ਅਮਰਤਿਆ ਸੇਨ ਵੱਲੋਂ ‘ਜੈ ਸ੍ਰੀ ਰਾਮ’ ਬਾਰੇ ਕੀਤੀ ਟਿੱਪਣੀ ਨਾਲ ਵਿਵਾਦ ਉੱਠਿਆ


ਕੋਲਕਾਤਾ/ਨੋਬੇਲ ਪੁਰਸਕਾਰ ਜੇਤੂ ਆਰਥਿਕ ਮਾਹਿਰ ਅਮਰਤਿਆ ਸੇਨ (85) ਨੇ ਸ਼ੁੱਕਰਵਾਰ ਨੂੰ ਕਿਹਾ ਕਿ ‘ਜੈ ਸ੍ਰੀ ਰਾਮ’ ਦਾ ਨਾਅਰਾ ਬੰਗਾਲੀ ਸੱਭਿਆਚਾਰ ਨਾਲ ਨਹੀਂ ਜੁੜਿਆ ਹੋਇਆ ਅਤੇ ਇਸ ਦੀ ਵਰਤੋਂ ‘ਲੋਕਾਂ ਨੂੰ ਕੁੱਟਣ ਲਈ’ ਕੀਤੀ ਜਾ ਰਹੀ ਹੈ। ਇਥੇ ਜਾਧਵਪੁਰ ਯੂਨੀਵਰਸਿਟੀ ‘ਚ ਪ੍ਰੋਗਰਾਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਸ੍ਰੀ ਸੇਨ ਨੇ ਕਿਹਾ ਕਿ ‘ਮਾਂ ਦੁਰਗਾ’ ਬੰਗਾਲ ਦੇ ਕਣ-ਕਣ ‘ਚ ਵਸੀ ਹੋਈ ਹੈ ਪਰ ਪਿਛਲੇ ਕੁਝ ਸਮੇਂ ਤੋਂ ਰਾਮਨੌਮੀ ਮਸ਼ਹੂਰ ਹੁੰਦੀ ਜਾ ਰਹੀ ਹੈ ਜਿਸ ਬਾਰੇ ਉਨ੍ਹਾਂ ਪਹਿਲਾਂ ਕਦੇ ਨਹੀਂ ਸੁਣਿਆ ਸੀ। ਸ੍ਰੀ ਸੇਨ ਨੇ ਕਿਹਾ,”ਮੈਂ ਆਪਣੀ ਚਾਰ ਸਾਲ ਦੀ ਪੋਤੀ ਨੂੰ ਪੁੱਛਿਆ ਕਿ ਉਸ ਦੀ ਪਸੰਦੀਦਾ ਦੇਵੀ ਕੌਣ ਹੈ? ਉਸ ਨੇ ਜਵਾਬ ਦਿੱਤਾ ਮਾਂ ਦੁਰਗਾ। ਮਾਂ ਦੁਰਗਾ ਸਾਡੇ ਜੀਵਨ ‘ਚ ਧੁਰ ਅੰਦਰ ਤਕ ਰਚੀ-ਵਸੀ ਹੋਈ ਹੈ।” ਆਰਥਿਕ ਮਾਹਿਰ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਜੈ ਸ੍ਰੀਰਾਮ ਵਰਗੇ ਨਾਅਰਿਆਂ ਦੀ ਵਰਤੋਂ ਲੋਕਾਂ ਨੂੰ ਮਾਰਨ-ਕੁੱਟਣ ਦੇ ਬਹਾਨੇ ਵਜੋਂ ਕੀਤੀ ਜਾ ਰਹੀ ਹੈ। ਸ੍ਰੀ ਸੇਨ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਮੁਲਕ ਦੇ ਕਈ ਹਿੱਸਿਆਂ ‘ਚ ਕੁਝ ਕੱਟੜ ਹਿੰਦੂਆਂ ਵੱਲੋਂ ਲੋਕਾਂ ਤੋਂ ‘ਜੈ ਸ੍ਰੀਰਾਮ’ ਦੇ ਜਬਰੀ ਨਾਅਰੇ ਲਵਾਏ ਜਾ ਰਹੇ ਹਨ ਅਤੇ ਜੇਕਰ ਕੋਈ ਨਾਅਰਾ ਲਾਉਣ ਤੋਂ ਇਨਕਾਰ ਕਰਦਾ ਹੈ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ।
ਨੋਬੇਲ ਪੁਰਸਕਾਰ ਜੇਤੂ ਅਮਰਤਿਆ ਸੇਨ ਵੱਲੋਂ ‘ਜੈ ਸ੍ਰੀਰਾਮ’ ਨਾਅਰੇ ਬਾਰੇ ਕੀਤੀ ਗਈ ਟਿੱਪਣੀ ਦੀ ਨਿਖੇਧੀ ਕਰਦਿਆਂ ਪੱਛਮੀ ਬੰਗਾਲ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ ਕਿ ਆਰਥਿਕ ਮਾਹਿਰ ਜ਼ਮੀਨੀ ਹਕੀਕਤਾਂ ਤੋਂ ਜਾਣੂ ਨਹੀਂ ਹਨ ਕਿਉਂਕਿ ਉਹ ਵਿਦੇਸ਼ ‘ਚ ਰਹਿੰਦੇ ਹਨ। ਉਸ ਨੇ ਦੋਸ਼ ਲਾਇਆ ਕਿ ਬੁੱਧੀਜੀਵੀਆਂ ਦਾ ਇਕ ਵਰਗ ਪੱਛਮੀ ਬੰਗਾਲ ‘ਚ ਨਾਅਰੇ ਲਾਉਣ ਵਾਲੇ ਭਾਜਪਾ ਵਰਕਰਾਂ ਦੀਆਂ ਹੱਤਿਆਵਾਂ ‘ਤੇ ਅੱਖਾਂ ਮੀਟੀ ਬੈਠਿਆ ਹੈ। ਉਸ ਨੇ ਕਿਹਾ ਕਿ ਜੇਕਰ ਸ੍ਰੀ ਸੇਨ ਵਿਦੇਸ਼ ‘ਚ ਹੀ ਰਹਿਣ ਤਾਂ ਸਾਰਿਆਂ ਦਾ ਭਲਾ ਹੋਵੇਗਾ। ਉਧਰ ਹੁਕਮਰਾਨ ਤ੍ਰਿਣਮੂਲ ਕਾਂਗਰਸ ਆਗੂ ਅਤੇ ਮੰਤਰੀ ਪੀ ਬੋਸ ਨੇ ਕਿਹਾ ਕਿ ਭਾਜਪਾ ‘ਜੈ ਸ੍ਰੀਰਾਮ’ ਦਾ ਨਾਅਰਾ ਸੂਬੇ ‘ਚ ਆਪਣੇ ਸਿਆਸੀ ਏਜੰਡੇ ਨੂੰ ਪੂਰਨ ਲਈ ਲਗਾ ਰਹੀ ਹੈ ਅਤੇ ਇਸ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *