ਸਿਆਸੀ ਪ੍ਰੋਗਰਾਮਾਂ ‘ਚ ਸਿਰੋਪੇ ਦੀ ਥਾਂ ਪਾਰਟੀ ਚਿੰਨ੍ਹ ਵਰਤੇ ਜਾਣ: ਅਕਾਲ ਤਖ਼ਤ


ਅੰਮ੍ਰਿਤਸਰ/ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਵਾਰ ਮੁੜ ਸਮੂਹ ਸਿਆਸੀ ਪਾਰਟੀਆਂ ਨੂੰ ਆਖਿਆ ਕਿ ਉਹ ਆਪਣੇ ਸਿਆਸੀ ਪ੍ਰੋਗਰਾਮਾਂ ਦੌਰਾਨ ਸਿਰੋਪੇ ਦੀ ਵਰਤੋਂ ਨਾ ਕਰਨ ਅਤੇ ਇਸ ਦੀ ਥਾਂ ‘ਤੇ ਆਪਣਾ ਵੱਖਰਾ ਪਾਰਟੀ ਚਿੰਨ੍ਹ ਤਿਆਰ ਕਰਨ। ਇਸ ਸਬੰਧ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਵੀ ਇਕ ਹੁਕਮ ਜਾਰੀ ਹੋ ਚੁੱਕਾ ਹੈ ਅਤੇ ਮੁੜ ਅਪਰੈਲ 2019 ਵਿੱਚ ਅਜਿਹਾ ਹੁਕਮ ਜਾਰੀ ਕੀਤਾ ਗਿਆ ਸੀ।
ਇਸ ਹੁਕਮ ਦੇ ਬਾਵਜੂਦ ਕਈ ਸਿਆਸੀ ਪਾਰਟੀਆਂ ਵੱਲੋਂ ਆਪਣੇ ਸਿਆਸੀ ਪ੍ਰੋਗਰਾਮਾਂ ‘ਚ ਸਿਰੋਪੇ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਜਦੋਂ ਪਾਰਟੀ ‘ਚ ਕੋਈ ਨਵਾਂ ਆਗੂ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਜੀ ਆਇਆਂ ਕਹਿਣ ਲਈ ਸਿਰੋਪੇ ਦਿੱਤੇ ਜਾਂਦੇ ਹਨ। ਇਸ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਨੂੰ ਇੱਕ ਪੱਤਰ ਭੇਜ ਕੇ ਜਾਣਕਾਰੀ ਦਿੱਤੀ ਹੈ ਕਿ ਪਾਰਟੀ ਵਿੱਚ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕਰਨ ਲਈ ਹਦਾਇਤ ਜਾਰੀ ਕਰ ਦਿੱਤੀ ਗਈ ਹੈ। ਇਹ ਪੱਤਰ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾæ ਦਲਜੀਤ ਸਿੰਘ ਚੀਮਾ ਵੱਲੋਂ ਪਾਰਟੀ ਦੇ ਸਮੂਹ ਵਿੰਗਾਂ ਦੇ ਆਗੂਆਂ ਨੂੰ ਭੇਜਿਆ ਗਿਆ ਹੈ। ਇਸ ਦਾ ਉਤਾਰਾ ਸ੍ਰੀ ਅਕਾਲ ਤਖ਼ਤ ‘ਤੇ ਵੀ ਭੇਜਿਆ ਗਿਆ ਹੈ।
ਇਸ ਪੱਤਰ ‘ਚ ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਦਾਇਤ ਜਾਰੀ ਕੀਤੀ ਹੈ ਕਿ ਸ੍ਰੀ ਅਕਾਲ ਤਖ਼ਤ ਤੋਂ ਪ੍ਰਾਪਤ ਹੋਏ ਹੁਕਮਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇ। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਦੇ ਹੁਕਮ ਦਾ ਹਵਾਲਾ ਵੀ ਇਸ ਪੱਤਰ ਵਿੱਚ ਦਿੱਤਾ ਹੈ, ਜਿਸ ‘ਚ ਰਾਜਸੀ ਪਾਰਟੀਆਂ ਨੂੰ ਪਾਰਟੀ ਵਿੱਚ ਨਵੇਂ ਮੈਂਬਰ ਸ਼ਾਮਲ ਕਰਨ ਸਮੇਂ ਸਿਰੋਪੇ ਦੀ ਵਰਤੋਂ ਨਾ ਕਰਨ ਲਈ ਆਖਿਆ ਗਿਆ ਹੈ। ਇਸ ਦੀ ਥਾਂ ‘ਤੇ ਸਿਆਸੀ ਪਾਰਟੀਆਂ ਆਪਣਾ ਵੱਖਰਾ ਪਾਰਟੀ ਚਿੰਨ੍ਹ ਤਿਆਰ ਕਰਨ। ਇਸ ਪੱਤਰ ਦੀ ਪ੍ਰਾਪਤੀ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਤੋਂ ਹੋਰ ਵੀ ਸਿਆਸੀ ਪਾਰਟੀਆਂ ਨੂੰ ਆਖਿਆ ਗਿਆ ਹੈ ਕਿ ਉਹ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਤਾਂ ਜੋ ਸਿਰੋਪੇ ਦੀ ਮਹਾਨਤਾ ਨੂੰ ਕਾਇਮ ਰੱਖਿਆ ਜਾ ਸਕੇ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *