ਅਕਾਲੀ ਦਲ ਵੱਲੋਂ ਗੁਰਬਾਣੀ ਦਾ ਨਿਰਾਦਰ ਕਰਨ ਲਈ ਕਮਲ ਨਾਥ ਦੀ ਨਿਖੇਧੀ


ਕਮਲਨਾਥ ਦੀ ਫੇਸਬੁੱਕ ਪੋਸਟ ਦਾ ਸ਼੍ਰੋਮਣੀ ਕਮੇਟੀ ਵੱਲੋਂ ਤਿੱਖਾ ਵਿਰੋਧ
ਚੰਡੀਗੜ੍ਹ/ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਗੁਰਬਾਣੀ ਦਾ ਨਿਰਾਦਰ ਕਰਨ ਅਤੇ ਇਸ ਨੂੰ ਤੋੜ ਮਰੋੜ ਕੇ ਆਪਣੀ ਪ੍ਰਸੰਸਾ ਲਈ ਇਸਤੇਮਾਲ ਕਰਦਿਆਂ ਸੂਬੇ ਦੇ ਮੁਖੀ ਵਜੋਂ ਸਭ ਤੋਂ ਵੱਡੀ ਬੇਅਦਬੀ ਕਰਨ ਲਈ ਸਖ਼ਤ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਪਾਰਟੀ ਨੇ ਜਾਣ ਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਲਈ ਕਾਂਗਰਸ ਆਗੂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਮਲ ਨਾਥ ਵੱਲੋਂ ਕੀਤੀ ਗੁਰਬਾਣੀ ਨੂੰ ਤੋੜਣ ਮਰੋੜਣ ਦੀ ਹਰਕਤ ਨਾਲ ਸਿੱਖਾਂ ਦਾ ਮਨਾਂ ਵਿਚ ਉਸ ਦਾ ਭਿਆਨਕ ਅਤੀਤ ਮੁੜ ਤਾਜ਼ਾ ਹੋ ਗਿਆ ਹੈ। ਉਹਨਾਂ ਕਿਹਾ ਕਿ ਕਮਲ ਨਾਥ ਨੇ ਫੇਸਬੁੱਕ ਉੱਤੇ ਪਾਈ ਇਕ ਪੋਸਟ ਵਿਚ ਜਾਣ ਬੁੱਝਕੇ ਦਸ਼ਮੇਸ਼ ਪਿਤਾ ਦੀ ਗੁਰਬਾਣੀ ਦੀਆਂ ਸਤਰਾਂ ਨੂੰ ਤੋੜ ਮਰੋੜ ਕੇ ਸਿੱਖਾਂ ਨੂੰ ਇੱਕ ਵੱਡਾ ਸਦਮਾ ਦਿੱਤਾ ਹੈ। ਉਹਨਾਂ ਕਿਹਾ ਕਿ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਸ ਨਾਲ ਪੂਰੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸੱਟ ਵੱਜੇਗੀ, ਕਿਉਂਕਿ ਉਸ ਦਾ ਇਤਿਹਾਸ ਹੀ ਅਜਿਹਾ ਹੈ, ਜਿਸ ਨੇ 1984 ਵਿਚ ਸਿੱਖਾਂ ਦਾ ਸਮੂਹਿਕ ਕਤਲੇਆਮ ਕਰਵਾਇਆ ਸੀ। ਉਹਨਾਂ ਕਿਹਾ ਕਿ ਕਮਲ ਨਾਥ ਦੀ ਗੁਰਬਾਣੀ ਦਾ ਨਿਰਾਦਰ ਕਰਨ ਦੀ ਤਾਜ਼ਾ ਕੋਸ਼ਿਸ਼ ਸਿੱਖਾਂ ਉੱਤੇ ਕੀਤੇ ਦੂਜੇ ਹਮਲੇ ਦੇ ਸਮਾਨ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕਾਂਗਰਸੀ ਆਗੂ ਦੀ ਸਿੱਖ-ਵਿਰੋਧੀ ਮਾਨਸਿਕਤਾ ਬਿਲਕੁੱਲ ਨਹੀਂ ਬਦਲੀ ਹੈ।
ਕਮਲ ਨਾਥ ਵੱਲੋਂ ਕੀਤੀ ਬੇਅਦਬੀ ਦੀ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਜਾਣ ਬੁੱਝ ਕੇ ਦਸਵੀਂ ਪਾਤਸ਼ਾਹੀ ਦੀ ਬਾਣੀ ਦੀਆਂ ਪ੍ਰਸਿੱਧ  ਸਤਰਾਂ ‘ਸਵਾ ਲਾਖ ਸੇ ਏਕ ਲੜਾਊਂ, ਤਬੇ ਗੋਬਿੰਦ ਸਿੰਘ ਨਾਮ ਕਹਾਊਂ’ ਨੂੰ ਤੋੜਦਿਆਂ-ਮਰੋੜਦਿਆਂ ਆਖਰੀ ਸਤਰ ਵਿਚ ਗੁਰੂ ਸਾਹਿਬ ਦੀ ਥਾਂ ਆਪਣਾ ਨਾਂ ਫਿੱਟ ਕਰਕੇ ਪਵਿੱਤਰ ਗੁਰਬਾਣੀ ਦਾ ਨਿਰਾਦਰ ਕੀਤਾ ਹੈ। ਉਹਨਾਂ ਕਿਹਾ ਕਿ ਸੂਬੇ ਦੀ ਸਭ ਤੋਂ ਜ਼ਿੰਮੇਵਾਰ ਕੁਰਸੀ ਉੱਤੇ ਬੈਠੇ ਵਿਅਕਤੀ ਵੱਲੋਂ ਕੀਤੀ ਗਈ ਇਹ ਸਭ ਤੋਂ ਵੱਡੀ ਬੇਅਦਬੀ ਹੈ। ਜਾਣ ਬੁੱਝ ਕੇ ਇੱਕ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਲਈ ਉਸ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਕਮਲ ਨਾਥ ਨੂੰ ਆਪਣੀ ਇਸ ਹਰਕਤ ਲਈ ਸਮੁੱਚੀ ਸਿੱਖ ਸੰਗਤ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਵੱਲੋਂ ਆਪਣੀ ਫੇਸਬੁਕ ‘ਤੇ ਪਾਈ ਗਈ ਇਕ ਪੋਸਟ, ਜਿਸ ਵਿਚ ਉਸ ਨੇ ਆਪਣੀ ਤੁਲਨਾ ਗੁਰੂ ਗੋਬਿੰਦ ਸਿੰਘ ਨਾਲ ਕੀਤੀ ਹੈ, ‘ਤੇ ਸ਼੍ਰੋਮਣੀ ਕਮੇਟੀ ਸਖ਼ਤ ਇਤਰਾਜ਼ ਕੀਤਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਕਾਰਵਾਈ ਨੂੰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਦੱਸਿਆ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ‘ਤੇ ਸਖ਼ਤ ਇਤਰਾਜ਼ ਉਠਾਉਂਦਿਆਂ ਕਿਹਾ ਕਿ ਕਮਲ ਨਾਥ ਨੇ ਅਜਿਹਾ ਕਰ ਕੇ ਆਪਣੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਉਸ ਦੀ ਇਸ ਕਾਰਵਾਈ ਨਾਲ ਸਿੱਖ ਸੰਗਤਾਂ ਵਿਚ ਰੋਸ ਹੈ। ਇਸ ਮਾਮਲੇ ਵਿਚ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਗੁਰਬਾਣੀ ਸਮੁੱਚੇ ਵਿਸ਼ਵ ਨੂੰ ਆਪਣੇ ਕਲਾਵੇ ਵਿਚ ਲੈਂਦੀ ਹੈ, ਪਰ ਕੁਝ ਲੋਕ ਇਸ ਦੀ ਬੇਅਦਬੀ ਕਰ ਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਖ਼ਰਾਬ ਕਰਨ ਦਾ ਯਤਨ ਕਰ ਰਹੇ ਹਨ। ਉਨ੍ਹਾ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਘਟਨਾਵਾਂ ਦੀ ਤਹਿ ਤੱਕ ਜਾ ਕੇ ਪਤਾ ਲਾਇਆ ਜਾਵੇ ਕਿ ਇਨ੍ਹਾਂ ਪਿੱਛੇ ਕਿਹੜੀਆਂ ਤਾਕਤਾਂ ਕੰਮ ਕਰਦੀਆਂ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *