ਬਾਬੇ-ਦੀ-ਬੇਰ ਸਾਹਿਬ’ ਗੁਰਦੁਆਰੇ ਨੇ ਭਾਰਤੀ ਸਿੱਖਾਂ ਲਈ ਦਰ ਖੋਲ੍ਹੇ


ਲਾਹੌਰ/ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਪੈਂਦੇ ਸਿਆਲਕੋਟ ਸਥਿਤ 500 ਸਾਲ ਪੁਰਾਣੇ ਗੁਰਦੁਆਰਾ ਬਾਬੇ-ਦੀ-ਬੇਰ ਸਾਹਿਬ ਨੇ ਭਾਰਤੀ ਸਿੱਖ ਸ਼ਰਧਾਲੂਆਂ ਲਈ ਆਪਣੇ ਦਰ ਖੋਲ੍ਹ ਦਿੱਤੇ ਹਨ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਪਹਿਲਾਂ ਭਾਰਤੀਆਂ ਨੂੰ ਇਸ ਗੁਰਦੁਆਰੇ ਦੇ ਦਰਸ਼ਨ ਦੀਦਾਰੇ ਕਰਨ ਦੀ ਇਜਾਜ਼ਤ ਨਹੀਂ ਸੀ। ਉਂਜ ਪਾਕਿਸਤਾਨ, ਯੂਰੋਪ, ਕੈਨੇਡਾ ਅਤੇ ਅਮਰੀਕਾ ਦੇ ਸਿੱਖਾਂ ਨੂੰ ਗੁਰਦੁਆਰੇ ‘ਚ ਮੱਥਾ ਟੇਕਣ ਦੀ ਮਨਜ਼ੂਰੀ ਮਿਲੀ ਹੋਈ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਪੰਜਾਬ ਦੇ ਰਾਜਪਾਲ ਮੁਹੰਮਦ ਸਰਵਰ ਨੇ ਸੂਬੇ ਦੇ ਔਕਾਫ਼ ਮਹਿਕਮੇ ਨੂੰ ਸੂਚੀ ‘ਚ ਭਾਰਤੀਆਂ ਨੂੰ ਵੀ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਸਨ ਤਾਂ ਜੋ ਉਹ ਵੀ ਸਿਆਲਕੋਟ ਦੇ ਗੁਰਦੁਆਰੇ ਦੇ ਦਰਸ਼ਨ ਕਰ ਸਕਣ। ਜ਼ਿਕਰਯੋਗ ਹੈ ਕਿ ਹਜ਼ਾਰਾਂ ਭਾਰਤੀ ਸਿੱਖ ਸ਼ਰਧਾਲੂ ਜਥਿਆਂ ਦੇ ਰੂਪ ‘ਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ, ਗੁਰੂ ਅਰਜਨ ਦੇਵ ਦੇ ਸ਼ਹੀਦੀ ਪੁਰਬ, ਵਿਸਾਖੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਇਥੋਂ ਦੇ ਗੁਰਦੁਆਰਿਆਂ ‘ਚ ਹਰ ਸਾਲ ਆਉਂਦੇ ਹਨ।
ਸਿੱਖ ਇਤਿਹਾਸ ਮੁਤਾਬਕ ਜਦੋਂ ਗੁਰੂ ਨਾਨਕ ਦੇਵ 16ਵੀਂ ਸਦੀ ‘ਚ ਕਸ਼ਮੀਰ ਤੋਂ ਸਿਆਲਕੋਟ ਪੁੱਜੇ ਸਨ ਤਾਂ ਉਹ ਬੇਰੀ ਹੇਠਾਂ ਰੁਕੇ ਸਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਸਰਦਾਰ ਨੱਥਾ ਸਿੰਘ ਨੇ ਯਾਦਗਾਰ ਵਜੋਂ ਇਸੇ ਥਾਂ ‘ਤੇ ਗੁਰਦੁਆਰਾ ਬਣਾਇਆ ਸੀ। ਪਿਛਲੇ ਸਾਲ ਨਵੰਬਰ ‘ਚ ਕਰਤਾਰਪੁਰ ਸਾਹਿਬ ਗੁਰਦੁਆਰੇ ਲਈ ਲਾਂਘਾ ਖੋਲ੍ਹਣ ਦੇ ਫ਼ੈਸਲੇ ਮਗਰੋਂ ਸਿੱਖਾਂ ਲਈ ਹੋਰ ਧਾਰਮਿਕ ਅਸਥਾਨਾਂ ਦੇ ਦੁਆਰ ਖੋਲ੍ਹ ਜਾ ਰਹੇ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *