ਰਾਹੁਲ ਗਾਂਧੀ ਨੇ ਆਖ਼ਿਰ ਕਾਂਗਰਸ ਦੀ ਪ੍ਰਧਾਨਗੀ ਛੱਡੀ


ਨਵੀਂ ਦਿੱਲੀ/ਲੋਕ ਸਭਾ ਚੋਣਾਂ ਵਿੱਚ ਮਿਲੀ ਨਮੋਸ਼ੀਜਨਕ ਹਾਰ ਲਈ ‘ਕਾਂਗਰਸ ਪ੍ਰਧਾਨ’ ਵਜੋਂ ਜ਼ਿੰਮੇਵਾਰੀ ਲੈਂਦਿਆਂ ਰਾਹੁਲ ਗਾਂਧੀ ਬੁੱਧਵਾਰ ਨੂੰ ਅਧਿਕਾਰਤ ਤੌਰ ‘ਤੇ ਪ੍ਰਧਾਨਗੀ ਤੋਂ ਲਾਂਭੇ ਹੋ ਗਏ। ਰਾਹੁਲ ਪਿਛਲੇ ਕਈ ਦਿਨਾਂ ਤੋਂ ਅਹੁਦਾ ਛੱਡਣ ਲਈ ਬਜ਼ਿੱਦ ਸਨ, ਹਾਲਾਂਕਿ ਉਹ ਕਾਂਗਰਸ ਵਰਕਿੰਗ ਕਮੇਟੀ ਅੱਗੇ ਆਪਣਾ ਅਸਤੀਫ਼ਾ ਪਹਿਲਾਂ ਹੀ ਰੱਖ ਚੁੱਕੇ ਸਨ। ਰਾਹੁਲ ਦੇ ਇਸ ਸੱਜਰੇ ਐਲਾਨ ਨਾਲ ਨਵਾਂ ਕਾਂਗਰਸ ਪ੍ਰਧਾਨ ਥਾਪਣ ਲਈ ਰਾਹ ਪੱਧਰਾ ਹੋ ਗਿਆ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਲਈ ਉਨ੍ਹਾਂ ਦੇ ਮਨ ‘ਚ ਕੋਈ ਨਫ਼ਰਤ ਨਹੀਂ ਹੈ, ਪਰ ਉਨ੍ਹਾਂ ਦੇ ਸਰੀਰ ਦਾ ਹਰ ਕਣ(ਸੈੱਲ) ਭਾਰਤ ਪ੍ਰਤੀ ਉਨ੍ਹਾਂ(ਭਾਜਪਾ) ਦੀ ਵਿਚਾਰਧਾਰਾ ਦਾ ਵਿਰੋਧ ਕਰਦਾ ਹੈ।
ਰਾਹੁਲ ਨੇ ਇਕ ਖੁੱਲ੍ਹੀ ਚਿੱਠੀ, ਜੋ ਉਨ੍ਹਾਂ ਮਗਰੋਂ ਟਵਿੱਟਰ ‘ਤੇ ਵੀ ਸਾਂਝੀ ਕੀਤੀ, ਵਿੱਚ ਕਿਹਾ ਕਿ ਹੁਣ ਉਹ ਕਾਂਗਰਸ ਦੇ ਪ੍ਰਧਾਨ ਨਹੀਂ ਹਨ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਐਸਐਸ ਖਿਲਾਫ਼ ਛੇੜੀ ਲੜਾਈ ਵਿੱਚ ਇਕੱਲਿਆਂ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਇਸ ਗੱਲ ‘ਤੇ ਮਾਣ ਹੈ। ਉਂਜ ਰਾਹੁਲ ਨੇ ਕਿਹਾ ਕਿ ਅਜਿਹੀ ਪਾਰਟੀ, ਜਿਸ ਦੀਆਂ ਕਦਰਾਂ ਕੀਮਤਾਂ ਤੇ ਆਦਰਸ਼ਾਂ ਨੇ ‘ਇਸ ਖੂਬਸੂਰਤ ਰਾਸ਼ਟਰ ਦੀ ਜਿੰਦ-ਜਾਨ’ ਵਜੋਂ ਸੇਵਾ ਕੀਤੀ ਹੈ, ਦੀ ਖਿਦਮਤ ਕਰਨਾ ਮਾਣ ਵਾਲੀ ਗੱਲ ਸੀ। ਮਾਈਕਰੋਬਲਾਗਿੰਗ ਸਾਈਟ ‘ਤੇ ਅਸਤੀਫ਼ਾ ਪੋਸਟ ਕਰਨ ਤੋਂ ਘੰਟੇ ਕੁ ਮਗਰੋਂ ਰਾਹੁਲ ਨੇ ਆਪਣੇ ਟਵਿੱਟਰ ਪ੍ਰੋਫਾਈਲ ਤੋਂ ‘ਕਾਂਗਰਸ ਪ੍ਰਧਾਨ’ ਦਾ ਆਪਣਾ ਅਹੁਦਾ ਵੀ ਹਟਾ ਦਿੱਤਾ। ਰਾਹੁਲ ਨੇ ਪ੍ਰੋਫਾਈਲ ਵਿੱਚ ਖੁਦ ਨੂੰ ਭਾਰਤੀ ਨੈਸ਼ਨਲ ਕਾਂਗਰਸ ਦਾ ਮੈਂਬਰ ਤੇ ਸੰਸਦ ਮੈਂਬਰ ਦੱਸਿਆ। ਰਾਹੁਲ ਗਾਂਧੀ ਨੇ ਖੁੱਲ੍ਹੀ ਚਿੱਠੀ ‘ਚ ਕਿਹਾ, ‘ਭਵਿੱਖ ਵਿੱਚ ਕਾਂਗਰਸ ਪਾਰਟੀ ਦੇ ਵਿਕਾਸ ਲਈ ਜਵਾਬਦੇਹੀ ਤੈਅ ਕਰਨਾ ਅਹਿਮ ਹੋਵੇਗਾ। ਇਹੀ ਵਜ੍ਹਾ ਹੈ ਕਿ ਮੈਂ ਕਾਂਗਰਸ ਪ੍ਰਧਾਨ ਵਜੋਂ ਅਸਤੀਫ਼ਾ ਦੇ ਦਿੱਤਾ ਹੈ।’ ਗਾਂਧੀ ਨੇ ਸਲਾਹ ਦਿੱਤੀ ਕਿ ਨਵੇਂ ਪਾਰਟੀ ਪ੍ਰਧਾਨ ਨੂੰ ਲੱਭਣ ਦਾ ਕੰਮ ਕਾਂਗਰਸ ਵਰਕਿੰਗ ਕਮੇਟੀ ਨੂੰ ਸੌਂਪ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਹੀ ਜਾਨਸ਼ੀਨ ਦੀ ਚੋਣ ਕਰਨਾ ਕਿਸੇ ਤਰ੍ਹਾਂ ਵੀ ਸਹੀ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਦੇਸ਼ ਤੇ ਪਾਰਟੀ ਵੱਲੋਂ ਦਿੱਤੇ ਪਿਆਰ ਲਈ ਹਮੇਸ਼ਾ ਉਨ੍ਹਾਂ ਦੇ ਰਿਣੀ ਰਹਿਣਗੇ। ਰਾਹੁਲ ਨੇ ਕਿਹਾ ਕਈ ਵਾਰ ਉਸ ਨੂੰ ਲੱਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰਐਸਐਸ ਖ਼ਿਲਾਫ਼ ਵਿੱਢੀ ਲੜਾਈ ਵਿੱਚ ਉਹ ‘ਇਕੱਲਾ’ ਹੈ, ਪਰ ਉਸ ਨੂੰ ਇਸ ਗੱਲ ‘ਤੇ ਮਾਣ ਹੈ। ਰਾਹੁਲ ਗਾਂਧੀ ਨੇ ਕਿਹਾ, ‘ਪਾਰਟੀ ਨੂੰ ਮੁੜ ਪੈਰਾਂ ਸਿਰ ਕਰਨ ਲਈ ਸਖ਼ਤ ਫ਼ੈਸਲਿਆਂ ਦੀ ਲੋੜ ਹੈ। 2019 ਦੀ ਨਾਕਾਮੀ ਲਈ ਵੱਡੀ ਗਿਣਤੀ ਲੋਕਾਂ ਨੂੰ ਜਵਾਬਦੇਹ ਬਣਾਉਣਾ ਹੋਵੇਗਾ। ਪਾਰਟੀ ਪ੍ਰਧਾਨ ਵਜੋਂ ਆਪਣੀ ਖੁਦ ਦੀ ਜ਼ਿੰਮੇਵਾਰੀ ਨੂੰ ਅਣਗੌਲਿਆਂ ਕਰਕੇ ਹੋਰਨਾਂ ਨੂੰ ਜਵਾਬਦੇਹ ਬਣਾਉਣਾ ਕਿਸੇ ਤਰ੍ਹਾਂ ਵੀ ਨਿਆਂਸੰਗਤ ਨਹੀਂ।’
ਇਸੇ ਦੌਰਾਨ ਕਾਂਗਰਸੀ ਆਗੂਆਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪਾਰਟੀ ਪ੍ਰਧਾਨ ਵਜੋਂ ਭਾਵੇਂ ਅਸਤੀਫ਼ਾ ਦੇ ਦਿੱਤਾ ਹੈ, ਪਰ ਉਹ ਉਨ੍ਹਾਂ ਦੇ ਆਗੂ ਰਹਿਣਗੇ ਤੇ ਹਮੇਸ਼ਾਂ ‘ਪਾਰਟੀ ਵਰਕਰਾਂ ਦੀ ਆਵਾਜ਼’ ਬਣ ਕੇ ਵਿਚਰਨਗੇ। ਰਾਜਸਥਾਨ ਦੇ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਿਹਾ, ‘ਅਸੀਂ ਉਨ੍ਹਾਂ ਵੱਲੋਂ ਕੀਤੇ ਸੰਘਰਸ਼ ਤੋਂ ਜਾਣੂ ਹਾਂ, ਲਿਹਾਜ਼ਾ ਅਸੀਂ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਦੀ ਅਪੀਲ ਕਰਦੇ ਹਾਂ।’ ਸਾਬਕਾ ਕੇਂਦਰੀ ਮੰਤਰੀ ਤੇ ਸੀਨੀਅਰ ਪਾਰਟੀ ਆਗੂ ਸਲਮਾਨ ਖ਼ੁਰਸ਼ੀਦ ਨੇ ਕਿਹਾ, ‘ਉਨ੍ਹਾਂ ਨੂੰ ਅਹੁਦਾ ਛੱਡਦਿਆਂ ਵੇਖਣਾ ਦੁਖਦਾਇਕ ਹੈ।  ਉਨ੍ਹਾਂ ਪੂਰਾ ਜ਼ੋਰ ਲਾਇਆ ਤੇ ਇਕ ਸਮੇਂ ਲੱਗਿਆ ਕਿ ਉਨ੍ਹਾਂ ਲੋਕਾਂ ਦੀ ਨਬਜ਼ ਫੜ ਲਈ ਹੈ ਤੇ ਸਾਨੂੰ ਕਾਂਗਰਸ ਦੀ ਵਾਪਸੀ ਦੀ ਪੂਰੀ ਉਮੀਦ ਸੀ। ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੇ ਬਾਵਜੂਦ ਉਹ ਸਾਡੇ ਆਗੂ ਰਹਿਣਗੇ।’ ਦਿੱਲੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਜੈ ਮਾਕਨ ਨੇ ਕਿਹਾ, ‘ਰਾਹੁਲ ਜੀ ਨੇ ਸਹੀ ਫੈਸਲਾ ਲਿਆ ਹੈ ਤੇ ਅਸੀਂ ਇਸ ਦੀ ਹਮਾਇਤ ਕਰਦੇ ਹਾਂ। ਉਹ ਪਾਰਟੀ ਵਰਕਰਾਂ ਦੀ ਆਵਾਜ਼ ਬਣੇ ਰਹਿਣਗੇ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਕਿ ਕਾਂਗਰਸ ਦੀ ਨਿਸਬਤ ਭਾਜਪਾ ਦਾ ਸੰਸਥਾਗਤ ਬੁਨਿਆਦੀ ਢਾਂਚਾ ਪਹਿਲਾਂ ਹੀ ਥਾਂ ਟਿਕਾਣੇ ਹੈ। ਰਾਹੁਲ ਗਾਂਧੀ ਵੱਲੋਂ ਕਾਂਗਰਸ ਪ੍ਰਧਾਨ ਵਜੋਂ ਦਿੱਤੇ ਅਸਤੀਫੇ ‘ਤੇ ਟਿੱਪਣੀ ਕਰਦਿਆਂ ਜਾਵੜੇਕਰ ਨੇ ਕਿਹਾ, ‘ਭਾਜਪਾ ਵਿੱਚ (ਸੰਸਥਾਗਤ) ਚੋਣ ਤੇ ਮੈਂਬਰਸ਼ਿਪ ਮੁਹਿੰਮ ਲਈ ਸਮਾਂ ਸਾਰਨੀ ਤਿਆਰ ਹੈ। ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਸਾਡੇ ਕੋਲ ਵੀ ਇਸ ਵੇਲੇ ਕਾਰਜਕਾਰੀ ਪ੍ਰਧਾਨ ਹੈ। ਜੇਕਰ ਹੋਰਨਾਂ ਪਾਰਟੀਆਂ ਵਿੱਚ ਅਜਿਹਾ (ਸੰਸਥਾਗਤ ਚੋਣ) ਕੁਝ ਨਹੀਂ ਹੁੰਦਾ ਤਾਂ ਮੈਂ ਇਸ ਵਿੱਚ ਕੁਝ ਨਹੀਂ ਕਰ ਸਕਦਾ।’ ਘੱਟਗਿਣਤੀ ਮਾਮਲਿਆਂ ਬਾਰੇ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਰਾਹੁਲ ਦੇ ਅਸਤੀਫ਼ੇ ਨੂੰ ‘ਸਭ ਤੋਂ ਪੁਰਾਣੀ ਪਾਰਟੀ ਦਾ ਬਿਲਕੁਲ ਨਵਾਂ ਡਰਾਮਾ ਕਰਾਰ’ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਰਾਹੁਲ ਗਾਂਧੀ ਵੱਲੋ ਅਸਤੀਫ਼ਾ ਦੇਣ ਨਾਲ ਨਿਰਾਸ਼ਾ ਹੋਈ ਹੈ। ਉਨ੍ਹਾਂ ਕਿਹਾ ਕਿ ਰਾਹੁਲ ਨੂੰ ਉਸੇ ਗਤੀਸ਼ੀਲ ਅਤੇ ਲੜਾਕੂ ਭਾਵਨਾ ਨਾਲ ਪਾਰਟੀ ਦੀ ਅਗਵਾਈ ਕਰਦੇ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਚੋਣ ਮੁਹਿੰਮ ਦੌਰਾਨ ਕੀਤੀ ਸੀ। ਕੈਪਟਨ ਨੇ ਦੁਹਰਾਇਆ ਕਿ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਹਾਰ ਦਾ ਸਾਰਾ ਬੋਝ ਇਕੱਲੇ ਰਾਹੁਲ ਦੇ ਮੋਢਿਆਂ ‘ਤੇ ਨਹੀਂ ਲੱਦਿਆ ਜਾ ਸਕਦਾ। ਲੋਕ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਹੁਲ ਵੱਲੋਂ ਸਫ਼ਲਤਾਪੂਰਵਕ ਪਾਰਟੀ ਦੀ ਜਿੱਤ ਵਾਸਤੇ ਅਗਵਾਈ ਕਰਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਤੌਰ ‘ਤੇ ਬਹੁਤ ਸਾਰੇ ਕਾਰਕਾਂ ਕਾਰਨ ਵਾਪਰਿਆ ਹੈ ਜਿਸ ਨੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਹੇਠਾਂ ਵੱਲ ਲਿਆਂਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮਾਂ ਪਾਰਟੀ ਲਈ ਮੁਸ਼ਕਿਲਾਂ ਭਰਿਆ ਹੈ।
ਕਾਂਗਰਸ ਵਰਕਿੰਗ ਕਮੇਟੀ ਵੱਲੋਂ ਪਾਰਟੀ ਪ੍ਰਧਾਨ ਵਜੋਂ ਅਸਤੀਫ਼ਾ ਪ੍ਰਵਾਨ ਕਰਨ ਅਤੇ ਨਵੇਂ ਪ੍ਰਧਾਨ ਦੀ ਨਿਯੁਕਤੀ ਹੋਣ ਤਕ ਰਾਹੁਲ ਗਾਂਧੀ ਇਸ ਅਹੁਦੇ ਉੱਤੇ ਬਣੇ ਰਹਿਣਗੇ। ਕਾਂਗਰਸ ਪਾਰਟੀ ਦੇ ਸਿਖਰਲੇ ਸੂਤਰਾਂ ਨੇ ਮੋਤੀ ਲਾਲ ਵੋਰਾ ਨੂੰ ਅੰਤਰਿਮ ਪਾਰਟੀ ਪ੍ਰਧਾਨ ਲਾਏ ਜਾਣ ਦੀਆਂ ਕਨਸੋਆਂ ਨੂੰ ਗ਼ਲਤ ਕਰਾਰ ਦਿੱਤਾ ਹੈ। ਇਸ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਕੇæਸੀæਵੇਣੂਗੋਪਾਲ ਨੇ ਕਿਹਾ ਕਿ ਨਵੇਂ ਪਾਰਟੀ ਪ੍ਰਧਾਨ ਦੀ ਨਿਯੁਕਤੀ ਸਬੰਧੀ ਫ਼ੈਸਲਾ ਮਿਲ ਕੇ ਸਾਂਝੇ ਰੂਪ ਵਿੱਚ ਲਿਆ ਜਾਵੇਗਾ।
ਯਾਦ ਰਹੇ ਕਿ ਰਾਹੁਲ ਗਾਂਧੀ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਣ ਲਈ ਪਿਛਲੇ ਕਈ ਦਿਨਾਂ ਤੋਂ ਬਜਿੱਦ ਸਨ। ਪਿਛਲੇ ਦਿਨੀਂ ਪੰਜ ਰਾਜਾਂ ਦੇ ਮੁੱਖ ਮੰਤਰੀਆਂ ਨੇ ਉਨ੍ਹਾਂ ਨੂੰ ਮਨਾਉਣ ਦਾ ਯਤਨ ਵੀ ਕੀਤਾ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *