ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨਹੀਂ ਰਹੇ

 

ਨਵੀਂ ਦਿੱਲੀ/ਦਿੱਲੀ ਦੀ ਮੁੱਖ ਮੰਤਰੀ ਵਜੋਂ 15 ਸਾਲ ਲਗਾਤਾਰ ਰਾਜ ਕਰਨ ਵਾਲੀ ਦਿੱਲੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਸ੍ਰੀਮਤੀ ਸ਼ੀਲਾ ਦੀਕਸ਼ਿਤ ਦਾ ਇੱਥੋਂ ਦੇ ਐਸਕਾਰਟਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ 81 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਪੁੱਤਰ ਸੰਦੀਪ ਦੀਕਸ਼ਤ ਤੇ ਧੀ ਲਤਿਕਾ ਸੱਯਦ ਤੇ ਭਰਿਆ ਪਰਿਵਾਰ ਛੱਡ ਗਈ ਹੈ।
ਕਾਂਗਰਸ ਦੀ ਦਿੱਲੀ ਇਕਾਈ ਨੇ ਦੱਸਿਆ ਸ਼ੀਲਾ ਦੀਕਸ਼ਿਤ ਦੀ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਪੂਰਬੀ ਨਿਜ਼ਾਮੂਦੀਨ ਸਥਿਤ ਰਿਹਾਇਸ਼ ‘ਤੇ ਰੱਖਿਆ ਗਿਆ ਹੈ। ਸ੍ਰੀਮਤੀ ਦੀਕਸ਼ਿਤ ਨੂੰ ਸ਼ਨੀਵਾਰ ਬਾਅਦ ਦੁਪਹਿਰ ਸਵਾ ਤਿੰਨ ਵਜੇ ਦੇ ਕਰੀਬ ਦਿਲ ਦਾ ਦੌਰਾ ਪਿਆ ਤੇ ਉਨ੍ਹਾਂ ਨੂੰ ਵੈਂਟੀਲੇਟਰ ਉਪਰ ਰੱਖਿਆ ਗਿਆ ਪਰ 3.55 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਸ੍ਰੀਮਤੀ ਦੀਕਸ਼ਿਤ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਗੰਭੀਰ ਹਾਲਤ ਵਿੱਚ ਹਸਪਤਾਲ ਲਿਆਂਦਾ ਗਿਆ ਪਰ ਬਚਾਇਆ ਨਾ ਜਾ ਸਕਿਆ। ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਹੀ ਸੀ ਤੇ ਪਹਿਲਾਂ ਵੀ ਉਨ੍ਹਾਂ ਦੇ ਅਪਰੇਸ਼ਨ ਹੋ ਚੁੱਕੇ ਸਨ। ਪੰਜਾਬ ਦੇ ਕਪੂਰਥਲਾ ਦੇ ਵਿੱਚ 31 ਮਾਰਚ 1938 ਨੂੰ ਜੰਮੀ ਸ਼ੀਲਾ ਨੇ ਸਿੱਖਿਆ ਦਿੱਲੀ ਦੇ ਜੀਸਸ ਐਂਡ ਮੇਰੀ ਸਕੂਲ ਤੋਂ ਸ਼ੁਰੂ ਕੀਤੀ ਤੇ ਫਿਰ ਮਿਰਾਂਡਾ ਹਾਊਸ ਤੋਂ ਐੱਮਏ. ਕੀਤੀ। ਉਨ੍ਹਾਂ ਦਾ ਵਿਆਹ ਕਾਂਗਰਸੀ ਨੇਤਾ ਉਮਾ ਸ਼ੰਕਰ ਦੀਕਸ਼ਿਤ ਦੇ ਆਈਏਐੱਸ ਪੁੱਤਰ ਵਿਨੋਦ ਦੀਕਸ਼ਿਤ ਨਾਲ ਹੋਇਆ। 1984 ਵਿੱਚ ਉਹ ਕਨੌਜ ਤੋਂ ਲੋਕ ਸਭਾ ਲਈ ਚੁਣੀ ਗਈ ਅਤੇ ਸੰਸਦੀ ਕਾਰਜ ਮੰਤਰੀ ਬਣੀ ਫਿਰ ਪ੍ਰਧਾਨ ਮੰਤਰੀ ਦਫ਼ਤਰ ਦੀ ਰਾਜ ਮੰਤਰੀ ਵੀ ਬਣੀ। ਉਹ 1998 ਤੋਂ ਲੈ ਕੇ 2013 ਤਕ ਦਿੱਲੀ ਦੀ ਲਗਾਤਾਰ ਤਿੰਨ ਵਾਰ ਮੁੱਖ ਮੰਤਰੀ ਰਹੀ ਪਰ 2013 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਹ ਅਰਵਿੰਦ ਕੇਜਰੀਵਾਲ ਤੋਂ ਹਾਰ ਗਈ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀਏ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਸੰਸਦ ਦੇ ਸਪੀਕਰ ਓਮ ਬਿਰਲਾ ਨੇ ਪੂਰਬੀ ਨਿਜ਼ਾਮੂਦੀਨ ਸਥਿਤ ਰਿਹਾਇਸ਼ ‘ਤੇ ਪਹੁੰਚ ਕੇ ਮਰਹੂਮ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਭੇਟ ਕੀਤੀ। ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਦਿਹਾਂਤ ‘ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀਏ ਦੀ ਚੇਅਰਪਰਸਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਹੋਰ ਪ੍ਰਮੁੱਖ ਨੇਤਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਰਾਜਧਾਨੀ ਦੇ ਕੀਤੇ ਵਿਕਾਸ ਕੰਮਾਂ ਲਈ ਦਿੱਲੀ ਦੀ ਜਨਤਾ ਸ੍ਰੀਮਤੀ ਦੀਕਸ਼ਿਤ ਨੂੰ ਹਮੇਸ਼ਾ ਯਾਦ ਰੱਖੇਗੀ।ਉਪ-ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਇੱਕ ਵਧੀਆ ਪ੍ਰਸ਼ਾਸਕ ਕਰਾਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਰਾਹੀਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀਮਤੀ ਦੀਕਸ਼ਿਤ ਨੇ ਦਿੱਲੀ ਦੇ ਵਿਕਾਸ ਲਈ ਜ਼ਿਕਰਯੋਗ ਯੋਗਦਾਨ ਪਾਇਆ। ਸ੍ਰੀਮਤੀ ਸ਼ੀਲਾ ਦੀਕਸ਼ਿਤ ਨੂੰ ‘ਕਾਂਗਰਸ ਦੀ ਪਿਆਰੀ ਧੀ’ ਦੱਸਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਦੁਖੀ ਹਨ।
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ੀਲਾ ਦੀਕਸ਼ਿਤ ਦੀ ਮੌਤ ਨਾਲ ਦਿੱਲੀ ਨੂੰ ਵੱਡਾ ਘਾਟਾ ਪਿਆ ਹੈ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸਾਬਕਾ ਪ੍ਰਧਾਨ ਮੰਤਰੀ ਸ੍ਰੀ ਮਨਮੋਹਨ ਸਿੰਘ ਨੇ ਕਿਹਾ ਕਿ ਦੇਸ਼ ਨੇ ਇੱਕ ਵੱਡੀ ਨੇਤਾ ਗੁਆ ਦਿੱਤੀ ਹੈ ਜੋ ਕਾਂਗਰਸ ਨੂੰ ਸਮਰਪਿਤ ਸੀ। ਸ਼ੀਲਾ ਦੀਕਸ਼ਿਤ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਉਸ ਦਾ ਨਾਨਕਾ ਸ਼ਹਿਰ ਕਪੂਰਥਲਾ ਸੋਗ ਵਿੱਚ ਡੁੱਬ ਗਿਆ। ਕਪੂਰਥਲਾ ਵਿੱਚ ਆਪਣੇ ਨਾਨਕਿਆਂ ਦੇ ਘਰ 1938 ਵਿੱਚ ਜਨਮੀ ਸ਼ੀਲਾ ਨੇ ਛੇਵੀਂ ਤੱਕ ਪੜ੍ਹਾਈ ਪੁੱਤਰੀ ਪਾਠਸ਼ਾਲਾ ਵਿੱਚ ਕੀਤੀ ਸੀ, ਜਿੱਥੇ ਉਸ ਦੀ ਨਾਨੀ ਲੱਜਾਵਤੀ ਪ੍ਰਿੰਸੀਪਲ ਸੀ। ਉਨ੍ਹਾਂ ਦਾ ਘਰ ਸਿਵਲ ਹਸਪਤਾਲ ਦੇ ਸਾਹਮਣੇ ਪੈਂਦੇ ਪਰਮਜੀਤ ਗੰਜ ਵਿੱਚ ਸੀ ਅਤੇ ਸ਼ੀਲਾ ਦੇ ਨਾਨਾ ਜੀ ਉਦੋਂ ਕਪੂਰਥਲਾ ਦੇ ਪਹਿਲੇ ਸਿਵਲ ਸਰਜਨ ਸਨ। ਉਨ੍ਹਾਂ ਦੇ ਹਵੇਲੀਨੁਮਾ ਪੁਰਾਣੇ ਘਰ ਨੂੰ ਹੁਣ ਤਾਲਾ ਲੱਗਿਆ ਹੋਇਆ ਹੈ। ਸ਼ੀਲਾ ਦੀਕਸ਼ਿਤ ਦੇ ਮਾਮਾ ਵਿਸ਼ਵਨਾਥਪੁਰੀ ਦਾ ਕੁਝ ਸਮਾਂ ਪਹਿਲਾਂ ਦੇਹਾਂਤ ਹੋ ਗਿਆ ਸੀ ਤੇ ਉਨ੍ਹਾਂ ਦੇ ਨੂੰਹ-ਪੁੱਤਰ ਦਿੱਲੀ ਜਾ ਵਸੇ ਹਨ।
ਸਾਲ 2004 ਵਿੱਚ ਦਿੱਲੀ ਦੀ ਮੁੱਖ ਮੰਤਰੀ ਹੁੰਦਿਆਂ ਜਦੋਂ ਸ਼ੀਲਾ ਦੀਕਸ਼ਿਤ ਕਪੂਰਥਲਾ ਦੇ ਪੁੱਤਰੀ ਪਾਠਸ਼ਾਲਾ ਦੇ ਸਮਾਗਮ ਵਿੱਚ ਆਈ ਸੀ ਤਾਂ ਉਸ ਨੇ ਉਨ੍ਹਾਂ ਕਮਰਿਆਂ ਦੇ ਬੈਂਚਾਂ ‘ਤੇ ਬੈਠ ਕੇ ਦੇਖਿਆ ਸੀ, ਜਿਨ੍ਹਾਂ ਵਿੱਚ ਉਹ ਬਾਲ ਉਮਰੇ ਪੜ੍ਹਿਆ ਕਰਦੀ ਸੀ। ਉਦੋਂ ਸ਼ੀਲਾ ਦੀਕਸ਼ਿਤ ਨੇ ਸਾਰਾ ਦਿਨ ਸਕੂਲ ਵਿੱਚ ਬਤੀਤ ਕੀਤਾ ਸੀ ਅਤੇ ਉਹ ਸਾਰੇ ਕਮਰਿਆਂ ਵਿੱਚ ਗਈ ਸੀ, ਜਿਨ੍ਹਾਂ ਨਾਲ ਉਸ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ। ਉਦੋਂ ਸ਼ੀਲਾ ਦੀਕਸ਼ਿਤ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਸਕੂਲ ਦਾ ਕੋਈ ਵੀ ਅਧਿਆਪਕ ਉਸ ਵੱਲ ਘੂਰੀ ਵੱਟ ਕੇ ਵੀ ਨਹੀਂ ਦੇਖ ਸਕਦਾ ਸੀ ਕਿਉਂਕਿ ਉਸ ਦੀ ਨਾਨੀ ਪਾਠਸ਼ਾਲਾ ਦੀ ਪ੍ਰਿੰਸੀਪਲ ਸੀ। ਉਨ੍ਹਾਂ ਇਹ ਵੀ ਦੱਸਿਆ ਸੀ ਕਿ ਉਸ ਨੂੰ ਟਾਂਗੇ ਵਿੱਚ ਸਕੂਲ ਆਉਣਾ-ਜਾਣਾ ਅਤੇ ਬਚਪਨ ਵਿੱਚ ਕੀਤੇ ਮਜ਼ੇ ਚੇਤੇ ਸਨ। ਨਾਨੀ ਪ੍ਰਿੰਸੀਪਲ ਹੋਣ ਕਾਰਨ ਉਸ ਕੋਲੋਂ ਸਕੂਲ ਦੀ ਫੀਸ ਵੀ ਨਹੀਂ ਸੀ ਵਸੂਲੀ ਜਾਂਦੀ ਅਤੇ ਜਿਸ ਪਾਠਸ਼ਾਲਾ ਵਿੱਚ ਉਹ ਪੜ੍ਹੀ ਸੀ, ਉਸ ਦੀ ਨੀਂਹ ਵੀ ਉਸ ਦੇ ਨਾਨਾ ਜੀ ਨੇ ਰੱਖੀ ਸੀ। ਕਪੂਰਥਲਾ ਵਿੱਚ ਛੇ ਜਮਾਤਾਂ ਕਰਕੇ ਉਹ ਦਿੱਲੀ ਚਲੀ ਗਈ ਸੀ ਪਰ 1952 ਵਿੱਚ ਉਸ ਦੀ ਨਾਨੀ ਫਿਰ ਉਸ ਨੂੰ ਕਪੂਰਥਲਾ ਲੈ ਆਈ ਸੀ ਕਿਉਂਕਿ ਉਹ ਹਿੰਦੀ ਅਤੇ ਹਿਸਾਬ ਵਿੱਚ ਕਮਜ਼ੋਰ ਸੀ। ਉਸ ਦੀ ਨਾਨੀ ਨੇ 10ਵੀਂ ਪਾਸ ਕਰਵਾ ਕੇ ਉਸ ਨੂੰ ਵਾਪਸ ਭੇਜਿਆ ਸੀ।
ਕੰਨਿਆ ਮਹਾਵਿਦਿਆਲਾ ਜਲੰਧਰ ਦੀ ਪ੍ਰਿੰਸੀਪਲ ਡਾæ ਅਮਿਤਾ ਸ਼ਰਮਾ ਨੇ ਦੱਸਿਆ ਕਿ ਸ਼ੀਲਾ ਦੀਕਸ਼ਿਤ ਦੀ ਮਾਤਾ ਕਮਲਾ ਨੇ ਉਨ੍ਹਾਂ ਦੇ ਕਾਲਜ ਵਿੱਚ ਵਿਦਿਆ ਹਾਸਲ ਕੀਤੀ ਸੀ ਤੇ ਉਹ ਹੋਸਟਲ ਵਿੱਚ ਰਹਿੰਦੀ ਹੁੰਦੀ ਸੀ। ਸਾਲ 2009 ਵਿੱਚ ਉਹ ਜਦੋਂ ਕਾਲਜ ਦੇ ਇੱਕ ਸਮਾਗਮ ਲਈ ਸ਼ੀਲਾ ਦੀਕਸ਼ਿਤ ਨੂੰ ਸੱਦਾ ਦੇਣ ਗਈ ਸੀ ਤਾਂ ਉਨ੍ਹਾਂ ਨੇ ਬੜਾ ਮਾਣ ਦਿੱਤਾ ਸੀ। ਇਸ ਮਗਰੋਂ ਸਮਾਗਮ ਲਈ ਉਹ ਰੇਲ ਗੱਡੀ ਰਾਹੀਂ ਜਲੰਧਰ ਆਏ ਤਾਂ ਜਦੋਂ ਉਹ ਰੇਲਵੇ ਸਟੇਸ਼ਨ ‘ਤੇ ਉਨ੍ਹਾਂ ਨੂੰ ਲੈਣ ਲਈ ਗਏ ਤਾਂ ਉਨ੍ਹਾਂ ਨਾਲ ਸਿਰਫ ਦੋ ਜਣੇ ਸਨ। ਸ਼ੀਲਾ ਦੀਕਸ਼ਿਤ ਦੀ ਸਾਦਗੀ ਨੇ ਉਨ੍ਹਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ ਸੀ।
ਪੁੱਤਰੀ ਪਾਠਸ਼ਾਲਾ ਦੇ ਪ੍ਰਬੰਧਕ ਰਹੇ ਬੀਐੱਨ ਗੁਪਤਾ ਨੇ ਦੱਸਿਆ ਕਿ ਸ਼ੀਲਾ ਦੀਕਸ਼ਿਤ ਦੇ ਦੇਹਾਂਤ ਨਾਲ ਸਕੂਲ ਦੀ ਸਭ ਤੋਂ ਹਰਮਨਪਿਆਰੀ ਵਿਦਿਆਰਥਣ ਸਦਾ ਲਈ ਵਿਛੜ ਗਈ ਹੈ, ਜਿਸ ਦਾ ਉਨ੍ਹਾਂ ਨੂੰ ਬੜਾ ਦੁੱਖ ਹੈ।
ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਕਪੂਰਥਲਾ ਦੇ ਦੁਰਗਾ ਪਿੰਡ ਵਿੱਚ ਸ਼ੀਲਾ ਦੀਕਸ਼ਿਤ ਦੇ ਨਾਨਕਿਆਂ ਦੀ 1000 ਏਕੜ ਜ਼ਮੀਨ ਸੀ ਅਤੇ ਜਦੋਂ ਭੋਇੰ ਦਾਨ ਅੰਦੋਲਨ ਚੱਲਿਆ ਸੀ ਤਾਂ ਸ਼ੀਲਾ ਦੇ ਮਾਮਾ ਵਿਸ਼ਵਨਾਥਪੁਰੀ ਨੇ ਸਾਰੀ ਜ਼ਮੀਨ ਦਾਨ ਕਰ ਦਿੱਤੀ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *