੈ | ਉਨ੍ਹਾਂ ਸਾਲ 1986 ਦੇ ਸ਼ਾਹਬਾਨੋ ਮਾਮਲੇ ਦੀ ਯਾਦ ਦਿਵਾਉਂਦਿਆਂ ਕਿਹਾ ਕਿ ਮੈਂ ਨਰਿੰਦਰ ਮੋਦੀ ਦੀ ਸਰਕਾਰ ਦਾ ਮੰਤਰੀ ਹਾਂ, ਰਾਜੀਵ ਗਾਂਧੀ ਦੀ ਸਰਕਾਰ ਦਾ ਨਹੀਂ |
ਬਿੱਲ ਦਾ ਵਿਰੋਧ ਕਰਦਿਆਂ ਕਾਂਗਰਸੀ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਿਸੇ ਇਕ ਖ਼ਾਸ ਧਰਮ ਨੂੰ ਖ਼ਤਮ ਕਰਨ ਲਈ ਕਾਨੂੰਨ ਨਹੀਂ ਬਣਾਉਣਾ ਚਾਹੀਦਾ | ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ‘ਬਿੱਲੀ ਥੈਲੇ ‘ਚੋਂ ਬਾਹਰ ਆ ਹੀ ਗਈ’ | ਆਜ਼ਾਦ ਨੇ ਕਿਹਾ ਕਿ ਸਰਕਾਰ ਨੂੰ ਅਸੰਵਿਧਾਨਕ ਕਾਨੂੰਨ ਬਣਾ ਕੇ ਕਿਸੇ ਇਕ ਵਰਗ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਔਰਤਾਂ ਦੇ ਸ਼ਕਤੀਕਰਨ ਲਈ ਉਨ੍ਹਾਂ ਨੂੰ 33 ਫ਼ੀਸਦੀ ਰਾਖ਼ਵਾਂਕਰਨ ਮੁਹੱਈਆ ਕਰਵਾਉਣਾ ਚਾਹੀਦਾ ਹੈ | ਉਨ੍ਹਾਂ ਸਰਕਾਰ ਤੋਂ ਪੁੱਛਿਆ ਕਿ ਜੇਕਰ ਉਕਤ ਕਾਨੂੰਨ ਅਨੁਸਾਰ ਤਿੰਨ ਤਲਾਕ ਦੇਣ ਵਾਲੇ ਪਤੀ ਨੂੰ ਜੇਲ੍ਹ ਹੁੰਦੀ ਹੈ ਤਾਂ ਕੀ ਸਰਕਾਰ ਔਰਤ ਨੂੰ ਗੁਜ਼ਾਰਾ ਭੱਤਾ ਮੁਹੱਈਆ ਕਰਵਾਏਗੀ |
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿੱਚੋਂ ਮੱਧਯੁੱਗੀ ਤੀਹਰੇ ਤਲਾਕ ਦੀ ਪ੍ਰਥਾ ਨੂੰ ਖਤਮ ਕਰਕੇ ਦੇਸ਼ ਮਾਣ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਸਲਮਾਨ ਔਰਤਾਂ ਨਾਲ ਧੱਕੇਸ਼ਾਹੀ ਵਾਲੀ ਇਤਿਹਾਸਕ ਗਲਤੀ ਨੂੰ ਅੱਜ ਸੋਧ ਦਿੱਤਾ ਗਿਆ ਹੈ। ਪੁਰਾਣੇ ਸਮਿਆਂ ਤੋਂ ਚਲੀ ਆ ਰਹੀ ਬੁਰਾਈ ਅੱਜ ਇਤਿਹਾਸ ਦੇ ਕੂੜਾਦਾਨ ਵਿੱਚ ਸੁੱਟ ਦਿੱਤੀ ਗਈ ਹੈ। ਇਹ ਪ੍ਰਗਟਾਵਾ ਪ੍ਰਧਾਨ ਮੰਤਰੀ ਨੇ ਰਾਜ ਸਭਾ ਵੱਲੋਂ ਤੀਹਰੇ ਤਲਾਕ ਬਿਲ ਦੇ ਪਾਸ ਕੀਤੇ ਜਾਣ ਤੋਂ ਕੁੱਝ ਹੀ ਮਿੰਟਾਂ ਵਿੱਚ ਟਵੀਟ ਕਰਕੇ ਕੀਤਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *