ਭਾਰਤ ਨੇ ਚੰਦਰਮਾ ਮਿਸ਼ਨ ‘ਚ ਵੱਡੀ ਫਤਿਹ ਹਾਸਿਲ ਕੀਤੀ


ਚੰਦਰਯਾਨ-2 ਨੂੰ ਲੈ ਕੇ ਮਿਸ਼ਨ ਵੱਲ ਦੌੜਿਆ ‘ਬਾਹੂਬਲੀ’ ਰਾਕੇਟ
ਪ੍ਰਧਾਨ ਮੰਤਰੀ ਨੇ ਵੇਖਿਆ ਸਿੱਧਾ ਪ੍ਰਸਾਰਨ
ਸ੍ਰੀਹਰੀਕੋਟਾ (ਆਂਧਰਾ ਪ੍ਰਦੇਸ਼)/ਭਾਰਤ ਦੇ ਅਤਿ-ਮਹੱਤਵਪੂਰਨ ਚੰਦਰਮਾ ਮਿਸ਼ਨ ‘ਚੰਦਰਯਾਨ-2’ ਨੂੰ ਇਥੋਂ ਦੇ ਸਤੀਸ਼ ਧਵਨ ਸਪੇਸ ਸੈਂਟਰ ਤੋਂ ‘ਬਾਹੂਬਲੀ ਰਾਕੇਟ’ ਰਾਹੀਂ ਸਫਲਤਾਪੂਰਵਕ ਦਾਗ ਦਿੱਤਾ ਗਿਆ ਹੈ। ਦਾਗੇ ਜਾਣ ਦੇ 16 ਮਿੰਟ ਬਾਅਦ ਹੀ ‘ਚੰਦਰਯਾਨ-2’ ਧਰਤੀ ਦੇ ਆਰਬਿਟ ‘ਚ ਪਹੁੰਚ ਗਿਆ ਹੈ। 978 ਕਰੋੜ ਰੁਪਏ ਦੇ ਮਿਸ਼ਨ ‘ਚੰਦਰਯਾਨ-2’ ਨੂੰ ਲੈ ਕੇ ਜਾਣ ਵਾਲੇ 43æ43 ਮੀਟਰ ਲੰਬੇ ਤੇ 3850 ਕਿੱਲੋ ਵਜਨੀ ਜੀæਐਸ਼ਐਲ਼ਵੀæ-ਐਮæਕੇæ3-ਐਮ1 ‘ਰਾਕੇਟ ਬਾਹੂਬਲੀ’ ਨੂੰ ਸੋਮਵਾਰ ਨੂੰ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 2æ43 ਵਜੇ ਦਾਗਿਆ ਗਿਆ। ਬਾਹੂਬਲੀ ਰਾਕੇਟ ਦੀ ਤਾਕਤ ਤੇ ਸਮਰੱਥਾ ਕਾਰਨ ਹੀ ਇਸ ਦਾ ਨਾਂਅ ਬਾਲੀਵੁੱਡ ਦੀ ਉੱਘੀ ਫਿਲਮ ‘ਬਾਹੂਬਲੀ’ ਦੇ ਨਾਂਅ ‘ਤੇ ਰੱਖਿਆ ਗਿਆ ਹੈ। ‘ਚੰਦਰਯਾਨ-2’ 3æ84 ਲੱਖ ਕਿੱਲੋਮੀਟਰ ਦਾ ਸਫਰ ਤੈਅ ਕਰਦਾ ਹੋਇਆ 48 ਦਿਨ ਬਾਅਦ ਚੰਦਰਮਾ ਦੇ ਦੱਖਣੀ ਧਰੁਵ ‘ਤੇ ਪਹੁੰਚੇਗਾ। ਇਸ ਦੇ ਸਫਲ ਪ੍ਰੀਖਣ ‘ਤੇ ਇਸਰੋ ਦੇ ਵਿਗਿਆਨੀਆਂ ਨੇ ਰਾਹਤ ਦੀ ਸਾਹ ਲਈ ਹੈ ਕਿਉਂਕਿ ਪਿਛਲੇ ਹਫਤੇ 15 ਜੁਲਾਈ ਨੂੰ ਇਸ ਦੇ ਰਾਕੇਟ ‘ਚ ਕੁਝ ਤਕਨੀਕੀ ਖਰਾਬੀ ਆਉਣ ਕਾਰਨ ਇਸ ਨੂੰ ਦਾਗਣ ਤੋਂ ਕਰੀਬ ਇਕ ਘੰਟਾ ਪਹਿਲਾਂ ਰੋਕ ਦਿੱਤਾ ਗਿਆ ਸੀ। ਸਮਾਂ ਰਹਿੰਦਿਆਂ ਖਰਾਬੀ ਦਾ ਪਤਾ ਲਗਾਉਣ ‘ਤੇ ਇਸਰੋ ਦੀ ਸ਼ਲਾਘਾ ਹੋਈ ਸੀ। ਚੰਦਰਯਾਨ-2 ਦੇ ਸਫਲਤਾਪੂਰਵਕ ਪ੍ਰੀਖਣ ਨਾਲ ਭਾਰਤ ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਵਾਲਾ ਚੌਥਾ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਇਹ ਉਪਲਬਧੀ ਰੂਸ, ਅਮਰੀਕਾ ਤੇ ਚੀਨ ਹਾਸਲ ਕਰ ਚੁੱਕੇ ਹਨ। 2008 ‘ਚ ਚੰਦਰਮਾ ਵੱਲ ਭਾਰਤ ਦੇ ਪਹਿਲੇ ਸਫਲ ਮਿਸ਼ਨ ‘ਚੰਦਰਯਾਨ-1’, ਜਿਸ ਨੇ ਚੰਦਰਮਾ ਦੁਆਲੇ 3400 ਤੋਂ ਵੀ ਵੱਧ ਘੇਰੇ ਬਣਾ ਕੇ ਇਤਿਹਾਸ ਰਚਿਆ ਸੀ, ਦਾਗਣ ਦੇ 11 ਸਾਲ ਬਾਅਦ ਇਸਰੋ ਨੇ ਅੱਜ ਇਹ ਸਫਲਤਾ ਹਾਸਲ ਕੀਤੀ। ਚੰਦਰਯਾਨ-1 ਦਾ ਵਜਨ ਮੌਜੂਦਾ ਮਿਸ਼ਨ ਨਾਲੋਂ ਤਿੰਨ ਗੁਣਾ ਹਲਕਾ 1380 ਕਿੱਲੋ ਸੀ। ਚੰਦਰਯਾਨ-2 ਚੰਦਰਮਾ ਦੇ ਦੱਖਣੀ ਧਰੁਵ ਖੇਤਰ ‘ਚ ਉਤਰੇਗਾ, ਜਿਥੇ ਹੁਣ ਤੱਕ ਕੋਈ ਦੇਸ਼ ਨਹੀਂ ਪਹੁੰਚ ਸਕਿਆ। ਇਸ ਨਾਲ ਚੰਦਰਮਾ ਦੇ ਅਣਸੁਲਝੇ ਰਹੱਸ ਜਾਣਨ ‘ਚ ਮਦਦ ਮਿਲੇਗੀ, ਜਿਸ ਨਾਲ ਅਜਿਹੀਆਂ ਨਵੀਂਆਂ ਖੋਜਾਂ ਹੋਣਗੀਆਂ, ਜੋ ਭਾਰਤ ਤੇ ਪੂਰੀ ਮਾਨਵਤਾ ਲਈ ਲਾਭਕਾਰੀ ਹੋਣਗੀਆਂ। ਸਵਦੇਸ਼ੀ ਤਕਨੀਕ ਨਾਲ ਬਣੇ ਚੰਦਰਯਾਨ-2 ‘ਚ ਕੁੱਲ 13 ਪੇਲੋਡ ਹਨ, ਜਿਨ੍ਹਾਂ ‘ਚੋਂ 8 ਆਰਬਿਟਰ ‘ਚ, 3 ਲੈਂਡਰ ਵਿਕਰਮ ‘ਚ ਤੇ 2 ਪੇਲੋਡ ਰੋਵਰ ਪ੍ਰਗਿਆਨ ‘ਚ ਹਨ। ਲੈਂਡਰ ਵਿਕਰਮ ਦਾ ਨਾਂਅ ਭਾਰਤੀ ਪੁਲਾੜ ਖੋਜ ਪ੍ਰੋਗਰਾਮ ਦੇ ਜਨਮਦਾਤੇ ਡਾæ ਵਿਕਰਮ ਏ ਸਾਰਾਭਾਈ ਦੇ ਨਾਂਅ ‘ਤੇ ਰੱਖਿਆ ਗਿਆ ਹੈ ਜਦਕਿ 27 ਕਿਲੋ ਭਾਰੇ ਰੋਵਰ ਪ੍ਰਗਿਆਨ ਦਾ ਮਤਲਬ ਸੰਸਕ੍ਰਿਤ ‘ਚ ‘ਸਿਆਣਪ’ ਹੈ।
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਕੇ ਸਿਵਾਨ ਨੇ ਇਸ ਮਿਸ਼ਨ ਦੇ ਸਫਲ ਪ੍ਰੀਖਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਮਿਸ਼ਨ ਦੀ ਸੋਚ ਨਾਲੋਂ ਵੀ ਬਿਹਤਰ ਸ਼ੁਰੂਆਤ ਹੋਈ ਹੈ। ਉਨ੍ਹਾਂ ਮਿਸ਼ਨ ਦੀ ਸਫਲ ਲਾਂਚਿੰਗ ਤੋਂ ਬਾਅਦ ਭਾਵੁਕ ਹੁੰਦਿਆਂ ਕਿਹਾ ਕਿ ਇਹ ਸਭ ਵਿਗਿਆਨੀਆਂ ਤੇ ਇਸਰੋ ਦੀ ਟੀਮ ਵਲੋਂ ਕੀਤੀ ਸਖ਼ਤ ਮਿਹਨਤ ਨਾਲ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਇਹ ਚੰਦਰਮਾ ਵੱਲ ਭਾਰਤ ਦੇ ਇਤਿਹਾਸਕ ਸਫਰ ਦੀ ਬਿਹਤਰੀਨ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ 15 ਜੁਲਾਈ ਨੂੰ ਮਿਸ਼ਨ ‘ਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ ਇਸਰੋ ਦੀ ਟੀਮ ਨੇ ਇਸ ਨੂੰ ਤੁਰੰਤ ਦੂਰ ਕਰਨ ਲਈ ਪੂਰੀ ਤਾਕਤ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਮੇਰੀ ਟੀਮ ਨੇ ਘਰ ਪਰਿਵਾਰ ਦੀ ਚਿੰਤਾ ਛੱਡ ਕੇ ਲਗਾਤਾਰ 7 ਦਿਨ ਤੱਕ ਇਸ ਖਰਾਬੀ ਨੂੰ ਦੂਰ ਕਰਨ ਲਈ ਆਪਣਾ ਸਭ ਕੁਝ ਲਗਾ ਦਿੱਤਾ। ਇਹ ਸਖ਼ਤ ਮਿਹਨਤ ਦਾ ਨਤੀਜਾ ਹੈ। ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਦਰਯਾਨ-2 ਦੇ ਦਾਗੇ ਜਾਣ ਦਾ ਸਿੱਧਾ ਪ੍ਰਸਾਰਨ ਵੇਖਿਆ। ਮੋਦੀ ਨੇ ਆਡੀਓ ਸੰਦੇਸ਼ ਜਾਰੀ ਕਰ ਕੇ ਇਸਰੋ ਮੁਖੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਵੀ ਦਿੱਤੀ। ਮੋਦੀ ਨੇ ਟਵਿੱਟਰ ‘ਤੇ ਪਾਏ ਸੰਦੇਸ਼ ਨਾਲ ਇਹ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਿਸ ‘ਚ ਉਹ ਖੜ੍ਹੇ ਹੋ ਕੇ ਲਾਂਚ ਪ੍ਰੋਗਰਾਮ ਵੇਖਦੇ ਨਜ਼ਰ ਆ ਰਹੇ ਹਨ। ਮੋਦੀ ਨੇ ਟਵਿੱਟਰ ‘ਤੇ ਪਾਏ ਸੰਦੇਸ਼ ‘ਚ ਇਹ ਕਿਹਾ ਕਿ ਭਾਰਤ ਨੇ ਆਪਣੇ ਫ਼ਖਰ ਭਰੇ ਇਤਿਹਾਸ ‘ਚ ਕੁਝ ਹੋਰ ਸ਼ਾਨਦਾਰ ਪਲ ਜੋੜੇ ਹਨ। ਉਨ੍ਹਾਂ ਇਸ ਮਿਸ਼ਨ ਨੂੰ ਸਾਇੰਸਦਾਨਾਂ ਦੀ ਤਾਕਤ ਅਤੇ 130 ਕਰੋੜ ਭਾਰਤੀਆਂ ਦੇ ਅਟੱਲ ਵਿਸ਼ਵਾਸ ਦਾ ਪ੍ਰਤੀਕ ਕਰਾਰ ਦਿੱਤਾ। ਪ੍ਰਧਾਨ ਮੰਤਰੀ ਨੇ ਮਿਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਚੰਦਰਯਾਨ-2 ਮਿਸ਼ਨ ਬਾਕੀ ਮਿਸ਼ਨਾਂ ਤੋਂ ਇਸ ਲਈ ਵੱਖ ਹੈ ਕਿ ਕਿਉਂਕਿ ਇਹ ਚੰਦਰਮਾ ਦੇ ਦੱਖਣੀ ਧਰੁਵ ਵਾਲੇ ਹਿੱਸੇ ‘ਚ ਜਾ ਰਿਹਾ ਹੈ ਜਿੱਥੇ ਹਾਲੇ ਤੱਕ ਕੋਈ ਨਹੀਂ ਗਿਆ। ਇਸ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਸਿਹਤ ਮੰਤਰੀ ਹਰਸ਼ਵਰਧਨ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀ ਇਸ ਮਿਸ਼ਨ ਲਈ ਇਸਰੋ ਦੇ ਸਾਇੰਸਦਾਨਾਂ ਨੂੰ ਵਧਾਈ ਦਿੱਤੀ।
ਮਿਸ਼ਨ ਦੀ ਸਫਲਤਾ ‘ਤੇ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ‘ਚੰਦਰਯਾਨ-2’ ਅਨੋਖਾ ਹੈ ਕਿਉਂਕਿ ਇਹ ਚੰਦਰਮਾ ਦੇ ਉਸ ਦੱਖਣੀ ਧਰੁਵ ਬਾਰੇ ਜਾਣਕਾਰੀ ਮੁਹੱਈਆ ਕਰਵਾਏਗਾ, ਜਿਥੇ ਅੱਜ ਤੱਕ ਕੋਈ ਵੀ ਮਿਸ਼ਨ ਨਹੀਂ ਪਹੁੰਚ ਸਕਿਆ। ਉਨ੍ਹਾਂ ਟਵੀਟ ਕੀਤਾ ਕਿ ਇਹ ਮਿਸ਼ਨ ਚੰਦਰਮਾ ਬਾਰੇ ਨਵੀਂ ਜਾਣਕਾਰੀ ਦੇਵੇਗਾ। ਉਨ੍ਹਾਂ ਕਿਹਾ ਕਿ ਇਹ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ ਕਿ ਇਹ ਮਿਸ਼ਨ ਪੂਰੀ ਤਰ੍ਹਾਂ ਸਵਦੇਸ਼ੀ ਹੈ।
ਸੰਸਦ ਦੇ ਦੋਵਾਂ ਸਦਨਾਂ ‘ਚ ਵੀ ਭਾਰਤ ਦੀ ਪੁਲਾੜ ‘ਚ ਪੁੱਟੀ ਵੱਡੀ ਪੁਲਾਂਘ ਲਈ ਵਧਾਈ ਦਿੱਤੀ ਗਈ। ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਇਸ ਨੂੰ ਵੱਡੀ ਪ੍ਰਾਪਤੀ ਦੱਸਿਆ।
ਚੰਦਰਯਾਨ-2 ਅਸਲ ‘ਚ ਚੰਦਰਯਾਨ-1 ਮਿਸ਼ਨ ਦਾ ਹੀ ਵਿਕਸਿਤ ਮਾਡਲ ਹੈ। ਇਸ ‘ਚ ਆਰਬਿਟਰ, ਲੈਂਡਰ (ਵਿਕਰਮ) ਤੇ ਰੋਵਰ (ਪ੍ਰਗਿਆਨ) ਸ਼ਾਮਿਲ ਹੈ। ਚੰਦਰਯਾਨ-1 ‘ਚ ਸਿਰਫ ਆਰਬਿਟਰ ਸੀ, ਜੋ ਚੰਦਰਮਾ ਦੇ ਆਰਬਿਟ ‘ਚ ਹੀ ਘੁੰਮਦਾ ਸੀ। ਚੰਦਰਯਾਨ-2 ਜ਼ਰੀਏ ਭਾਰਤ ਪਹਿਲੀ ਵਾਰ ਚੰਦਰਮਾ ਦੀ ਸਤ੍ਹਾ ‘ਤੇ ਲੈਂਡਰ ਉਤਾਰੇਗਾ। ਇਹ ਲੈਂਡਿੰਗ ਚੰਦਰਮਾ ਦੇ ਦੱਖਣੀ ਧਰੁਵ ‘ਤੇ ਹੋਵੇਗੀ, ਜਿਥੇ ਅੱਜ ਤੱਕ ਕੋਈ ਦੇਸ਼ ਪਹੁੰਚ ਨਹੀਂ ਸਕਿਆ।
ਦਾਗਣ ਦੀ ਤਰੀਕ ਇਕ ਹਫਤਾ ਅੱਗੇ ਵਧਾਉਣ ਦੇ ਬਾਵਜੂਦ ਚੰਦਰਯਾਨ-2 ਚੰਦਰਮਾ ‘ਤੇ ਤੈਅ ਤਰੀਕ 7 ਸਤੰਬਰ ਨੂੰ ਹੀ ਪਹੁੰਚੇਗਾ। ਇਸ ਨੂੰ ਸਮੇਂ ‘ਤੇ ਪਹੁੰਚਾਉਣ ਦਾ ਮਕਸਦ ਇਹੀ ਹੈ ਕਿ ਲੈਂਡਰ ਤੇ ਰੋਵਰ ਸਮੇਂ ਮੁਤਾਬਿਕ ਕੰਮ ਕਰ ਸਕਣ ਤੇ ਸਮਾਂ ਬਚਾਉਣ ਲਈ ਚੰਦਰਯਾਨ ਧਰਤੀ ਦਾ ਇਕ ਚੱਕਰ ਘੱਟ ਲਗਾਏਗਾ। ਪਹਿਲਾਂ ਇਸ ਨੇ ਧਰਤੀ ਦੇ 5 ਚੱਕਰ ਲਗਾਉਣੇ ਸਨ, ਪਰ ਹੁਣ ਇਹ 4 ਚੱਕਰ ਹੀ ਲਗਾਏਗਾ। ਇਸ ਦੀ ਲੈਂਡਿੰਗ ਅਜਿਹੀ ਜਗ੍ਹਾ ਤੈਅ ਹੈ, ਜਿਥੇ ਸੂਰਜ ਦੀ ਰੋਸ਼ਨੀ ਜ਼ਿਆਦਾ ਹੈ। ਰੋਸ਼ਨੀ 21 ਸਤੰਬਰ ਤੋਂ ਬਾਅਦ ਘੱਟ ਹੋਣੀ ਸ਼ੁਰੂ ਹੋ ਜਾਵੇਗੀ। ਲੈਂਡਰ ਤੇ ਰੋਵਰ ਨੇ 15 ਦਿਨ ਕੰਮ ਕਰਨਾ ਹੈ, ਇਸ ਲਈ ਇਸ ਦਾ ਸਮੇਂ ‘ਤੇ ਪਹੁੰਚਣਾ ਜ਼ਰੂਰੀ ਹੈ।
ਚੰਦਰਮਾ ਦੇ ਆਰਬਿਟ ‘ਚ ਪਹੁੰਚਣ ਤੋਂ ਬਾਅਦ ਆਰਬਿਟਰ ਇਕ ਸਾਲ ਤੱਕ ਕੰਮ ਕਰੇਗਾ। ਇਸ ਦਾ ਮੁੱਖ ਉਦੇਸ਼ ਧਰਤੀ ਤੇ ਲੈਂਡਰ ਵਿਚਾਲੇ ਸੰਪਰਕ ਬਣਾਉਣਾ ਹੈ। ਆਰਬਿਟਰ ਚੰਦਰਮਾ ਦੀ ਸਤ੍ਹਾ ਦਾ ਨਕਸ਼ਾ ਤਿਆਰ ਕਰੇਗਾ ਤਾਂਕਿ ਚੰਦਰਮਾ ਦੇ ਜਨਮ ਤੇ ਵਿਕਾਸ ਦਾ ਪਤਾ ਲਗਾਇਆ ਜਾ ਸਕੇ। ਲੈਂਡਰ ਤੇ ਰੋਵਰ ਚੰਦਰਮਾ ‘ਤੇ ਇਕ ਦਿਨ (ਧਰਤੀ ਦੇ 14 ਦਿਨ ਬਰਾਬਰ) ਕੰਮ ਕਰਨਗੇ। ਲੈਂਡਰ ਇਹ ਜਾਂਚੇਗਾ ਕਿ ਚੰਦਰਮਾ ‘ਤੇ ਭੂਚਾਲ ਤਾਂ ਨਹੀਂ ਆਉਂਦੇ ਜਦਕਿ ਰੋਵਰ ਸਤ੍ਹਾ ‘ਤੇ ਖਣਿਜ ਤੱਤਾਂ ਦੀ ਮੌਜੂਦਗੀ ਦਾ ਪਤਾ ਲਗਾਏਗਾ। ਚੰਦਰਯਾਨ-2 ਤੇਜ਼ੀ ਨਾਲ ਚੰਦਰਮਾ ਵੱਲ ਵਧ ਰਿਹਾ ਹੈ। ਚੰਦਰਯਾਨ-2 ‘ਚ ਲੱਗੇ ਆਰਬਿਟਰ, ਲੈਂਡਰ ‘ਵਿਕਰਮ’ ਤੇ ਰੋਵਰ ‘ਪ੍ਰਗਿਆਨ’ ਚੰਦਰਮਾ ਤੱਕ ਜਾਣਗੇ। ਚੰਦਰਮਾ ਦੀ ਸਤ੍ਹਾ ‘ਤੇ ਉਤਰਨ ਦੇ ਚਾਰ ਦਿਨ ਬਾਅਦ ਪਹਿਲਾਂ ਲੈਂਡਰ ‘ਵਿਕਰਮ’ ਆਪਣੀ ਲੈਂਡਿੰਗ ਵਾਲੀ ਜਗ੍ਹਾ ਦਾ ਮੁਆਇਨਾ ਸ਼ੁਰੂ ਕਰੇਗਾ। ਸਹੀ ਜਗ੍ਹਾ ਦੀ ਚੋਣ ਤੋਂ ਬਾਅਦ ਉਹ ਯਾਨ ਤੋਂ ਅਲੱਗ ਹੋ ਕੇ ਸਤ੍ਹਾ ਦੇ ਹੋਰ ਨਜ਼ਦੀਕ ਪਹੁੰਚੇਗਾ। ਫਿਰ ਉਸ ਜਗ੍ਹਾ ਦੀ ਸਕੈਨਿੰਗ ਸ਼ੁਰੂ ਕਰੇਗਾ ਤੇ 6 ਤੋਂ 8 ਸਤੰਬਰ ਦੌਰਾਨ ਲੈਂਡਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਲੈਂਡਿੰਗ ਤੋਂ ਬਾਅਦ ਲੈਂਡਰ (ਵਿਕਰਮ) ਦਾ ਦਰਵਾਜਾ ਖੁੱਲ੍ਹੇਗਾ ਤੇ ਉਹ ਰੋਵਰ (ਪ੍ਰਗਿਆਨ) ਨੂੰ ਰਿਲੀਜ਼ ਕਰੇਗਾ। ਰੋਵਰ ਦੇ ਨਿਕਲਣ ‘ਚ 4 ਘੰਟੇ ਦਾ ਸਮਾਂ ਲੱਗੇਗਾ। ਫਿਰ ਇਹ ਵਿਗਿਆਨਕ ਪ੍ਰੀਖਣਾਂ ਲਈ ਚੰਦਰਮਾ ਦੀ ਸਤ੍ਹਾ ‘ਤੇ ਨਿਕਲ ਜਾਵੇਗਾ। ਇਸ ਦੇ 15 ਮਿੰਟ ਬਾਅਦ ਹੀ ਇਸਰੋ ਨੂੰ ਚੰਦਰਮਾ ਦੀਆਂ ਤਸਵੀਰਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *