ਇਮਰਾਨ ਖਾਨ ਵੱਲੋਂ 8 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਦਾ ਐਲਾਨ


ਅੰਮ੍ਰਿਤਸਰ/ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਸ੍ਰੀ ਕਰਤਾਰਪੁਰ ਸਾਹਿਬ) ਤੇ ਡੇਰਾ ਬਾਬਾ ਨਾਨਕ ਨੂੰ ਜੋੜਨ ਲਈ ਉਸਾਰੇ ਜਾ ਰਹੇ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ 8 ਨਵੰਬਰ ਨੂੰ ਕਰਨਗੇ ਤੇ 9 ਨਵੰਬਰ ਨੂੰ ਭਾਰਤ ਵਲੋਂ ਲਾਂਘੇ ਰਾਹੀਂ ਪਹਿਲਾ ਜਥਾ ਪਾਕਿਸਤਾਨ ਪੁੱਜੇਗਾ | ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ: ਤਾਰਾ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ ਮੁੱਖ ਸਮਾਗਮ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ 10 ਤੋਂ 12 ਨਵੰਬਰ ਤੱਕ ਰੱਖਿਆ ਜਾਵੇਗਾ, ਜਿਸ ‘ਚ ਭਾਰਤ ਸਮੇਤ ਹੋਰਨਾਂ ਮੁਲਕਾਂ ਤੋਂ ਲਗਪਗ ਇਕ ਲੱਖ ਨਾਨਕ ਨਾਮਲੇਵਾ ਸ਼ਰਧਾਲੂ ਸ਼ਾਮਿਲ ਹੋਣਗੇ | ਇਸ ਦੇ ਬਾਅਦ ਇਕ ਦਿਨ ਲਈ ਯਾਤਰੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਵੀ ਠਹਿਰਾਇਆ ਜਾਵੇਗਾ | ਸ: ਤਾਰਾ ਸਿੰਘ ਅਨੁਸਾਰ ਭਾਰਤ ਤੋਂ ਲਾਂਘੇ ਦੀ ਮਾਰਫ਼ਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਭਾਰਤੀ ਯਾਤਰੀਆਂ ਨੂੰ ਬਗੈਰ ਵੀਜ਼ਾ ਦੇ ਦਰਸ਼ਨਾਂ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਅਤੇ ਪੀæ ਐਸ਼ ਜੀæ ਪੀæ ਸੀæ ਵਲੋਂ ਇਹ ਵੀ ਉਪਰਾਲੇ ਕੀਤੇ ਜਾ ਰਹੇ ਹਨ ਕਿ ਲਾਂਘਾ ਖੁੱਲ੍ਹਣ ਉਪਰੰਤ ਇਸ ਲਾਂਘੇ ਦੇ ਨਾਲ ਹੀ ਸ੍ਰੀ ਨਨਕਾਣਾ ਸਾਹਿਬ ਨੂੰ ਵੀ ਜੋੜਿਆ ਜਾਵੇ, ਤਾਂ ਕਿ ਭਾਰਤ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਅਗਲੇ ਦਿਨ ਬਿਨਾਂ ਵੀਜ਼ਾ ਦੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਵੀ ਦਰਸ਼ਨ ਕਰ ਸਕੇ | ਉਨ੍ਹਾਂ ਦਾਅਵਾ ਕੀਤਾ ਕਿ ਇਸ ਬਾਰੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਅਤੇ ਪ੍ਰਧਾਨ ਮੰਤਰੀ ਪਾਸੋਂ ਮੰਗ ਕੀਤੀ ਜਾ ਚੁੱਕੀ ਹੈ ਅਤੇ ਇਸ ਦੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ | ਉਨ੍ਹਾਂ ਇਹ ਵੀ ਦੱਸਿਆ ਕਿ 550ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ ਵੀ ਸਲਾਹ-ਮਸ਼ਵਰਾ ਲਿਆ ਜਾਵੇਗਾ ਅਤੇ ਸ਼੍ਰੋਮਣੀ ਕਮੇਟੀ ਦੇ ਤਜਰਬਿਆਂ ਅਤੇ ਸਾਥ ਨਾਲ ਇਸ ਮੌਕੇ ਹੋਣ ਵਾਲੇ ਸਮਾਗਮਾਂ ਨੂੰ ਹੋਰ ਬਿਹਤਰ ਬਣਾਉਣ ਦਾ ਉਪਰਾਲਾ ਕੀਤਾ ਜਾਵੇਗਾ |
ਸ: ਤਾਰਾ ਸਿੰਘ ਅਨੁਸਾਰ ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ: ਰੂਪ ਸਿੰਘ, ਮੈਂਬਰ ਗੁਰਮੀਤ ਸਿੰਘ ਬੂਹ ਅਤੇ ਸ: ਤਰਨਜੀਤ ਸਿੰਘ ਆਦਿ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਪੂਰਾ ਨਵੰਬਰ ਮਹੀਨਾ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਦੇ ਕਥਾਵਾਚਕ ਤੇ ਰਾਗੀ ਜਥੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਭੇਜੇ ਜਾਣ ਦੀ ਮੰਗ ਕੀਤੀ ਹੈ ਤਾਂ ਕਿ ਪ੍ਰਕਾਸ਼ ਪੁਰਬ ਸਮਾਗਮਾਂ ‘ਚ ਦੇਸ਼-ਵਿਦੇਸ਼ ਤੋਂ ਪਾਕਿਸਤਾਨ ਪਹੁੰਚੀ ਸੰਗਤ ਇਲਾਹੀ ਬਾਣੀ ਤੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਨਿਹਾਲ ਹੋ ਸਕੇ | ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਂ ਵਲੋਂ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਦੀ ਅਗਵਾਈ ਹੇਠ ਇਕ ਵਿਸ਼ੇਸ਼ ਕਮੇਟੀ ਤਿਆਰ ਕੀਤੀ ਗਈ ਹੈ, ਜੋ ਪਾਕਿਸਤਾਨ ਆਉਣ ਵਾਲੇ ਯਾਤਰੂਆਂ ਦੀ ਰਿਹਾਇਸ਼, ਲੰਗਰ, ਸਿਹਤ ਸੇਵਾਵਾਂ, ਸੁਰੱਖਿਆ ਆਦਿ ਦੇ ਪ੍ਰਬੰਧ ਕਰੇਗੀ | ਇਸ ਦੇ ਇਲਾਵਾ ਭਾਰਤ ਤੇ ਹੋਰਨਾਂ ਮੁਲਕਾਂ ਤੋਂ ਆਉਣ ਵਾਲੇ ਜਥਿਆਂ ਦੇ ਵੀਜ਼ਾ ਪ੍ਰਬੰਧਾਂ ਲਈ ਇਕ ਵੱਖਰੀ ਕਮੇਟੀ ਬਣਾਈ ਗਈ ਹੈ | ਉਨ੍ਹਾਂ ਕਿਹਾ ਕਿ 550ਵਾਂ ਪ੍ਰਕਾਸ਼ ਪੁਰਬ ਪਹਿਲਾ ਅਜਿਹਾ ਮੌਕਾ ਹੋਵੇਗਾ, ਜਦੋਂ ਦੇਸ਼-ਵਿਦੇਸ਼ ਦੇ ਸਭ ਸਿੱਖ ਸੰਗਠਨ ਇਕ ਮੰਚ ‘ਤੇ ਇਕੱਠੇ ਹੋਣਗੇ ਅਤੇ ਇਸ ਮੌਕੇ ਨਾਨਕਸ਼ਾਹੀ ਕੈਲੰਡਰ ਸਮੇਤ ਕਈ ਮਾਮਲਿਆਂ ਦਾ ਹੱਲ ਆਪਸੀ ਸਹਿਮਤੀ ਨਾਲ ਕੱਢਿਆ ਜਾਵੇਗਾ |

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *