ਸਾਹਿਲੀ ਕੋਂਕਣ ਖੇਤਰ ਦੇ ਡੈਮ ‘ਚ ਪਾੜ ਪੈਣ ਨਾਲ 11 ਮੌਤਾਂ, 12 ਲਾਪਤਾ


ਮੁੰਬਈ/ਮਹਾਰਾਸ਼ਟਰ ਦੇ ਸਾਹਿਲੀ ਕੋਂਕਣ ਖੇਤਰ ਵਿੱਚ ਮੰਗਲਵਾਰ ਦੇਰ ਰਾਤ ਇਕ ਬੰਨ੍ਹ ਵਿੱਚ ਪਾੜ ਪੈਣ ਨਾਲ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਜਦੋਂਕਿ 12 ਦੇ ਕਰੀਬ ਹੋਰ ਲਾਪਤਾ ਹਨ। ਲਗਾਤਾਰ ਮੀਂਹ ਪੈਣ ਨਾਲ ਬੰਨ੍ਹ ਵਿੱਚ ਪਾੜ ਪੈਣ ਕਰਕੇ ਹੇਠਲੇ ਪਿੰਡਾਂ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਕਿ ਬੰਨ੍ਹ ਵਿੱਚ ਪਾੜ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਪਿਆ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ।
ਇਕ ਜ਼ਿਲ੍ਹਾ ਅਧਿਕਾਰੀ ਨੇ ਕਿਹਾ ਕਿ ਰਤਨਾਗਿਰੀ ਜ਼ਿਲ੍ਹੇ ਦੀ ਚਿਪਲੁਨ ਤਾਲੁਕਾ ਸਥਿਤ ਤਿਵਾੜੇ ਬੰਨ੍ਹ 20 ਲੱਖ ਘਣ ਮੀਟਰ ਤਕ ਪਾਣੀ ਭੰਡਾਰਨ ਕਰਨ ਦੇ ਸਮਰੱਥ ਹੈ ਤੇ ਮੰਗਲਵਾਰ ਰਾਤ ਨੂੰ ਪਏ ਭਾਰੀ ਮੀਂਹ ਮਗਰੋਂ ਇਸ ਵਿੱਚ ਪਾੜ ਪੈ ਗਿਆ। ਅਧਿਕਾਰੀ ਮੁਤਾਬਕ ਹੇਠਲੇ ਸੱਤ ਪਿੰਡਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ ਤੇ 12 ਦੇ ਕਰੀਬ ਘਰ ਪਾਣੀ ਵਿੱਚ ਰੁੜ੍ਹ ਗਏ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਹੁਣ ਤਕ ਨੌਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਤਿੰਨ ਔਰਤਾਂ ਹਨ। 16 ਲੋਕ ਅਜੇ ਵੀ ਲਾਪਤਾ ਹਨ। ਰਤਨਾਗਿਰੀ ਦੇ ਵਧੀਕ ਐਸਪੀ ਵਿਸ਼ਾਲ ਗਾਇਕਵਾੜ ਨੇ ਕਿਹਾ ਕਿ ਕੌਮੀ ਆਫ਼ਤ ਰਿਸਪੌਂਸ ਫੋਰਸ (ਐਨਡੀਆਰਐਫ਼) ਤੇ ਸੂਬਾਈ ਪੁਲੀਸ ਅਮਲੇ ਨੇ ਰਾਹਤ ਤੇ ਬਚਾਅ ਕਾਰਜ ਵਿੱਢ ਦਿੱਤੇ ਹਨ। ਪੁਲੀਸ ਅਧਿਕਾਰੀ ਨੇ ਕਿਹਾ, ‘ਪੁਲੀਸ ਨੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਟਿਕਾਣਿਆਂ ‘ਤੇ ਪਹੁੰਚਾ ਦਿੱਤਾ ਹੈ। ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ।’ ਉਧਰ ਇਕ ਹੋਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤ ਵਿੱਚ ਹਨੇਰੇ ਕਰਕੇ ਬਚਾਅ ਕਾਰਜਾਂ ਵਿੱਚ ਕੁਝ ਅੜਿੱਕਾ ਪਿਆ।
ਇਸ ਦੌਰਾਨ ਮੁਕਾਮੀ ਲੋਕਾਂ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਰਕਾਰ ਨੇ ਬੰਨ੍ਹ ਦੀ ਮੁਰੰਮਤ ਸਬੰਧੀ ਉਨ੍ਹਾਂ ਦੀ ਅਪੀਲ ਨੂੰ ਕਥਿਤ ਨਜ਼ਰਅੰਦਾਜ਼ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਸ਼ਾਸਨ ਨੂੰ ਬੰਨ੍ਹ ਦੀਆਂ ਕੰਧਾਂ ਵਿੱਚ ਤਰੇੜਾਂ ਬਾਰੇ ਲਿਖਤ ਵਿੱਚ ਸੂਚਿਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਇਸ ਤੋਂ ਪਹਿਲਾਂ ਮਹਾਰਾਸ਼ਟਰ ਦੇ ਜਲ ਸਰੋਤ ਮੰਤਰੀ ਗਿਰੀਸ਼ ਮਹਾਜਨ ਨੇ ਕਿਹਾ ਕਿ ਤਿਵਾੜੇ ਬੰਨ੍ਹ ਦੀ ਜੱਦ ਵਿੱਚ ਰਹਿੰਦੇ ਲੋਕਾਂ ਨੇ ਬੰਨ੍ਹ ਵਿੱਚ ਤਰੇੜਾਂ ਦੀ ਸ਼ਿਕਾਇਤ ਕੀਤੀ ਸੀ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਕ ਅਧਿਕਾਰਤ ਬਿਆਨ ਮੁਤਾਬਕ ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਰਾਬਤਾ ਕਰਕੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *