ਟਰੰਪ ਪ੍ਰਸ਼ਾਸਨ ਨੂੰ ਕੰਧ ਉਸਾਰਨ ਲਈ ਹਰੀ ਝੰਡੀ ਮਿਲੀ


ਵਾਸ਼ਿੰਗਟਨ/ਅਮਰੀਕਾ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਹੈ ਕਿ ਟਰੰਪ ਪ੍ਰਸ਼ਾਸਨ ਮੈਕਸਿਕੋ ਨਾਲ ਲੱਗਦੀ ਸਰਹੱਦ ‘ਤੇ ਕੰਧ ਦੇ ਨਿਰਮਾਣ ਲਈ ਪੈਂਟਾਗਨ ਦੇ ਅਰਬਾਂ ਡਾਲਰ ਦੇ ਫੰਡ ਵਰਤ ਸਕਦੇ ਹਨ। ਅਦਾਲਤ ਦੇ ਪੰਜ ਜੱਜਾਂ ਨੇ ਬੀਤੇ ਦਿਨ ਟਰੰਪ ਪ੍ਰਸ਼ਾਸਨ ਨੂੰ ਚਾਰ ਠੇਕਿਆਂ ‘ਤੇ ਕੰਮ ਸ਼ੁਰੂ ਕਰਨ ਲਈ ਝੰਡੀ ਦੇ ਦਿੱਤੀ ਹੈ। ਹੇਠਲੀ ਅਦਾਲਤ ਨੇ ਇਨ੍ਹਾਂ ਪ੍ਰਾਜੈਕਟਾਂ ‘ਤੇ ਰੋਕ ਲਗਾ ਦਿੱਤੀ ਸੀ।
ਸੁਪਰੀਮ ਕੋਰਟ ਦੇ ਫੰਡ ਦੀ ਵਰਤੋਂ ਕਰਨ ‘ਤੇ ਲੱਗੀ ਰੋਕ ਹਟਾਉਣ ਦੇ ਇਸ ਫ਼ੈਸਲੇ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਨੂੰ 2016 ਦੇ ਚੋਣ ਪ੍ਰਚਾਰ ਦੌਰਾਨ ਕੀਤੇ ਆਪਣੇ ਮੁੱਖ ਵਾਅਦੇ ‘ਤੇ ਅੱਗੇ ਵਧਣ ਦਾ ਮੌਕਾ ਮਿਲੇਗਾ ਅਤੇ ਇਸ ਦੇ ਨਾਲ ਹੀ ਆਪਣੇ ਦੂਜੇ ਕਾਰਜਕਾਲ ਲਈ ਉਨ੍ਹਾਂ ਦੀ ਰਾਸ਼ਟਰਪਤੀ ਵਜੋਂ ਦਾਅਵੇਦਾਰੀ ਮਜ਼ਬੂਤ ਹੋਵੇਗੀ। ਫ਼ੈਸਲੇ ਤੋਂ ਬਾਅਦ ਟਰੰਪ ਨੇ ਟਵੀਟ ਕੀਤਾ, ‘ਕੰਧ ਬਣਾਉਣ ਲਈ ਵੱਡੀ ਜਿੱਤ। ਅਮਰੀਕਾ ਦੇ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਹੁਕਮਾਂ ਨੂੰ ਪਲਟਦਿਆਂ ਦੱਖਣੀ ਸਰਹੱਦ ‘ਤੇ ਕੰਧ ਬਣਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਸਰਹੱਦੀ ਸੁਰੱਖਿਆ ਤੇ ਕਾਨੂੰਨ ਪ੍ਰਬੰਧਾਂ ਲਈ ਵੱਡੀ ਜਿੱਤ।’ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਉਨ੍ਹਾਂ ਹੁਕਮਾਂ ਨੂੰ ਪਲਟ ਦਿੱਤਾ ਹੈ ਜਿਸ ‘ਚ ਉਸ ਨੇ ਮਈ ਮਹੀਨੇ ਫੰਡਾਂ ਦੀ ਵਰਤੋਂ ‘ਤੇ ਰੋਕ ਲਗਾ ਦਿੱਤੀ ਸੀ।
ਭਾਰਤੀ ਮੂਲ ਦੇ ਨਸ਼ਾ ਤਸਕਰ ਨੂੰ ਬਰਤਾਨੀਆ ਵਿੱਚ 18 ਸਾਲ ਕੈਦ ਹੋਈ
ਲੰਡਨ/ਡਰੱਗ ਤਸਕਰੀ ਗਰੋਹ ਦੇ ਭਾਰਤੀ ਮੂਲ ਦੇ ਸਰਗਣੇ ਅਤੇ ਉਸ ਦੇ ਇੱਕ ਨਜ਼ਦੀਕੀ ਨੂੰ ਬਰਤਾਨੀਆ ਵਿੱਚ ਨਸ਼ਾ ਤਸਕਰੀ ਅਤੇ ਲੱਖਾਂ ਪੌਡਾਂ ਦੇ ਕਾਲੇ ਧਨ ਨੂੰ ਚਿੱਟੇ ਵਿੱਚ ਬਦਲਣ ਦੇ ਦੋਸ਼ ‘ਚ ਕੁੱਲ 34 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਡਰੱਗ ਸਰਗਣਾ ਬਲਜਿੰਦਰ ਕੰਗ ਅਤੇ ਉਸ ਦੇ ਅਤਿ ਨਜ਼ਦੀਕੀ ਸੁਖਜਿੰਦਰ ਪੂਨੀ ਅਤੇ ਉਨ੍ਹਾਂ ਦੇ ਅੱਠ ਮੈਂਬਰੀ ਗਰੋਹ ਨੂੰ ਇਸ ਮਹੀਨੇ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਦੇ ਉੱਤੇ 50 ਕਿਲੋ ਕੈਟਾਮਾਈਨ ਅਤੇ 18 ਲੱਖ ਪੌਂਡ ਦੇ ਕਾਲੇ ਧਨ ਨੂੰ ਚਿੱਟੇ ਧਨ ਵਿੱਚ ਤਬਦੀਲ ਕਰਨ ਦਾ ਦੋਸ਼ ਸੀ। ਇਹ ਇਨ੍ਹਾਂ ਦੀ ਕਰੀਬ ਛੇ ਮਹੀਨੇ ਦੀ ਨਸ਼ਾ ਤਸਕਰੀ ਦੀ ਕਮਾਈ ਸੀ। ਬਲਜਿੰਦਰ ਕੰਗ ਬੇਹੱਦ ਐਸ਼ੋ-ਇਸ਼ਰਤ ਵਾਲਾ ਜੀਵਨ ਬਤੀਤ ਕਰਦਾ ਸੀ। ਉਹ ਗੁੱਚੀ, ਰੋਲਫ ਲੌਰੇਨ ਅਤੇ ਹਾਰੌਡਜ਼ ਵਰਗੇ ਲਗਜ਼ਰੀ ਬਰਾਂਡ ਵਰਤਦਾ ਅਤੇ ਮਹਿੰਗੀਆਂ ਡਿਜ਼ਾਈਨਰ ਘੜੀਆਂ ਲਾਉਂਦਾ ਸੀ। ਬਰਤਾਨੀਆ ਵਿਚਲੇ ਸਰਕਾਰ ਪੱਖੀ ਵਕੀਲਾਂ ਨੇ ਦੱਸਿਆ ਕਿ ਉਹ ਮਹਿੰਗੀਆਂ ਕਾਰਾਂ ਚਲਾਉਣ ਦਾ ਸ਼ੁਕੀਨ ਸੀ ਅਤੇ ਲਗਾਤਾਰ ਸੰਯੁਕਤ ਅਰਬ ਅਮੀਰਾਤ ਦੇ ਗੇੜੇ ਮਾਰਦਾ ਸੀ। ਬਲਜਿੰਦਰ (31) ਨੂੰ ਬਰਤਾਨੀਆ ਤੋਂ ਦੁਬਈ ਜਾਣ ਸਮੇਂ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸ ਨੂੰ ਕੌਕੀਨ ਦੀ ਤਸਕਰੀ ਕਰਨ, ਕੈਟਾਮਾਈਨ ਦੀ ਤਸਕਰੀ ਕਰਨ ਅਤੇ ਕਾਲੇ ਧਨ ਨੂੰ ਚਿੱਟਾ ਬਣਾਉਣ ਦੀ ਸਾਜਿਸ਼ ਰਚਣ ਦੇ ਦੋਸ਼ ਵਿੱਚ 18 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸਦੇ ਸਾਥੀ ਪੂਨੀ ਨੂੰ 16 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਗੈਂਗ ਨੂੰ ਚਲਾਉਂਦਾ ਸੀ। ਇਨ੍ਹ੍ਹਾਂ ਨੂੰ ਗਰੋਹ ਦੇ ਹੋਰਨਾਂ ਮੈਂਬਰਾਂ ਸਮੇਤ ਸ਼ੁੱਕਰਵਾਰ ਨੂੰ ਕਿੰਗਸਟਨ ਦੀ ਕਰਾਊਨ ਕੋਰਟ ਨੇ ਸਜ਼ਾ ਸੁਣਾਈ ਹੈ। ਸਰਕਾਰੀ ਪੱਖ ਦੇ ਅਧਿਕਾਰੀ ਨੇ ਦੱਸਿਆ ਕਿ ਉਸ ਕੋਲ ਕਈ ਫੋਨ ਸਨ ਅਤੇ ਉਹ ਫੋਨ ਬਦਲਦਾ ਰਹਿੰਦਾ ਸੀ ਅਤੇ ਕਿਸੇ ਹੱਦ ਤੱਕ ਆਪਣੇ ਆਪ ਨੂੰ ਸਿੱਧੇ ਤੌਰ ਉੱਤੇ ਨਸ਼ਿਆਂ ਤੋਂ ਦੂਰ ਰੱਖਦਾ ਸੀ। ਇਨ੍ਹਾਂ ਦੇ ਗੈਂਗ ਵਿੱਚ ਆਮਿਰ ਅਲੀ, ਅਮੀਨੂਰ ਅਹਿਮਦ ਅਤੇ ਕਿਰੇਨ ਓ ਕਾਨੇ ਸ਼ਾਮਲ ਸਨ। ਇਨ੍ਹਾਂ ਨੂੰ ਨੈਸ਼ਨਲ ਕਰਾਈਮ ਏਜੰਸੀ ਅਤੇ ਮੈਟਰੋਪਾਲਿਟਨ ਪੁਲੀਸ ਆਰਗੇਨਾਈਜ਼ਡ ਕਰਾਈਮ ਪਾਰਟਨਰਸ਼ਿਪ (ਓਸੀਪੀ) ਨੇ ਗ੍ਰਿਫ਼ਤਾਰ ਕੀਤਾ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *