ਮਾਰਖ਼ਮ  ‘ਚ ਵੀਡਿਓ ਗੇਮ ਦੇ ਸ਼ੁਦਾਈ ਨੌਜਵਾਨ ਨੇ ਪੂਰਾ ਟੱਬਰ ਖ਼ਤਮ ਕੀਤਾ


ਮਰਖ਼ਮ ਸ਼ਹਿਰ ‘ਚ ਵਾਪਰੀ ਇੱਕ ਪਰਿਵਾਰ ਦੇ ਕਤਲ ਦੀ ਘਟਨਾ
ਪੁਲਿਸ ਨੇ ਮਹਿਨਾਜ਼ ਜ਼ਮਾਂ ਉਤੇ ਬੇਰਹਿਮੀ ਨਾਲ ਚਾਰ ਜੀਆਂ ਨੂੰ ਕਤਲ ਕਰਨ ਦਾ ਕੇਸ ਪਾਇਆ
ਓਟਵਾ/ਦੱਖਣੀ ਓਟਾਂਰੀਓ ਦੇ ਜੀਟੀਏ ਇਲਾਕੇ ਵਿਚ ਪੈਂਦੇ ਸ਼ਹਿਰ ਮਰਖ਼ਮ ਵਿਚ ਇੱਕੋ ਪਰਿਵਾਰ ਦੇ ਚਾਰ ਮੈਬਰਾਂ ਦੇ ਕਤਲ ਦੀ ਘਟਨਾ ਨਾਲ ਪੂਰੇ ਇਲਾਕੇ ਵਿਚ ਸਨਸਨੀ ਫੈਲ ਗਈ ਹੈ। ਇਸ ਤੋਂ ਵੀ ਵੱਧ ਖੌਫਨਾਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਇਹ ਸਾਰੇ ਕਤਲ ਵੀਡਿਓ ਗੇਮਾਂ ਨੇ ਸ਼ੁਦਾਈ ਕੀਤੇ ਘਰ ਦੇ ਇਕਲੌਤੇ ਮੁੰਡੇ ਵੱਲੋਂ ਕੀਤੇ ਗਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਯੌਰਕ ਰੀਜ਼ਨਲ ਪੁਲਿਸ ਨੇ ਦੱਸਿਆ ਹੈ ਕਿ ਪੀੜਤਾਂ ਵਿਚ ਤਿੰਨ ਔਰਤਾਂ ਅਤੇ ਇੱਕ ਪੁਰਸ਼ ਸ਼ਾਮਿਲ ਹੈ। ਪੋਸਟ ਮਾਰਟਮ ਕੀਤੇ ਜਾਣ ਮਗਰੋਂ ਉਹਨਾਂ ਦੀ ਪਹਿਚਾਣ ਦੇ ਵੇਰਵੇ ਨਸ਼ਰ ਕੀਤੇ ਜਾਣਗੇ। ਦੂਜੇ ਪਾਸੇ ਗੁਆਂਢ ਵਿਚ ਰਹਿੰਦੇ ਲੋਕਾਂ ਅਤੇ ਦੋਸਤਾਂ ਦੇ ਜ਼ਰੀਏ ਪੀੜਤਾਂ ਦੀ ਪਹਿਚਾਣ ਸੰਬੰਧੀ ਵੇਰਵੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪੀੜਤਾਂ ਦੇ ਅੰਤਿਮ ਸਸਕਾਰ ਲਈ ਫੰਡ ਇਕੱਤਰ ਕਰ ਰਹੇ ਇੱਕ ਪ੍ਰਬੰਧਕ ਨੇ ਆਨਲਾਇਨ ਪੋਸਟ ਰਾਹੀਂ ਦੱਸਿਆ ਹੈ ਕਿ ਮਲੇਸਾ ਜ਼ਮਾਂ, ਉਸ ਦੇ ਪਿਤਾ ਮੋਨੀਰੁਜ਼ ਜ਼ਮਾਂ, ਮਲੇਸਾ ਦੀ ਮਾਂ ਅਤੇ ਦਾਦੀ ਦਾ ਕਤਲ ਹੋਇਆ ਹੈ।
ਪੀੜਤ ਪਰਿਵਾਰ ਦੇ ਇੱਕ ਪੁਰਾਣੇ ਕਿਰਾਏਦਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਚਾਰ ਜੀਆਂ ਦਾ ਇਹ ਪਰਿਵਾਰ ਆਪਣੇ ਮਰਖਮ ਵਾਲੇ ਘਰ ਵਿਚ 23 ਸਾਲ ਦੇ ਮਹਿਨਾਜ਼ ਜ਼ਮਾਂ ਨਾਲ ਰਹਿੰਦਾ ਸੀ। ਮਹਿਨਾਜ਼ ਉੱਤੇ ਇਹਨਾਂ ਚਾਰੇ ਮੈਂਬਰਾਂ ਦੇ ਕਤਲ ਦਾ ਕੇਸ ਪਾਇਆ ਗਿਆ ਹੈ। ਗੁਆਂਢ ਵਿਚ ਰਹਿੰਦੀ ਇੱਕ ਔਰਤ ਅਫਨਾਨ ਅਲੀਬੱਕਾਸ ਨੇ ਦੱਸਿਆ ਕਿ ਉਹ ਇਸ ਪਰਿਵਾਰ ਨੂੰ ਪਿਛਲੇ 12 ਸਾਲ ਤੋਂ ਜਾਣਦੀ ਸੀ ਅਤੇ ਮਲੇਸਾ ਉਸ ਦੀ ਖਾਸ ਦੋਸਤ ਸੀ।
ਟੋਰਾਂਟੋ ਦੀ ਇੱਕ ਟੈਕਸੀ ਕੰਪਨੀ ਦਾ ਕਹਿਣਾ ਹੈ ਕਿ ਮਹਿਨਾਜ਼ ਦਾ ਪਿਤਾ ਮੋਨੀਰੁਜ਼ ਪਿਛਲੇ ਅੱਠ ਸਾਲ ਯਾਨਿ 2011 ਤੋ ਉਹਨਾਂ ਕੋਲ ਬਤੌਰ ਡਰਾਇਵਰ ਕੰਮ ਕਰ ਰਿਹਾ ਸੀ। ਕੰਪਨੀ ਨੇ ਬੁਲਾਰੇ ਕ੍ਰਿਸਟਾਈਨ ਹੱਬਾਰਡ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾ ਹੈ।
ਖੁਦ ਨੂੰ ਪੀੜਤ ਪਰਿਵਾਰ ਦਾ ਪੁਰਾਣਾ ਨਜ਼ਦੀਕੀ ਦੱਸਣ ਵਾਲੇ  ਰੌਬਿਨ ਇਸਲਾਮ ਨੇ ਦੱਸਿਆ ਕਿ ਵਧੀਆ ਜ਼ਿੰਦਗੀ ਦੀ ਤਲਾਸ਼ ਵਿਚ ਮੋਨੀਰੁਜ਼ ਅਤੇ ਉਸ ਦੀ ਪਤਨੀ 1980 ਵਿੱਚ ਬੰਗਲਾਦੇਸ਼ ਤੋਂ ਕੈਨੇਡਾ ਆਏ ਸਨ। ਪਿਛਲੇ ਮਹੀਨੇ ਇਸ ਜੋੜੀ ਨੇ ਆਪਣੇ ਵਿਆਹ ਦੀ 25ਵੀਂ ਵਰ੍ਹੇਗੰਢ ਮਨਾਈ ਸੀ। ਉਹਨਾਂ ਦੱਸਿਆ ਕਿ ਪੂਰਾ ਪਰਿਵਾਰ ਬਹੁਤ ਹੀ ਮਿਲਣਸਾਰ ਸੀ ਅਤੇ ਆਪਣੇ ਦੋਸਤਾਂ-ਮਿੱਤਰਾਂ ਨਾਲ ਖੂਬ ਸਮਾਂ ਬਿਤਾਉਂਦਾ ਸੀ।
ਪੀੜਤ ਮਲੇਸਾ ਨਾਲ ਹਾਈਸਕੂਲ ਤਕ ਪੜ੍ਹੀ ਸੰਨੀ ਸ਼ਾਹ ਲਲਾਨੀ ਨੇ ਦੱਸਿਆ ਕਿ ਉਹ ਉਸ ਤੋਂ ਬਾਅਦ ਟੈਕਸਾਸ ਚਲੀ ਗਈ ਸੀ ਅਤੇ ਮਲੇਸਾ ਨਾਲ ਉਹ ਆਖਰੀ ਵਾਰ 2018 ਵਿਚ ਮਿਲੀ ਸੀ। ਉਹਨਾਂ ਕਿਹਾ ਕਿ ਮਲੇਸਾ ਇੱਕ ਬਹੁਤ ਹੀ ਚੰਗੀ ਲੜਕੀ ਸੀ। ਉਹ ਮਲੇਸਾ ਦੇ ਭਰਾ ਮਹਿਨਾਜ਼ ਨੂੰ ਵੀ ਜਾਣਦੀ ਸੀ, ਜਿਸ ਬਾਰੇ ਉਸਦਾ ਕਹਿਣਾ ਹੈ ਕਿ ਉਹ ਬਹੁਤ ਹੀ ਘੱਟ ਬੋਲਦਾ ਸੀ।
ਇਸ ਦੇ ਨਾਲ ਹੀ ਡਿਸਕੌਰਡ ਨਾਂ ਦੇ ਕਮਿਉਨੀਕੇਸ਼ਨ ਐਪ ਉੱਤੇ ਮਹਿਨਾਜ਼ ਵੱਲੋਂ ਆਪਣੇ ਸਾਥੀਆਂ ਨੂੰ ਭੇਜੇ ਸੁਨੇਹਿਆਂ ਵਿਚੋਂ ਇਹ ਜਾਪਦਾ ਹੈ ਕਿ ਉਹ ਅੰਦਰੋ ਬਹੁਤ ਜ਼ਿਆਦਾ ਪਰੇਸ਼ਾਨ ਸੀ। ਇਹਨਾਂ ਵਿਚੋਂ ਦੋ ਵਿਅਕਤੀਆਂ ਨੂੰ ਭੇਜੇ ਸੁਨੇਹਿਆਂ ਵਿਚ ਮਹਿਨਾਜ਼ ਨਾਂ ਦਾ ਯੂਜ਼ਰ ਆਪਣੇ ਪਰਿਵਾਰ ਦਾ ਕਤਲ ਕਰਨ ਦੀਆਂ ਗੱਲਾਂ ਕਰਦਾ ਹੈ।ਇਹਨਾਂ ਵਿਚੋਂ ਕੁੱਝ ਸੁਨੇਹੇ ਕਤਲ ਕਰਨ ਤੋਂ ਕਈ ਮਹੀਨੇ ਪਹਿਲਾਂ ਭੇਜੇ ਗਏ ਸਨ ਅਤੇ ਬਾਕੀ ਜਿਹਨਾਂ ਵਿਚ ਲਾਸ਼ਾਂ ਅਤੇ ਘਾਤਕ ਹਥਿਆਰਾਂ ਦੇ ਚਿੱਤਰ ਸਨ, ਉਹ ਕਤਲ ਤੋਂ ਬਾਅਦ ਭੇਜੇ ਗਏ ਜਾਪਦੇ ਹਨ।
ਮਹਿਨਾਜ਼ ਨਾਲ ਪਿਛਲੇ ਕਈ ਸਾਲਾਂ ਤੋਂ ਵੀਡਿਓ ਗੇਮਾਂ ਖੇਡ ਰਹੇ ਦੋ ਵਿਅਕਤੀਆਂ ਨੇ ਦੱਸਿਆ ਹੈ ਕਿ ਡਿਸਕੌਰਡ ਉੱਤੇ ਜਿਸ ਵਿਅਕਤੀ ਵੱਲੋਂ ਸੁਨੇਹੇ ਪਾਏ ਗਏ ਹਨ, ਉਹ ਮਹਿਨਾਜ਼ ਜ਼ਮਾਂ ਹੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *