ਜੀ-20 ਵੱਲੋਂ ਅੱਤਵਾਦ ਵਾਸਤੇ ਇੰਟਰਨੈੱਟ ਦੀ ਵਰਤੋਂ ਰੋਕਣ ਖ਼ਿਲਾਫ ਮਤਾ ਪਾਸ


ਅਮਰੀਕਾ ਨੂੰ ਛੱਡ 19 ਮੈਂਬਰਾਂ ਨੇ ਪੈਰਿਸ ਜਲਵਾਯੂ ਸਮਝੌਤੇ ‘ਤੇ ਵਚਨਬੱਧਤਾ ਦੁਹਰਾਈ
ਓਸਾਕਾ/ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰਨਾਂ ਆਗੂਆਂ ਨੇ ਅੱਤਵਾਦ ਤੇ ਵੱਖਵਾਦ ਦੇ ਪ੍ਰਚਾਰ ਲਈ ਇੰਟਰਨੈੱਟ ਦੀ ਵਰਤੋਂ ‘ਤੇ ਰੋਕ ਲਾਉਣ ਲਈ ਮਤਾ ਪਾਸ ਕੀਤਾ | ਜੀ-20 ਆਗੂਆਂ ਨੇ ਕਿਹਾ ਕਿ ਉਹ ਬੁਨਿਆਦੀ ਮਨੁੱਖੀ ਅਧਿਕਾਰਾਂ ਜਿਵੇਂ ਪ੍ਰਗਟਾਵੇ ਦੀ ਆਜ਼ਾਦੀ, ਜਾਣਕਾਰੀ ਹਾਸਲ ਕਰਨ ਦੀ ਆਜ਼ਾਦੀ ਦਾ ਸਨਮਾਨ ਕਰਦੇ ਹਨ ਪਰ ਅੱਤਵਾਦ ਤੇ ਵੱਖਵਾਦ ਦੇ ਪ੍ਰਚਾਰ ਲਈ ਧਨ ਮੁਹੱਈਆ ਕਰਵਾਉਣ ਲਈ ਇੰਟਰਨੈੱਟ ਨੂੰ ਸੁਰੱਖਿਅਤ ਪਲੇਟਫਾਰਮ ਵਜੋਂ ਨਹੀਂ ਵਰਤਣ ਦੇਣਗੇ | ਓਸਾਕਾ ਸੰਮੇਲਨ ਦੋਂ ਬਾਅਦ ਵਿਸ਼ਵ ਦੀਆਂ ਚੋਟੀ ਦੀਆਂ 20 ਅਰਥ ਵਿਵਸਥਾਵਾਂ ਦੇ ਮੁਖੀਆਂ ਨੇ ਕਿਹਾ ਕਿ ਉਹ ਅੱਤਵਾਦੀਆਂ ਤੇ ਵੱਖਵਾਦੀਆਂ ਦੀਆਂ ਹਿੰਸਕ ਕਾਰਵਾਈਆਂ ਤੋਂ ਲੋਕਾਂ ਦੀ ਸੁਰੱਖਿਆ ਕਰਨ ਨੂੰ ਵਚਨਬੱਧ ਹਨ | ਆਗੂਆਂ ਨੇ ਕਿਹਾ ਕਿ ਓਸਾਕਾ ‘ਚ ਅਸੀਂ ਲੋਕਾਂ ਨੂੰ ਅੱਤਵਾਦੀਆਂ ਤੋਂ ਬਚਾਉਣ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਾਂ ਤੇ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਵੇ | ਆਗੂਆਂ ਨੇ ਕਿਹਾ ਕਿ ਅੱਤਵਾਦ ਨੂੰ ਰੋਕਣ ਤੇ ਇਸ ਦਾ ਮੁਕਾਬਲਾ ਕਰਨ ‘ਚ ਰਾਜ ਦੀ ਸਭ ਤੋਂ ਵੱਡੀ ਭੂਮਿਕਾ ਹੁੰਦੀ ਹੈ, ਤੇ ਇਹ ਪਹਿਲਾ ਤੇ ਸਭ ਤੋਂ ਪ੍ਰਮੁੱਖ ਕਾਰਜ ਵੀ ਹੈ | ਆਗੂਆਂ ਨੇ ਕਿਹਾ ਕਿ ਉਹ ਅੱਤਵਾਦ ਦੇ ਕਿਸੇ ਵੀ ਰੂਪ ਦੀ ਜ਼ੋਰਦਾਰ ਨਿੰਦਾ ਕਰਦੇ ਹਨ | ਆਗੂਆਂ ਨੇ ਕਿਹਾ ਕਿ ਉਹ ਆਨਲਾਈਨ ਪਲੇਟਫਾਰਮ ਉਪਲਬਧ ਕਰਵਾਉਣ ਵਾਲੀਆਂ ਸੰਸਥਾਵਾਂ ਨੂੰ ਬੇਨਤੀ ਕਰਦੇ ਹਨ ਕਿ ਮਨੁੱਖ ਦੇ ਬੁਨਿਆਦੀ ਅਧਿਕਾਰਾਂ ਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਸਨਮਾਨ ਕਰਦੇ ਹੋਏ ਉਨ੍ਹਾਂ ਤੱਤਾਂ ‘ਤੇ ਵੀ ਰੋਕ ਲਗਾਉਣ, ਜੋ ਕਿ ਅੱਤਵਾਦ ਤੇ ਵੱਖਵਾਦ ਦਾ ਪ੍ਰਚਾਰ ਕਰਦੇ ਹਨ ਤੇ ਅਜਿਹੀ ਵਿਵਸਥਾ ਕਰਨ ਜੋ ਆਨਲਾਈਨ ਕੌਮੀ ਤੇ ਕੌਮਾਂਤਰੀ ਕਾਨੂੰਨਾਂ ਦੀ ਵੀ ਪਾਲਣਾ ਕਰਦਾ ਹੋਵੇ |
ਜੀ-20 ਸੰਮੇਲਨ ‘ਚ ਦੋ ਦਿਨ ਤੱਕ ਚਰਚਾ ਕਰਨ ਤੋਂ ਬਾਅਦ ਅਮਰੀਕਾ ਨੂੰ ਛੱਡ ਕੇ ਬਾਕੀ 19 ਮੈਂਬਰਾਂ ਨੇ ਪੈਰਿਸ ਜਲਵਾਯੂ ਸਮਝੌਤੇ ‘ਚ ਬਦਲਾਅ ਕੀਤੇ ਬਿਨਾਂ ਇਸ ਨੂੰ ਲਾਗੂ ਕਰਨ ‘ਤੇ ਸਹਿਮਤੀ ਪ੍ਰਗਟਾਈ ਹੈ | ਜਾਪਾਨ ਦੇ ਓਸਾਕਾ ‘ਚ ਜੀ-20 ਦੇ 19 ਮੈਂਬਰਾਂ ਵਲੋਂ ਪੈਰਿਸ ਜਲਵਾਯੂ ਸਮਝੌਤੇ ‘ਤੇ ਜਾਰੀ ਕੀਤਾ ਗਿਆ ਉਕਤ ਬਿਆਨ ਪਿਛਲੇ ਸਾਲ ਜੀ-20 ਸੰਮੇਲਨ ਦੌਰਾਨ ਪ੍ਰਗਟਾਈ ਸਹਿਮਤੀ ਦਾ ਸ਼ੀਸ਼ਾ ਹੈ, ਪਰ ਅਮਰੀਕਾ ਤੋਂ ਬਿਨਾਂ ਇਸ ਤੇ ਅਮਲ ਹੋਣਾ ਸੰਭਵ ਨਹੀਂ ਲੱਗਦਾ |
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਦੇਸ਼ਾਂ ਨੂੰ ਕੌਮਾਂਤਰੀ ਆਫ਼ਤ ਪ੍ਰਬੰਧਨ ਗੱਠਜੋੜ ‘ਚ ਸ਼ਾਮਿਲ ਹੋਣ ਲਈ ਸੱਦਾ ਦਿੰਦੇ ਹੋਏ ਕਿਹਾ ਕਿ ਆਫ਼ਤ ਨਾਲ ਨਜਿੱਠਣ ਲਈ ਜਲਦੀ ਤੇ ਪ੍ਰਭਾਵੀ ਕਦਮ ਉਠਾਉਣ ਦੀ ਜ਼ਰੂਰਤ ਹੁੰਦੀ ਹੈ, ਕਿਉਂਕਿ ਇਸ ਤੋਂ ਸਭ ਤੋਂ ਜ਼ਿਆਦਾ ਨੁਕਾਸਾਨ ਗਰੀਬਾਂ ਨੂੰ ਹੁੰਦਾ ਹੈ | ਜੀ-20 ਦੋ ਦਿਨਾਂ ਸੰਮੇਲਨ ‘ਚ ਸ਼ਾਮਿਲ ਹੋਣ ਲਈ ਓਸਾਕਾ (ਜਾਪਾਨ) ‘ਚ ਮੌਜੂਦ ਮੋਦੀ ਨੇ ਭਵਿੱਖ ‘ਚ ਆਫ਼ਤਾਂ ਨਾਲ ਨਜਿੱਠਣ ਲਈ ਮੁਹਾਰਤ ਨੂੰ ਹੋਰ ਵਿਕਸਿਤ ਕਰਨ ‘ਤੇ ਜ਼ੋਰ ਦਿੱਤਾ | ਜੀ-20 ਦੇ ਗੁਣਵੱਤਾ ਬੁਨਿਆਦੀ ਨਿਵੇਸ਼ ਅਤੇ ਸਹਿਕਾਰਤਾ ਵਿਕਾਸ ਇਜਲਾਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੀ ਜ਼ਰੂਰਤ ਸਿਰਫ ਵਿਕਾਸ ਦੇ ਲਈ ਹੀ ਨਹੀਂ ਹੈ, ਬਲਕਿ ਪ੍ਰਾਕਿਰਤਕ ਆਫ਼ਤਾਂ ਨਾਲ ਨਜਿੱਠਣ ਲਈ ਵੀ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਇਸ ਸਬੰਧ ‘ਚ ਮੈਂ ਬੁਏਨਸ ਆਇਰਸ ‘ਚ ਜੀ-20 ਦੀ ਮੀਟਿੰਗ ‘ਚ ਕੌਮਾਂਤਰੀ ਗੱਠਜੋੜ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦੇ ਰਿਹਾ ਹਾਂ|

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *