ਕੈਫ਼ੇ ਕੌਫੀ ਡੇਅ’ ਦੇ ਸੰਸਥਾਪਕ ਸਿਧਾਰਥ ਦੀ ਲਾਸ਼ ਮਿਲੀ


ਮੰਗਲੌਰ/ਕਰਨਾਟਕ ਦੇ ਦੱਖਣੀ ਕੰਨੜ ਜ਼ਿਲ੍ਹੇ ਵਿਚ ਸਥਾਨਕ ਮਛੇਰਿਆਂ ਤੇ ਗਸ਼ਤ ਕਰ ਰਹੀ ਪੁਲੀਸ ਨੇ ‘ਕੈਫ਼ੇ ਕੌਫ਼ੀ ਡੇਅ’ (ਸੀਸੀਡੀ) ਦੇ ਸੰਸਥਾਪਕ ਵੀ ਜੀ ਸਿਧਾਰਥ ਦੀ ਮ੍ਰਿਤਕ ਦੇਹ ਨੇਤਰਾਵਤੀ ਨਦੀ ਵਿਚੋਂ ਬਰਾਮਦ ਕਰ ਲਈ। ਪੁਲੀਸ ਮੁਤਾਬਕ ‘ਹਰ ਪੱਖ’ ਖ਼ੁਦਕੁਸ਼ੀ ਵੱਲ ਇਸ਼ਾਰਾ ਕਰ ਰਿਹਾ ਹੈ ਪਰ ਜਾਂਚ ਪੂਰੀ ਹੋਣ ਤੱਕ ਕਿਸੇ ਨਤੀਜੇ ‘ਤੇ ਨਹੀਂ ਪਹੁੰਚਿਆ ਜਾ ਸਕਦਾ। ਆਪਣੀ ਕੈਫ਼ੇ ਚੇਨ ਨਾਲ ਸ਼ਹਿਰੀ ਇਲਾਕਿਆਂ ਦੀ ਲਾਟੇ, ਕੈਪੇਚੀਨੋ, ਅਮੈਰੀਕੈਨੋ ਤੇ ਐਕਸਪ੍ਰੈਸੋ ਸਮੇਤ ਕਾਫ਼ੀ ਦੇ ਵੱਖ-ਵੱਖ ਸਵਾਦਾਂ ਨਾਲ ਜਾਣ-ਪਛਾਣ ਕਰਵਾਉਣ ਵਾਲੇ ਸਿਧਾਰਥ 59 ਵਰ੍ਹਿਆਂ ਦੇ ਸਨ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਮਾਲਵਿਕਾ ਤੇ ਦੋ ਪੁੱਤਰ ਹਨ। ਦੱਖਣੀ ਕੰਨੜ ਜ਼ਿਲ੍ਹੇ ਦੇ ਕਮਿਸ਼ਨਰ ਸ਼ਸ਼ੀਕਾਂਤ ਸੇਂਥਿਲ ਨੇ ਦੱਸਿਆ ਕਿ ਸਿਧਾਰਥ ਦੇ ਦੋਸਤਾਂ ਨੇ ਉਨ੍ਹਾਂ ਦੀ ਦੇਹ ਦੀ ਸ਼ਨਾਖ਼ਤ ਕੀਤੀ ਹੈ। ਸਿਧਾਰਥ ਦਾ ਪਤਾ ਲਾਉਣ ਲਈ ਕਈ ਏਜੰਸੀਆਂ ਨੇ ਉਸ ਪੁਲ ਹੇਠਾਂ ਨੇਤਰਾਵਤੀ ਨਦੀ ਵਿਚ ਤਲਾਸ਼ ਕੀਤੀ ਸੀ, ਜਿੱਥੇ ਉਨ੍ਹਾਂ ਨੂੰ ਆਖ਼ਰੀ ਵਾਰ ਦੇਖਿਆ ਗਿਆ ਸੀ। ਕਰਨਾਟਕ ਦੇ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਕੋਲ ਪਰਿਵਾਰ ਨੂੰ ਦਿਲਾਸਾ ਦੇਣ ਲਈ ਸ਼ਬਦ ਨਹੀਂ ਹਨ। ਉਨ੍ਹਾਂ ਕਿਹਾ ਕਿ ਸਿਧਾਰਥ ਦੀਆਂ ਦੇਣਦਾਰੀਆਂ ਉਸ ਦੀ ਪੂੰਜੀ ਨਾਲੋਂ ਵੱਧ ਸਨ। ਯੇਦੀਯੁਰੱਪਾ ਨੇ ਟਵੀਟ ਕਰ ਕੇ ਸਿਧਾਰਥ ਦੇ ਰਿਸ਼ਤੇ ਵਿਚ ਸਹੁਰਾ ਲੱਗਦੇ ਐੱਸਐਮ ਕ੍ਰਿਸ਼ਨਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਮੰਗਲੌਰ ਦੇ ਹਸਪਤਾਲ ਵਿਚ ਲਾਸ਼ ਦਾ ਪੋਸਟਮਾਰਟਮ ਕਰਨ ਤੋਂ ਬਾਅਦ ਦੇਹ ਨੂੰ ਸਿਧਾਰਥ ਦੇ ਜੱਦੀ ਨਗਰ ਚਿਕਮੰਗਲੁਰੂ ਲਿਜਾਇਆ ਗਿਆ ਤੇ ਸਸਕਾਰ ਕਰ ਦਿੱਤਾ ਗਿਆ। ਕਰਨਾਟਕ ਕਾਂਗਰਸ ਨੇ ਟਵੀਟ ਕਰ ਕੇ ਕਿਹਾ ਕਿ ਇਹ ਟੈਕਸ ਅਧਿਕਾਰੀਆਂ ਵੱਲੋਂ ਪ੍ਰੇਸ਼ਾਨ ਕਰਨ, ਟੈਕਸ ਅਤਿਵਾਦ ਤੇ ਅਰਥਵਿਵਸਥਾ ਦੇ ਢਹਿ ਜਾਣ ਨਾਲ ਭਾਰਤ ਵਿਚ ਉੱਦਮੀਆਂ ਦੇ ਨਿਘਾਰ ਦਾ ਸੰਕੇਤ ਹੈ।
ਇਸ ਦੌਰਾਨ ਕੈਫ਼ੇ ਕੌਫ਼ੀ ਡੇਅ ਨੂੰ ਚਲਾਉਣ ਵਾਲੀ ਕੰਪਨੀ ਕੌਫ਼ੀ ਡੇਅ ਐਂਟਰਪ੍ਰਾਇਜ਼ਿਜ਼ ਨੇ ਕੰਪਨੀ ਦੇ ਸੰਸਥਾਪਕ ਵੀਜੀ ਸਿਧਾਰਥ ਦੀ ਦੇਹ ਮਿਲਣ ਤੋਂ ਬਾਅਦ ਆਜ਼ਾਦਾਨਾ ਡਾਇਰੈਕਟਰ ਐੱਸ਼ਵੀ ਰੰਗਨਾਥ ਨੂੰ ਅੰਤ੍ਰਿਮ ਚੇਅਰਮੈਨ ਨਿਯੁਕਤ ਕੀਤਾ ਹੈ। ਕੰਪਨੀ ਦੇ ਬੋਰਡ ਆਫ਼ ਡਾਇਰੈਕਟਰਜ਼ ਨੇ ਅਗਲੀ ਰਣਨੀਤੀ ਤੈਅ ਕਰਨ ਲਈ ਬੈਠਕ ਕੀਤੀ ਸੀ। ਸਿਧਾਰਥ ਦੀ ਪਤਨੀ ਮਾਲਵਿਕਾ ਹੈਗੜੇ ਵੀ ਡਾਇਰੈਕਟਰ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *