ਨਵਜੋਤ ਸਿੱਧੂ ਪੰਜਾਬ ਵਜ਼ਾਰਤ ਵਿਚੋਂ ਬਾਹਰ ਹੋਏ


ਮੁੱਖ ਮੰਤਰੀ ਨੇ ਸਿੱਧੂ ਦਾ ਅਸਤੀਫਾ ਪ੍ਰਵਾਨ ਕੀਤਾ
ਚੰਡੀਗੜ੍ਹ/ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਪਾਲ ਵੀਪੀਐੱਸ ਬਦਨੌਰ ਦੋਵਾਂ ਨੇ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ ਜਿਸ ਨਾਲ ਉਹ ਪੰਜਾਬ ਵਜ਼ਾਰਤ ਵਿਚੋਂ ਬਾਹਰ ਹੋ ਗਏ ਹਨ। ਸਿੱਧੂ ਅਤੇ ਮੁੱਖ ਮੰਤਰੀ ਦੋਵਾਂ ਵਿਚਾਲੇ ਲੋਕ ਸਭਾ ਤੋਂ ਪਹਿਲਾਂ ਅਤੇ ਚੋਣਾਂ ਸਮੇਂ ਪੈਦਾ ਹੋਏ ਮੱਤਭੇਦ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਦੇ ਦਖ਼ਲ ਨਾਲ ਵੀ ਹੱਲ ਨਹੀਂ ਹੋ ਸਕੇ ਕਿਉਂਕਿ ਦੋਵਾਂ ਧਿਰਾਂ ਆਪੋ ਆਪਣੇ ਸਟੈਂਡ ‘ਤੇ ਅਡਿੱਗ ਰਹੀਆਂ। ਸਿੱਧੂ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਹੀ ਦਿਤਾ ਜਾਵੇ ਪਰ ਮੁੱਖ ਮੰਤਰੀ ਨੇ ਇਹ ਵਿਭਾਗ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਦੇ ਨਾਲ ਹੀ ਬਿਜਲੀ ਵਿਭਾਗ ਲੈਣ ਦੇ ਚਾਹਵਾਨਾਂ ਨੇ ਵੀ ਆਪਣੇ ਯਤਨ ਤੇਜ਼ ਕਰ ਦਿੱਤੇ ਹਨ।
ਮੁੱਖ ਮੰਤਰੀ ਨੇ ਸਿੱਧੂ ਦਾ ਅਸਤੀਫ਼ਾ ਪ੍ਰਵਾਨ ਕਰਕੇ ਵੱਲੋਂ ਰਾਜਪਾਲ ਨੂੰ ਭੇਜ ਦਿੱਤਾ ਤੇ ਕੁਝ ਘੰਟਿਆਂ ਵਿੱਚ ਹੀ ਉਨ੍ਹਾਂ ਨੇ ਇਸ ਨੂੰ ਪ੍ਰਵਾਨ ਕਰਕੇ ਇਸ ਦੀ ਜਾਣਕਾਰੀ ਮੁੱਖ ਮੰਤਰੀ ਦਫ਼ਤਰ ਨੂੰ ਦੇ ਦਿੱਤੀ। ਅਸਤੀਫ਼ਾ ਮਨਜ਼ੂਰ ਹੋਣ ਕਰਕੇ ਮੁੱਖ ਮੰਤਰੀ ਨੇ ਹਾਲ ਦੀ ਘੜੀ ਬਿਜਲੀ ਵਿਭਾਗ ਆਪਣੇ ਕੋਲ ਰੱਖਣ ਦਾ ਫ਼ੈਸਲਾ ਕੀਤਾ ਹੈ ਤੇ ਸਿੱਧੂ ਵੱਲੋਂ ਅਸਤੀਫ਼ਾ ਦੇਣ ਮਗਰੋਂ ਉਹ ਖੁਦ ਹੀ ਬਿਜਲੀ ਵਿਭਾਗ ਦਾ ਕੰਮਕਾਜ ਦੇਖ ਰਹੇ ਹਨ। ਦੱਸਣਯੋਗ ਹੈ ਕਿ ਮੁੱਖ ਮੰਤਰੀ ਨਾਲ ਮਤਭੇਦ ਪੈਦਾ ਹੋਣ ਕਰਕੇ ਸਿੱਧੂ ਨੇ 10 ਜੂਨ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਸੀ ਅਤੇ ਇੱਕ ਮਹੀਨੇ ਪਿੱਛੋਂ 14 ਜੂਨ ਨੇ ਉਨ੍ਹਾਂ ਨੇ ਟਵੀਟ ਰਾਹੀ ਇਸ ਦੀ ਜਾਣਕਾਰੀ ਦਿਤੀ ਸੀ। ਇਸ ਨਾਲ ਹੀ ਕਿਹਾ ਸੀ ਕਿ ਉਹ ਆਪਣਾ ਅਸਤੀਫ਼ਾ ਮੁੱਖ ਮੰਤਰੀ ਨੂੰ ਭੇਜ ਦੇਣਗੇ ਅਤੇ ਅਗਲੇ ਦਿਨ 15 ਜੂਨ ਉਨ੍ਹਾਂ ਦੇ ਇਕ ਕਰੀਬੀ ਮਿੱਤਰ ਅਸਤੀਫ਼ਾ ਮੁੱਖ ਮੰਤਰੀ ਦੇ ਓਐੱਸਡੀ ਐੱਮਪੀ ਸਿੰਘ ਨੂੰ ਦੇ ਆਏ ਸਨ। ਉਸ ਸਮੇਂ ਦੋ ਕੈਬਨਿਟ ਮੰਤਰੀਆਂ ਨੇ ਕਿਹਾ ਸੀ ਕਿ ਸਿੱਧੂ ਅਸਤੀਫ਼ੇ ਬਾਰੇ ਡਰਾਮਾ ਕਰ ਰਹੇ ਹਨ ਤੇ ਉਨ੍ਹਾਂ ਨੂੰ ਕਾਂਗਰਸ ਪ੍ਰਧਾਨ ਨੂੰ ਅਸਤੀਫ਼ਾ ਭੇਜਣ ਦੀ ਥਾਂ ਮੁੱਖ ਮੰਤਰੀ ਨੂੰ ਅਸਤੀਫ਼ਾ ਭੇਜਣਾ ਚਾਹੀਦਾ ਹੈ। ਉਸ ਵੇਲੇ ਮੁੱਖ ਮੰਤਰੀ ਨਵੀਂ ਦਿੱਲੀ ਵਿਚ ਸਨ। ਮੁੱਖ ਮੰਤਰੀ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਅਸਤੀਫ਼ਾ ਮਿਲ ਗਿਆ ਹੈ ਤੇ ਉਹ ਚੰਡੀਗੜ੍ਹ ਜਾ ਕੇ ਅਸਤੀਫ਼ੇ ਨੂੰ ਦੇਖਣ ਮਗਰੋਂ ਇਸ ਬਾਰੇ ਫੈਸਲਾ ਲੈਣਗੇ। ਸਿੱਧੂ ਨੇ ਕੇਵਲ ਇੱਕ ਲਾਈਨ ਦਾ ਹੀ ਅਸਤੀਫ਼ਾ ਹੀ ਭੇਜਿਆ ਸੀ।
ਛੇ ਜੂਨ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੀ ਵਜ਼ਾਰਤ ਦੀ ਮੀਟਿੰਗ ਕਰ ਰਹੇ ਸਨ ਤਾਂ ਉਸ ਸਮੇਂ ਸਿੱਧੂ ਨੇ ਆਪਣੇ ਨਿਵਾਸ ਸਥਾਨ ‘ਤੇ ਕੁਝ ਪੱਤਰਕਾਰਾਂ ਨੂੰ ਸੱਦ ਕੇ ਮੁੱਖ ਮੰਤਰੀ ਵੱਲੋਂ ਕਾਂਗਰਸ ਨੂੰ ਸ਼ਹਿਰੀ ਖੇਤਰਾਂ ਵਿੱਚ ਘੱਟ ਵੋਟਾਂ ਪੈਣ ਦੇ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਸੀ ਕਿ ਸ਼ਹਿਰੀ ਖੇਤਰਾਂ ਵਿੱਚ ਪਿਛਲੀਆਂ ਚੋਣਾਂ ਦੇ ਮੁਕਾਬਲੇ ਵੱਧ ਵੋਟਾਂ ਪਈਆਂ ਹਨ ਅਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਕਾਂਗਰਸ ਹਾਈਕਮਾਂਡ ਨੂੰ ਦੇ ਦਿੱਤੀ ਹੈ। ਉਸੇ ਸ਼ਾਮ ਮੁੱਖ ਮੰਤਰੀ ਨੇ ਆਪਣੀ ਵਜ਼ਾਰਤ ਦੇ 13 ਮੰਤਰੀਆਂ ਦੇ ਵਿਭਾਗਾਂ ਵਿਚ ਫੇਰਬਦਲ ਕਰਦਿਆਂ ਸਿੱਧੂ ਕੋਲੋਂ ਸਥਾਨਕ ਸਰਕਾਰਾਂ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਲੈ ਕੇ ਬਿਜਲੀ ਵਿਭਾਗ ਅਤੇ ਨਵੀਂ ਅਤੇ ਨਵਿਆਉਣ ਊਰਜਾ ਵਿਭਾਗ ਦੇ ਦਿੱਤਾ ਸੀ ਜਿਸ ਦਾ ਸਿੱਧੂ ਨੇ ਚਾਰਜ ਨਹੀਂ ਸੀ ਲਿਆ। ਉਨ੍ਹਾਂ ਦਾ ਤਰਕ ਸੀ ਇਹ ਵਿਭਾਗ ਦਾ ਚਾਰਜ ਲੈ ਕੇ ਉਹ ਲਾਏ ਜਾ ਦੋਸ਼ਾਂ ਨੂੰ ਪ੍ਰਵਾਨ ਨਹੀਂ ਕਰਨਾ ਚਾਹੁੰਦੇ। ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਹੋਈ ਲੱਕ ਤੋੜਵੀਂ ਹਾਰ ਕਰਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕਮਜ਼ੋਰ ਪੈ ਗਏ ਹਨ ਤੇ ਉਨ੍ਹਾਂ ਨੇ ਖ਼ੁਦ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਪੰਜਾਬ ਵਿੱਚ 13 ਵਿੱਚੋਂ ਅੱਠ ਲੋਕ ਸਭਾ ਸੀਟਾਂ ਜਿੱਤਣ ਕਰਕੇ ਕੈਪਟਨ ਦੀ ਸਥਿਤੀ ਮਜ਼ਬੂਤ ਹੋ ਗਈ ਹੈ ਜਿਸ ਸਦਕਾ ਕਾਂਗਰਸ ਹਾਈਕਮਾਂਡ ਉਨ੍ਹਾਂ ਕੋਲੋਂ ਮਨਮਰਜ਼ੀ ਦੇ ਫ਼ੈਸਲੇ ਨਹੀਂ ਕਰਵਾ ਸਕਦੀ। ਕ੍ਰਿਕਟ ਖਿਡਾਰੀ ਤੋਂ ਮੰਤਰੀ ਬਣੇ ਸਿੱਧੂ ਵੀ ਇਸ ਬਦਲੀ ਹੋਈ ਸਥਿਤੀ ਨੂੰ ਸਮਝਣ ਵਿਚ ਅਸਮਰਥ ਰਹੇ ਹਨ ਤੇ ਇਸ ਕਰਕੇ ਉਨ੍ਹਾਂ ਨੂੰ ਵਜ਼ਾਰਤ ‘ਚੋ ਬਾਹਰ ਹੋਣਾ ਪੈ ਗਿਆ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *