ਖਾੜ੍ਹੀ ‘ਚ ਯੂਰੋਪੀਅਨ ਫਲੀਟ ਦੀ ਮੌਜੂਦਗੀ ਤਲਖ਼ੀ ਵਧਾਏਗੀ: ਇਰਾਨ


ਤਹਿਰਾਨ/ਫ਼ਾਰਸ ਦੀ ਖਾੜ੍ਹੀ ਵਿੱਚ ਤੇਲ ਟੈਂਕਰਾਂ ‘ਤੇ ਕਬਜ਼ੇ ਨੂੰ ਲੈ ਕੇ ਜਾਰੀ ਤਲਖ਼ੀ ਦਰਮਿਆਨ ਇਰਾਨ ਨੇ ਫ਼ਾਰਸ ਦੀ ਖਾੜ੍ਹੀ ਵਿੱਚ ਫਲੀਟ ਤਾਇਨਾਤ ਕਰਨ ਦੀ ਬਰਤਾਨਵੀ ਤਜਵੀਜ਼ ਨੂੰ ‘ਭੜਕਾਊ’ ਦੱਸਿਆ ਹੈ। ਬਰਤਾਨੀਆ ਨੇ ਇਸ ਤਜਵੀਜ਼ ਵਿੱਚ ਯੂਰੋਪ ਦੀ ਅਗਵਾਈ ਵਾਲੇ ਜਲ ਸੈਨਿਕ ਮਿਸ਼ਨ ਵੱਲੋਂ ਖਾੜ੍ਹੀ ਵਿੱਚ ਤੇਲ ਟੈਂਕਰਾਂ ਨੂੰ ਮਾਰਗ ਰੱਖਿਅਕ ਵਜੋਂ ਅਗਵਾਈ ਦੇਣ ਦੀ ਪੇਸ਼ਕਸ਼ ਕੀਤੀ ਸੀ। ਸਰਕਾਰੀ ਬੁਲਾਰੇ ਅਲੀ ਰਾਬੀ ਨੇ ਕਿਹਾ, ‘ਅਸੀਂ ਸੁਣਿਆ ਹੈ ਕਿ ਉਹ (ਬਰਤਾਨੀਆ) ਫ਼ਾਰਸ ਦੀ ਖਾੜ੍ਹੀ ਵਿੱਚ ਯੂਰੋਪੀਅਨ ਫਲੀਟ ਭੇਜਣਾ ਚਾਹੁੰਦੇ ਹਨ, ਜੋ ਆਪਣੇ ਆਪ ‘ਚ ਵਿਰੋਧੀ ਸੁਨੇਹਾ ਹੋਣ ਦੇ ਨਾਲ ਭੜਕਾਉਣ ਵਾਲਾ ਹੈ। ਇਸ ਨਾਲ ਭਵਿੱਖ ‘ਚ ਤਲਖ਼ੀ ਵਧੇਗੀ।’ ਉਧਰ ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਕਿਹਾ ਕਿ ਅਜਿਹੀ ਪੇਸ਼ਕਦਮੀ ਨਾਲ ਹਾਲਾਤ ਸੁਧਰਨ ਦੀ ਥਾਂ ਹੋਰ ਵਿਗੜਨਗੇ। ਉਨ੍ਹਾਂ ਕਿਹਾ, ‘ਵਿਦੇਸ਼ੀ ਸਲਾਮਤੀ ਦਸਤਿਆਂ ਦੀ ਮੌਜੂਦਗੀ ਖਿੱਤੇ ਦੀ ਸੁਰੱਖਿਆ ਲਈ ਮਦਦਗਾਰ ਸਾਬਿਤ ਹੋਣ ਦੀ ਥਾਂ ਤਲਖੀ ਦਾ ਮੁੱਖ ਕਾਰਨ ਬਣੇਗੀ।’ ਬਰਤਾਨੀਆ ਨੇ ਲੰਘੇ ਸੋਮਵਾਰ ਨੂੰ ਕਿਹਾ ਸੀ ਕਿ ਉਹ ਯੂਰੋਪੀਅਨ ਸਲਾਮਤੀ ਦਸਤਿਆਂ ਦੀ ਅਗਵਾਈ ਵਿੱਚ ਫਾਰਸ ਦੀ ਖਾੜ੍ਹੀ ‘ਚੋਂ ਲੰਘਦੇ ਤੇਲ ਟੈਂਕਰਾਂ ਨੂੰ ਅਗਵਾਈ ਦੇਣ ਦੀ ਯੋਜਨਾ ਬਣਾ ਰਿਹਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *