ਸੀ ਬੀ ਆਈ ਵੱਲੋਂ ਵਿਧਾਇਕ ਸੇਂਗਰ ਸਣੇ 9 ਵਿਰੁੱਧ ਸੜਕ ਹਾਦਸੇ ਦਾ ਕੇਸ ਦਰਜ


ਨਵੀਂ ਦਿੱਲੀ/ਸੀਬੀਆਈ ਨੇ ਆਖ਼ਿਰਕਾਰ ਬੰਗਰਮਾਓ ਤੋਂ ਭਾਜਪਾ ਦੇ ਵਿਧਾਇਕ ਕੁਲਦੀਪ ਸਿੰਘ ਸੇਂਗਰ, ਉਸਦੇ ਭਰਾ ਮਨੋਜ ਸਿੰਘ ਸਣੇ ਅੱਠ ਵਿਅਕਤੀਆਂ ਦੇ ਵਿਰੁੱਧ ਰਾਏਬਰੇਲੀ ਵਿੱਚ ਬਲਾਤਕਾਰ ਪੀੜ੍ਹਤਾਂ ਨੂੰ ਸੜਕ ਹਾਦਸੇ ਰਾਹੀਂ ਮਾਰਨ ਦੀ ਸਿਜਸ਼ ਘੜਨ ਦੇ ਦੋਸ਼ ‘ਚ ਕੇਸ ਦਰਜ ਕਰ ਲਿਆ ਹੈ। ਐੱਫਆਈਆਰ ਦੇ ਵਿੱਚ 15- 20 ਬੇਨਾਮ ਵਿਅਕਤੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਸੜਕ ਹਾਦਸੇ ਵਿੱਚ ਉਨਾਓ ਸਮੂਹਿਕ ਬਲਾਤਕਾਰ ਪੀੜਤਾ ਗੰਭੀਰ ਜ਼ਖ਼ਮੀ ਹੋ ਗਈ ਹੈ ਅਤੇ ਉਸਦੇ ਦੋ ਰਿਸ਼ਤੇਦਾਰਾਂ ਦੀ ਮੌਤ ਹੋ ਗਈ ਹੈ। ਇਹ ਐੱਫਆਈਆਰ ਪੀੜਤਾ ਦੇ ਚਾਚੇ ਮਹੇਸ਼ ਸਿੰਘ ਦੀ ਸ਼ਿਕਾਇਤ ਉੱਤੇ ਦਰਜ ਕੀਤੀ ਗਈ ਹੈ। ਵਿਧਾਇਕ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ। ਇਨ੍ਹਾਂ ਤੋਂ ਇਲਾਵਾ ਐੱਫਆਈਆਰ ਦੇ ਵਿੱਚ ਉੱਤਰ ਪ੍ਰਦੇਸ਼ ਦੇ ਮੰਤਰੀ ਰਵੇਂਦਰ ਪ੍ਰਤਾਪ ਸਿੰਘ ਦੇ ਜਵਾਈ ਅਰੁਨ ਸਿੰਘ ਦਾ ਨਾਂਅ ਵੀ ਸ਼ਾਮਲ ਹੈ।
ਇਸ ਦੌਰਾਨ ਹੀ ਉਨਾਓ ਜਬਰ-ਜਨਾਹ ਪੀੜਤਾ ਵੱਲੋਂ ਭਾਰਤ ਦੇ ਚੀਫ਼ ਜਸਟਿਸ (ਸੀਜੇਆਈ) ਰੰਜਨ ਗੋਗੋਈ ਨੂੰ ਲਿਖੇ ਪੱਤਰ ਦਾ ਨੋਟਿਸ ਲੈਂਦਿਆਂ ਸੁਪਰੀਮ ਕੋਰਟ ਨੇ ਆਪਣੇ ਹੀ ਸਕੱਤਰ ਜਨਰਲ ਤੋਂ ਰਿਪੋਰਟ ਤਲਬ ਕਰ ਲਈ ਹੈ। ਰਿਪੋਰਟ ਵਿੱਚ ਪੱਤਰ ਸਿਖਰਲੀ ਅਦਾਲਤ ਮੂਹਰੇ ਰੱਖਣ ਵਿੱਚ ਹੋਈ ਦੇਰੀ ਦਾ ਕਾਰਨ ਪੁੱਛਿਆ ਗਿਆ ਹੈ। ਇਸ ਪੱਤਰ ਨੂੰ ਲੈ ਕੇ ਸੁਣਵਾਈ ਭਲਕੇ ਹੋਵੇਗੀ। ਸੀਜੇਆਈ ਨੂੰ ਲਿਖੇ ਇਸ ਪੱਤਰ ਵਿੱਚ 19 ਸਾਲਾ ਪੀੜਤਾ ਨੇ ਉਹਨੂੰ ਜਾਨ ਤੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਤੋਂ ਜਾਣੂ ਕਰਵਾਇਆ ਸੀ। ਇਸ ਦੌਰਾਨ ਸੀਬੀਆਈ ਨੇ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਤੇ ਨੌਂ ਹੋਰਨਾਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਤੋਂ ਇਕ ਦਿਨ ਮਗਰੋਂ ਅੱਜ ਰਾਇਬਰੇਲੀ ਜ਼ਿਲ੍ਹੇ ਦੇ ਗੁਰਬਖ਼ਸ਼ਗੰਜ ਖੇਤਰ ਵਿੱਚ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ। ਉਧਰ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਧਿਰਾਂ ਨੇ ਅੱਜ ਉਨਾਓ ਹਾਦਸੇ ਨੂੰ ਲੈ ਕੇ ਮੁੜ ਲੋਕ ਸਭਾ ਵਿੱਚ ਸਰਕਾਰ ਤੋਂ ਸਫ਼ਾਈ ਮੰਗੀ ਤੇ ਸਦਨ ਵਿੱਚੋਂ ਵਾਕਆਊਟ ਕੀਤਾ।
ਇਸ ਤੋਂ ਪਹਿਲਾਂ ਜਸਟਿਸ ਰੰਜਨ ਗੋਗੋਈ ਨੇ ਉਨਾਓ ਜਬਰ-ਜਨਾਹ ਪੀੜਤਾ ਵੱਲੋਂ ਲਿਖੇ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ, ‘ਬਦਕਿਸਮਤੀ ਨਾਲ ਇਹ ਪੱਤਰ ਅਜੇ ਤਕ ਸਿਖਰਲੀ ਅਦਾਲਤ ਅੱਗੇ ਨਹੀਂ ਰੱਖਿਆ ਗਿਆ, ਪਰ ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਇਹੀ ਪ੍ਰਭਾਵ ਜਾਂਦਾ ਹੈ ਕਿ ਮੈਂ ਇਸ ਪੱਤਰ ਨੂੰ ਪੜ੍ਹ ਚੁੱਕਾ ਹਾਂ।’ ਬੈਂਚ, ਜਿਸ ਵਿੱਚ ਜਸਟਿਸ ਦੀਪਕ ਗੁਪਤਾ ਤੇ ਅਨਿਰੁੱਧ ਬੋਸ ਵੀ ਸ਼ਾਮਲ ਹਨ, ਨੇ ਕਿਹਾ ਕਿ ਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਇਹੀ ਲਗਦਾ ਹੈ ਕਿ ਸੀਜੇਆਈ ਨੇ ਕੋਈ ਕਾਰਵਾਈ ਨਹੀਂ ਕੀਤੀ। ਬੈਂਚ ਨੇ ਕਿਹਾ, ‘ਅਸੀਂ ਇਨ੍ਹਾਂ ਅਤਿ ਸੰਵੇਦਨਸ਼ੀਲ ਹਾਲਾਤ ਬਾਰੇ ਕੁਝ ਕਰਾਂਗੇ।’ ਇਸ ਦੇ ਨਾਲ ਹੀ ਸਿਖਰਲੀ ਅਦਾਲਤ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਉਨਾਓ ਕਾਰ ਹਾਦਸੇ ਸਬੰਧੀ ਸਟੇਟਸ ਰਿਪੋਰਟ ਵੀਰਵਾਰ ਤਕ ਦਾਖ਼ਲ ਕਰਨ ਲਈ ਆਖ ਦਿੱਤਾ ਹੈ। ਕੇਸ ਦੀ ਅਗਲੀ ਸੁਣਵਾਈ ਇਸੇ ਦਿਨ ਹੋਵੇਗੀ। ਉਧਰ ਲੋਕ ਸਭਾ ਵਿੱਚ ਕਾਂਗਰਸ ਸਮੇਤ ਹੋਰਨਾਂ ਵਿਰੋਧੀ ਪਾਰਟੀਆਂ ਨੇ ਉਨਾਓ ਹਾਦਸੇ ਨੂੰ ਲੈ ਕੇ ਅੱਜ ਮੁੜ ਹੰਗਾਮਾ ਕੀਤਾ ਤੇ ਗ੍ਰਹਿ ਮੰਤਰੀ ਕੋਲੋਂ ਸਫ਼ਾਈ ਮੰਗੀ। ਕਾਂਗਰਸ, ਡੀਐੱਮਕੇ ਸਮੇਤ ਹੋਰ ਪਾਰਟੀਆਂ ਮਗਰੋਂ ਸਦਨ ‘ਚੋਂ ਵਾਕਆਊਟ ਕਰ ਗਈਆਂ।
ਇਸ ਦੌਰਾਨ ਸੀਬੀਆਈ ਦੀ ਇਕ ਵਿਸ਼ੇਸ਼ ਟੀਮ ਨੇ ਅੱਜ ਰਾਇਬਰੇਲੀ ਵਿੱਚ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ। ਟੀਮ ਨੇ ਕੇਸ ਨਾਲ ਸਬੰਧਤ ਪੁਲੀਸ ਅਧਿਕਾਰੀਆਂ ਤੋਂ ਵੀ ਪੁੱਛਗਿੱਛ ਕੀਤੀ। ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਸੀਬੀਆਈ ਨੇ ਕੇਸ ਦੀ ਜਾਂਚ ਨੂੰ ਰਫ਼ਤਾਰ ਦੇਣ ਲਈ ਟੀਮ ਗਠਿਤ ਕੀਤੀ ਹੈ। ਉਧਰ ਕਾਰ-ਟਰੱਕ ਹਾਦਸੇ ਵਿੱਚ ਮਾਰੀ ਹੋਈ ਜਬਰ-ਜਨਾਹ ਪੀੜਤਾ ਦੀ ਨੇੜਲੀ ਰਿਸ਼ਤੇਦਾਰ (ਚਾਚੀ) ਦਾ ਅੱਜ ਗੰਗਾ ਦੇ ਘਾਟ ‘ਤੇ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੀੜਤਾ ਦਾ ਚਾਚਾ ਮਹੇਸ਼ ਸਿੰਘ ਵੀ ਮੌਜੂਦ ਸੀ, ਜਿਸ ਨੂੰ ਆਪਣੀ ਪਤਨੀ ਦੇ ਸਸਕਾਰ ਲਈ ਇਕ ਦਿਨ ਦੀ ਪੈਰੋਲ ਦਿੱਤੀ ਗਈ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *