ਕੰਜ਼ਰਵੇਟਿਵਾਂ ਨੇ ਆਮ ਚੋਣਾਂ ਲਈ ਸਭ ਤੋਂ ਪਹਿਲਾਂ ਉਮੀਦਵਾਰ ਐਲਾਨੇ


ਓਟਵਾ/ ਇਸ ਸਾਲ ਹੋਣ ਵਾਲੀਆਂ ਆਮ ਚੋਣਾਂ ਵਿਚ ਲਿਬਰਲਾਂ ਨੂੰ ਸੱਤਾ ਤੋਂ ਬਾਹਰ ਕਰਨ ਦੀ ਝਾਕ ਲਾਈ ਬੈਠੇ ਕੰਜ਼ਰਵੇਟਿਵਾਂ ਨੇ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਸਭ ਤੋਂ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਤਕ ਕੰਜ਼ਰਵੇਟਿਵਾਂ ਨੇ ਦੇਸ਼ ਦੀਆਂ ਕੁੱਲ 338 ਰਾeਡਿੰਗਾਂ ਵਿਚੋਂ 316 ਰਾਈਡਿੰਗਾਂ ਲਈ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਕਰ ਦਿੱਤੀ ਹੈ।
ਟੋਰੀਆਂ ਵੱਲੋਂ ਪੱਛਮੀ ਕੈਨੇਡਾ ਅਤੇ ਓਂਟਾਂਰੀਓ ਵਿਚ ਸਾਰੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ, ਜਦਕਿ ਕਿਊਬਿਕ ਅਤੇ ਐਟਲਾਂਟਿਕ ਕੈਨੇਡਾ ਵਿਚ ਅਜੇ ਕਈ ਥਾਵਾਂ ਉੱਤੇ ਉਮੀਦਵਾਰਾਂ ਦੀ ਚੋਣ ਬਾਕੀ ਹੈ। ਇਸ ਤੋਂ ਇਲਾਵਾ ਨਿਊਫਾਊਂਡਲੈਂਡ ਅਤੇ ਲੈਬਰਾਡਰ ਵਿਚ ਟੋਰੀਆਂ 7 ਰਾਈਡਿੰਗਾਂ ਵਿਚੋਂ ਸਿਰਫ ਤਿੰਨ ਉੱਤੇ ਹੀ ਆਪਣੇ ਉਮੀਦਵਾਰ ਐਲਾਨੇ ਹਨ। ਇਸ ਦੇ ਉਲਟ ਸੱਤਾਧਾਰੀ ਲਿਬਰਲਾਂ ਨੇ ਅਜੇ ਤਕ ਟੋਰੀਆਂ ਦੇ ਮੁਕਾਬਲੇ ਬਹੁਤ ਘੱਟ ਸੀਟਾਂ ਉੱਤੇ ਆਪਣੇ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਹੈ। ਲਿਬਰਲਾਂ ਨੇ ਹੁਣ ਤੀਕ ਸਿਰਫ 213 ਉਮੀਦਵਾਰਾਂ ਦਾ ਐਲਾਨ ਕੀਤਾ ਹੈ, ਜੋਕਿ ਕੈਨੇਡਾ ਦੀਆਂ ਕੁੱਲ ਸੀਟਾਂ ਦਾ ਮਸੀਂ ਦੋ-ਤਿਹਾਈ ਬਣਦਾ ਹੈ। ਪਾਰਟੀ ਦੀ ਵੈਬਸਾਇਟ ਉੱਤੇ ਪਾਈ ਜਾਣਕਾਰੀ ਮੁਤਾਬਿਕ ਅਗਲੇ ਹਫ਼ਤੇ 6 ਹੋਰ ਸੀਟਾਂ ਵਾਸਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਜਦਕਿ ਇੱਕ ਪਾਰਟੀ ਬੁਲਾਰੇ ਦਾ ਕਹਿਣਾ ਹੈ ਕਿ ਜਲਦੀ ਹੀ 12 ਦੇ ਕਰੀਬ ਉਮੀਦਵਾਰਾਂ ਦਾ ਐਲਾਨ ਹੋਵੇਗਾ। ਉਹਨਾਂ ਦੱਸਿਆ ਕਿ ਪਾਰਟੀ ਕੋਲ ਇਸ ਵਾਰ ਸੰਭਾਵੀ ਉਮੀਦਵਾਰਾਂ ਦਾ ਇੰਨਾ ਵੱਡਾ ਭੰਡਾਰ ਹੈ, ਜਿੰਨਾ ਪਹਿਲਾਂ ਕਦੇ ਵੀ ਨਹੀਂ ਹੋਇਆ।
ਲਿਬਰਲਾਂ ਕੋਲ ਅਲਬਰਟਾ, ਸਸਕੈਚਵਨ ਅਤੇ ਮਨੀਟੋਬਾ ਵਿਚ 11 ਸੀਟਾਂ ਹਨ। ਪਾਰਟੀ ਨੇ ਅਲਬਰਟਾ ਦੀਆਂ 34 ਰਾਈਡਿੰਗਾਂ ਵਿਚੋਂ ਅਜੇ 28 ਰਾਈਡਿੰਗਾਂ ਲਈ ਉਮੀਦਵਾਰਾਂ ਦੀ ਚੋਣ ਕਰਨੀ ਹੈ। ਇਸ ਤੋਂ ਇਲਾਵਾ ਸਸਕੈਚਵਨ ਅਤੇ ਮਨੀਟੋਬਾ ਵਿਚ ਵੀ ਬਹੁਤ ਸਾਰੀਆਂ ਰਾਈਡਿੰਗਾਂ ਵਾਸਤੇ ਉਮੀਦਵਾਰਾਂ ਦੀ ਘੋਸ਼ਣਾ ਕੀਤੀ ਜਾਣੀ ਬਾਕੀ ਹੈ। ਇਸ ਦੇ ਨਾਲ ਹੀ ਲਿਬਰਲਾਂ ਨੇ ਐਟਲਾਂਟਿਕ ਕੈਨੇਡਾ ਵਿਚ ਚੋਣ ਪ੍ਰਚਾਰ ਸ਼ੁਰੂ ਕਰਨ ਦੀ ਤਿਆਰੀ ਖਿੱਚ ਰੱਖੀ ਹੈ। ਇਸ ਸੂਬੇ ਵਿਚ 2015 ‘ਚ ਪਾਰਟੀ ਨੇ ਹੂੰਝਾ ਫੇਰ ਜਿੱਤ ਹਾਸਿਲ ਕੀਤੀ ਸੀ। ਇੱਥੇ ਸਿਰਫ ਕੁੱਝ ਕੁ ਹੀ ਰਾਈਡਿੰਗਾਂ ਉੱਤੇ ਨਵੇਂ ਉਮੀਦਵਾਰਾਂ ਦੀ ਚੋਣ ਦੀ ਲੋੜ ਹੈ। ਇਹ ਉਹ ਰਾਈਡਿੰਗਾਂ ਹਨ, ਜਿਹੜੀਆਂ ਬਿਲ ਕੈਸੇ, ਰੋਜ਼ਰ ਕਜ਼ਨਰ, ਟੀਜੇ ਹਾਰਵੇ ਅਤੇ ਮਾਰਕ ਆਈਕਿੰਗ ਜਿਹੇ ਸਾਂਸਦਾਂ ਦੀ ਸੇਵਾਮੁਕਤੀ ਮਗਰੋਂ ਖਾਲੀ ਹੋ ਗਈਆਂ ਸਨ।
ਇਸ ਤੋਂ ਇਲਾਵਾ ਲਿਬਰਲਾਂ ਵੱਲੋਂ ਕਿਊਬਿਕ ਅਤੇ ਓਂਟਾਂਰੀਓ ਦੀਆਂ 58 ਰਾਈਡਿੰਗਾਂ ਵਿਚੋਂ ਬਹੁਤੀਆਂ ਉੱਤੇ ਉਮੀਦਵਾਰਾਂ ਦੀ ਚੋਣ ਕਰਨੀ ਬਾਕੀ ਹੈ। ਇਹਨਾਂ ਵਿੱਚੋਂ ਬਹੁਤੀਆਂ ਰਾਈਡਿੰਗਾਂ ਪਿੰਡਾਂ ਜਾਂ ਛੋਟੇ ਸ਼ਹਿਰਾਂ ਵਿਚ ਹਨ, ਜਿਹਨਾਂ ਉਤੇ ਮੌਜੂਦਾ ਸਮੇ ਕੰਜ਼ਰਵੇਟਿਵ ਸਾਂਸਦਾਂ ਦਾ ਕਬਜ਼ਾ ਹੈ।
ਉਮੀਦਵਾਰਾਂ ਦੀ ਘੋਸ਼ਣਾ ਕਰਨ ਵਿਚ ਰਾਸ਼ਟਰੀ ਪਾਰਟੀਆਂ ਵਿਚੋਂ ਐਨਡੀਪੀ ਸਭ ਤੋਂ ਪਿੱਛੇ ਹਨ, ਜਿਸ ਨੇ ਸ਼ੁੱਕਰਵਾਰ ਤੀਕ ਸਿਰਫ 116 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਹਨਾਂ ਵਿੱਚੋਂ ਜ਼ਿਆਦਾ ਰਾਈਡਿੰਗਾਂ ਓਂਟਾਂਰੀਓ, ਬੀਸੀ ਅਤੇ ਕਿਊਬਿਕ ਵਿਚ ਹਨ। ਐਟਲਾਂਟਿਕ ਕੈਨੇਡਾ ਵਿਚ ਇਸ ਨੇ ਇੱਕ ਵੀ ਉਮੀਦਵਾਰ ਨਹੀਂ ਐਲਾਨਿਆ ਹੈ। ਇਸ ਤੋਂ ਇਲਾਵਾ ਐਨਡੀਪੀ ਵੱਲੋਂ ਨੋਵਾ ਸਕੋਸ਼ੀਆ ਵਿਚ ਚਾਰ ਅਤੇ ਨਿਊਫਾਊਂਡਲੈਂਡ ਅਤੇ ਲੈਬਰਾਡਰ ਵਿਚ ਇੱਕ ਇੱਕ ਉਮੀਦਵਾਰ ਐਲਾਨਿਆ ਗਿਆ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *