ਬਰਤਾਨੀਆ ਦੀ ਨਵੀਂ ਸਰਕਾਰ ‘ਚ ਤਿੰਨ ਭਾਰਤੀ ਮੰਤਰੀ ਬਣੇ


ਪ੍ਰੀਤੀ ਪਟੇਲ ਗ੍ਰਹਿ ਮੰਤਰੀ, ਅਲੋਕ ਸ਼ਰਮਾ ਕੌਮਾਂਤਰੀ ਵਿਕਾਸ ਮੰਤਰੀ ਤੇ ਰਿਸ਼ੀ ਸੁਨਕ ਖ਼ਜ਼ਾਨਾ ਚੀਫ਼ ਸਕੱਤਰ ਨਿਯੁਕਤ
ਬਰਤਾਨੀਆ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਕੱਲ੍ਹ ਅਹੁਦਾ ਸੰਭਾਲਦਿਆਂ ਆਪਣੇ ਮੰਤਰੀ ਮੰਡਲ ਦਾ ਐਲਾਨ ਕਰਦਿਆਂ ਸਭ ਤੋਂ ਪਹਿਲਾਂ ਦੋ ਅਹਿਮ ਅਹੁਦੇ ਵਿਦੇਸ਼ੀ ਪਿਛੋਕੜ ਵਾਲੇ ਸੰਸਦ ਮੈਂਬਰਾਂ ਨੂੰ ਦਿੱਤੇ | ਭਾਵੇਂ ਕਿ ਪਹਿਲਾਂ ਹੀ ਕਿਹਾ ਜਾ ਰਿਹਾ ਸੀ ਕਿ ਬੌਰਿਸ ਜੌਹਨਸਨ ਆਪਣੇ ਮੰਤਰੀ ਮੰਡਲ ‘ਚ ਭਾਰਤੀ ਮੂਲ ਦੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਜ਼ਰੂਰ ਸ਼ਾਮਿਲ ਕਰਨਗੇ ਪਰ ਗ੍ਰਹਿ ਵਿਭਾਗ ਵਰਗਾ ਅਹਿਮ ਅਹੁਦਾ ਪ੍ਰੀਤੀ ਪਟੇਲ ਨੂੰ ਦੇ ਕੇ ਬੌਰਿਸ ਜੌਹਨਸਨ ਨੇ ਭਾਰਤੀਆਂ ਪ੍ਰਤੀ ਆਪਣੇ ਸਨੇਹ ਨੂੰ ਗੂੜ੍ਹਾ ਕੀਤਾ ਹੈ | ਜਦਕਿ ਕੁਝ ਸਿਆਸੀ ਮਾਹਰਾਂ ਦਾ ਇਹ ਵੀ ਕਹਿਣਾ ਹੈ ਕਿ ਬ੍ਰੈਗਜ਼ਿਟ ਨੂੰ ਲੈ ਕੇ ਬੌਰਿਸ ਗੰਭੀਰ ਦਿਖਾਈ ਦੇ ਰਹੇ ਹਨ, ਜੇ ‘ਨੋ ਡੀਲ’ ਨਾਲ ਯੂਰਪ ਤੋਂ ਵੱਖ ਹੁੰਦੇ ਹਨ ਤਾਂ ਉਹ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨ ਲਈ ਭਾਰਤ ਨਾਲ ਆਪਣੇ ਰਿਸ਼ਤੇ ਗੂੜੇ੍ਹ ਕਰਨ ਲਈ ਇਹ ਕਦਮ ਉਠਾਇਆ ਹੋ ਸਕਦਾ ਹੈ | ਬੌਰਿਸ ਦੇ ਮੰਤਰੀ ਮੰਡਲ ਤੋਂ ਹਰ ਕੋਈ ਸੋਚ ਰਿਹਾ ਹੈ ਜਿਵੇਂ ਉਨ੍ਹਾਂ ਇਕੋ ਤੀਰ ਨਾਲ ਕਈ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕੀਤੀ ਹੈ | ਯੂ. ਕੇ. ਦੀ ਵਜ਼ਾਰਤ ‘ਚ ਰੈਡਿੰਗ ਹਲਕੇ ਦੇ ਸੰਸਦ ਮੈਂਬਰ ਅਲੋਕ ਸ਼ਰਮਾ ਨੂੰ ਕੌਮਾਂਤਰੀ ਵਿਕਾਸ ਰਾਜ ਮੰਤਰੀ ਦਾ ਅਹੁਦਾ ਦਿੱਤਾ ਹੈ | 51 ਸਾਲਾ ਅਲੋਕ ਸ਼ਰਮਾ ਦਾ ਜਨਮ ਆਗਰਾ ‘ਚ ਹੋਇਆ ਅਤੇ 5 ਸਾਲ ਦੀ ਉਮਰ ‘ਚ ਉਹ ਆਪਣੇ ਮਾਤਾ-ਪਿਤਾ ਨਾਲ ਯੂ. ਕੇ. ਆ ਗਏ ਸਨ | 49 ਸਾਲਾ ਰਿਸ਼ੀ ਸੁਨਕ ਨੂੰ ਖ਼ਜ਼ਾਨਾ ਵਿਭਾਗ ‘ਚ ਚੀਫ਼ ਸਕੱਤਰ ਦਾ ਅਹੁਦਾ ਦਿੱਤਾ ਗਿਆ ਹੈ, ਉਹ ਜੂਨੀਅਰ ਲੋਕਲ ਮੰਤਰੀ ਹਨ | ਉਹ ਖ਼ਜ਼ਾਨਾ ਵਿਭਾਗ ਦੀਆਂ ਕਈ ਜ਼ਿੰਮੇਵਾਰੀਆਂ ਨਿਭਾਉਣਗੇ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *