ਹਵਾਈ ਯਾਤਰੀਆਂ ਦੇ ਅਧਿਕਾਰਾਂ ਤਹਿਤ ਏਅਰਲਾਈਨਜ਼ ਤੇ ਲਾਗੂ ਹੋਏ ਸਖ਼ਤ ਨਿਯਮ


ਮੌਂਟਰੀਅਲ/ਸੋਮਵਾਰ ਤੋਂ ਲਾਗੂ ਹੋਏ ਨਵੇਂ ਨਿਯਮਾਂ ਤਹਿਤ ਹੁਣ ਏਅਰਲਾਈਨਜ਼ ਨੂੰ ਹਵਾਈ ਯਾਤਰੀਆਂ ਨੂੰ ਯਾਤਰਾ ਦੌਰਾਨ ਲੱਗੀਆਂ ਸੱਟਾਂ ਅਤੇ ਉੁਹਨਾਂ ਦੇ ਸਮਾਨ ਦੇ ਹੋਏ ਨੁਕਸਾਨ ਲਈ ਹਰਜਾਨਾ ਦੇਣਾ ਪਵੇਗਾ।
ਇਸ ਤੋਂ ਇਲਾਵਾ ਜੇਕਰ ਉਡਾਣ ਲੇਟ ਹੋਈ ਹੈ ਜਾਂ ਰੱਦ ਹੋਈ ਹੈ ਤਾਂ ਯਾਤਰੀਆਂ ਨੂੰ ਉਹਨਾਂ ਦੇ ਅਧਿਕਾਰਾਂ ਸੰਬੰਧੀ ਤੁਰੰਤ ਜਾਣੂ ਕਰਵਾਇਆ ਜਾਵੇਗਾ।
ਇਹਨਾਂ ਨਵੇਂ ਨਿਯਮਾਂ ਤਹਿਤ ਯਾਤਰੀ ਹਵਾਈ ਸਫਰ ਦੌਰਾਨ ਲੱਗੀਆਂ ਸੱਟਾਂ ਲਈ 2400 ਡਾਲਰ ਤਕ ਅਤੇ ਆਪਣਾ ਸਮਾਨ ਗੁਆਚ ਜਾਣ ਦੀ ਸੂਰਤ ਵਿਚ 2100 ਡਾਲਰ ਤਕ ਹਰਜਾਨਾ ਲੈ ਸਕਦੇ ਹਨ।
ਕੈਨੇਡੀਅਨ ਟਰਾਂਸਪੋਰਟੇਸ਼ਨ ਏਜੰਸੀ (ਸੀਟੀਏ) ਨੇ ਕਿਹਾ ਹੈ ਕਿ ਜੇਕਰ ਸੰਭਵ ਹੋਵੇ ਤਾਂ ਟਾਰਮੈਕ ਡਿਲੇਅ ਦੀ ਸੂਰਤ ਵਿਚ ਏਅਰਕਰਾਫਟ ਨੂੰ ਤਿੰਨ ਘੰਟੇ 45 ਮਿੰਟ ਤਕ ਗੇਟ ਅੰਦਰ ਵਾਪਸ ਆਉਣਾ ਲਾਜ਼ਮੀ ਹੈ। ਯਾਤਰੀਆਂ ਕੋਲ ਵਾਸ਼ਰੂਮਜ਼, ਹੀਟਿੰਗ ਜਾਂ ਕੂਲਿੰਗ, ਭੋਜਨ-ਪਾਣੀ ਅਤੇ ਜਹਾਜ਼ ਤੋਂ ਬਾਹਰ ਖੜ੍ਹੇ ਲੋਕ ਨਾਲ ਸੰਪਰਕ ਕਰਨ ਦੀ ਸਹੂਲਤ ਮੁਫਤ ਹੋਣੀ ਚਾਹੀਦੀ ਹੈ।
ਇਹ ਮੁੱਦਾ 2017 ਵਿਚ ਵਾਪਰੀ ਘਟਨਾ ਮਗਰੋਂ ਉੱਛਲਿਆ ਸੀ, ਜਦੋਂ ਮੌਂਟਰੀਅਲ ਜਾਣ ਵਾਲੇ ਦੋ ਏਅਰ ਟਰਾਂਸੈਟ ਜੈਟ ਖਰਾਬ ਮੌਸਮ ਕਰਕੇ ਓਟਵਾ ਭੇਜ ਦਿੱਤੇ ਸਨ ਅਤੇ ਲਗਾਤਾਰ 6 ਘੰਟੇ ਲਈ ਟਾਰਮਕ ਅਵਸਥਾ ਵਿਚ ਖੜ੍ਹੇ ਰਹੇ ਸਨ, ਜਿਸ ਕਰਕੇ ਕੁੱਝ ਯਾਤਰੀਆਂ ਨੇ ਬਚਾਅ ਲਈ 911 ਨੂੰ ਫੋਨ ਕਰ ਦਿੱਤਾ ਸੀ।
ਇਹਨਾਂ ਨਵੇਂ ਨਿਯਮਾਂ ਨੂੰ ਖਪਤਕਾਰਾਂ ਅਤੇ ਇੰਡਸਟਰੀ ਵੱਲੋਂ ਰਲਿਆ ਮਿਲਿਆ ਹੁੰਗਾਰਾ ਮਿਲਿਆ ਹੈ।
ਏਅਰ ਕੈਨੇਡਾ ਅਤੇ ਪੋਰਟਰ ਏਅਰਲਾਈਨਜ਼ ਨੇ ਫੈਡਰਲ ਕੋਰਟ ਆਫ ਅਪੀਲ ਨੂੰ ਇਹਨਾਂ ਨਵੇਂ ਨਿਯਮਾਂ ਨੂੰ ਤੁਰੰਤ ਰੱਦ ਕਰਨ ਦੀ ਬੇਨਤੀ ਕਰਦਿਆਂ ਕਿਹਾ ਹੈ ਕਿ ਇਹ ਨਿਯਮ ਅੰਤਰਰਾਸ਼ਟਰੀ ਮਾਪਦੰਡਾਂ ਦੀ ਉਲੰਘਣਾ ਕਰਦੇ ਹਨ।
ਅਦਾਲਤ ਵਿਚ ਪੇਸ਼ ਕੀਤੀ ਅਰਜ਼ੀ ਵਿਚ ਇਹ ਦਲੀਲ ਦਿੱਤੀ ਗਈ ਹੈ ਕਿ ਉਡਾਣ ਦੀ ਦੇਰੀ ਅਨੁਸਾਰ ਮੁਆਵਜ਼ੇ ਦੀ ਰਾਸ਼ੀ ਤੈਅ ਕਰਕੇ ਯਾਤਰੀ ਅਧਿਕਾਰਾਂ ਦਾ ਬਿਲ ਮੌਂਟਰੀਅਲ ਕੰਨਵੈਨਸ਼ਨ ਨਾਂ ਦੀ ਬਹੁਪੱਖੀ ਸੰਧੀ ਦੀ ਉਲੰਘਣਾ ਕਰਦਾ ਹੈ।
ਇੱਥੇ ਦੱਸਣਯੋਗ ਹੈ ਕਿ ਦਸੰਬਰ ਵਿਚ ਇਹ ਨਿਯਮ ਲਾਗੂ ਹੋ ਜਾਵੇਗਾ ਕਿ ਜੇਕਰ ਉਡਾਣ 9 ਘੰਟੇ ਤੋਂ ਵੱਧ ਲੇਟ ਹੁੰਦੀ ਹੈ ਤਾਂ ਮੁਆਵਜ਼ਾ 1000 ਡਾਲਰ ਤਕ ਹੋ ਸਕਦਾ ਹੈ।
ਦੂਜੇ ਪਾਸੇ ਟਰਾਂਸਪੋਰਟ ਮੰਤਰੀ ਮਾਰਕ ਗਾਰਨੋ ਦਾ ਕਹਿਣਾ ਹੈ ਕਿ ਉਹ ਹੈਰਾਨ ਹੀ ਨਹੀਂ ਸਗੋਂ ਕੁੱਝ ਹੱਦ ਤਕ ਨਿਰਾਸ਼ ਵੀ ਹੋਏ ਹਨ ਕਿ ਏਅਰਲਾਈਨਜ਼ ਯਾਤਰੀਆਂ ਦੇ ਅਧਿਕਾਰਾਂ ਨੂੰ ਚੁਣੌਤੀ ਦੇ ਰਹੀਆਂ ਹਨ। ਉੁਹਨਾਂ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਸਾਡੇ ਵੱਲੋਂ ਤੈਅ ਕੀਤੇ ਯਾਤਰੀਆਂ ਦੇ ਅਧਿਕਾਰ ਕਾਇਮ ਰਹਿਣਗੇ। ਇਹ ਯਾਤਰੀਆਂ ਅਤੇ ਏਅਰਲਾਇਨਜ਼ ਦੋਵਾਂ ਲਈ ਸਹੀ ਗੱਲ ਹੋਵੇਗੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *