ਟਰੰਪ ਨੇ ਇਤਿਹਾਸ ਰਚਦਿਆਂ ਉੱਤਰੀ ਕੋਰੀਆ ਦੀ ਸਰਜ਼ਮੀਨ ‘ਤੇ ਪੈਰ ਰੱਖਿਆ


ਕਿਹਾ ਕਿ ਉਨ੍ਹਾਂ ਕਿਮ ਜੌਂਗ ਨੂੰ ਕਿਸੇ ਵੀ ਸਮੇਂ ਵ੍ਹਾਈਟ ਹਾਊਸ ‘ਚ ਆਉਣ ਦਾ ਸੱਦਾ ਦਿੱਤਾ ਹੈ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਤਵਾਰ ਨੂੰ ਇਤਿਹਾਸ ਸਿਰਜਦਿਆਂ ਉੱਤਰੀ ਕੋਰੀਆ ਦੀ ਧਰਤੀ ‘ਤੇ ਕਦਮ ਰੱਖੇ ਅਤੇ ਪਯੋਂਗਯੈਂਗ ਦੇ ਤਾਨਾਸ਼ਾਹ ਕਿਮ ਜੋਂਗ ਉਨ ਨਾਲ ਦੱਖਣੀ ਅਤੇ ਉੱਤਰੀ ਕੋਰੀਆ ਨੂੰ ਵੰਡਣ ਵਾਲੀ ਲਾਈਨ ‘ਤੇ ਮੁਲਾਕਾਤ ਕਰਕੇ ਪਰਮਾਣੂ ਪ੍ਰੋਗਰਾਮ ਸਬੰਧੀ ਗੱਲਬਾਤ ਬਹਾਲ ਕਰਨ ‘ਤੇ ਸਹਿਮਤੀ ਜਤਾਈ। ਟਰੰਪ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਬਣ ਗਏ ਹਨ ਜਿਨ੍ਹਾਂ ਉੱਤਰੀ ਕੋਰੀਆ ਦੀ ਜ਼ਮੀਨ ‘ਤੇ ਕਦਮ ਰੱਖਿਆ। ਟਰੰਪ ਨੇ ਕਿਹਾ ਕਿ ਉਨ੍ਹਾਂ ਉੱਤਰੀ ਕੋਰੀਆ ਦੇ ਆਗੂ ਨੂੰ ਕਿਸੇ ਵੀ ਸਮੇਂ ਵ੍ਹਾਈਟ ਹਾਊਸ ‘ਚ ਆਉਣ ਦਾ ਸੱਦਾ ਦਿੱਤਾ ਹੈ। ਟਰੰਪ ਨੇ ਕਿਮ ਨੂੰ ਕਿਹਾ,”ਇਹ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਮੈਨੂੰ ਰੇਖਾ ਤੋਂ ਪਾਰ ਆਉਣ ਲਈ ਆਖਿਆ ਅਤੇ ਮੈਨੂੰ ਰੇਖਾ ਪਾਰ ਕਰਕੇ ਉੱਤਰੀ ਕੋਰੀਆ ਦੀ ਸਰਜ਼ਮੀਨ ‘ਤੇ ਪੈਰ ਧਰ ਕੇ ਮਾਣ ਵੀ ਮਹਿਸੂਸ ਹੋਇਆ ਹੈ।” ਇਸ ਮੌਕੇ ਕਿਮ ਨੇ ਕਿਹਾ ਕਿ ਉੱਤਰ ਅਤੇ ਦੱਖਣ ਨੂੰ ਵੰਡਣ ਵਾਲੀ ਥਾਂ ‘ਤੇ ‘ਸ਼ਾਂਤੀ ਦਾ ਪ੍ਰਤੀਕ ਹੱਥ ਮਿਲਾਉਣਾ’ ਬੀਤੇ ਨੂੰ ਭੁੱਲ ਕੇ ਨਵਾਂ ਭਵਿੱਖ ਬਣਾਉਣ ਵੱਲ ਕਦਮ ਹੈ। ਟਰੰਪ ਦੇ ਉੱਤਰੀ ਕੋਰੀਆ ਦੀ ਜ਼ਮੀਨ ‘ਤੇ ਕਦਮ ਰੱਖਦੇ ਸਾਰ ਹੀ ਕਿਮ ਨੇ ਤਾੜੀਆਂ ਮਾਰੀਆਂ ਅਤੇ ਫਿਰ ਦੋਵੇਂ ਆਗੂਆਂ ਨੇ ਹੱਥ ਮਿਲਾਇਆ ਤੇ ਤਸਵੀਰਾਂ ਖਿਚਵਾਈਆਂ। ਇਸ ਮਗਰੋਂ ਦੋਵੇਂ ਆਗੂ ਦੱਖਣੀ ਕੋਰੀਆ ਵੱਲ ਵਧੇ ਜਿਥੇ ‘ਫਰੀਡਮ ਹਾਊਸ’ ‘ਚ ਉਨ੍ਹਾਂ ਬੈਠਕ ਕੀਤੀ। ਉਨ੍ਹਾਂ ਕਿਹਾ ਕਿ ਉਹ ਟਰੰਪ ਵੱਲੋਂ ਸ਼ਨਿਚਰਵਾਰ ਨੂੰ ਅਚਾਨਕ ਮਿਲੇ ਸੱਦੇ ਤੋਂ ‘ਹੈਰਾਨ’ ਸਨ। ਟਰੰਪ ਨੇ ਕੱਲ ਅਚਾਨਕ ਇਸ ਦੌਰੇ ਦੀ ਜਾਣਕਾਰੀ ਟਵਿਟਰ ‘ਤੇ ਦਿੱਤੀ ਸੀ। ਟਰੰਪ ਨੇ ਪਹਿਲਾਂ ਦੋ ਮਿੰਟ ਲਈ ਮੁਲਾਕਾਤ ਦੀ ਗੱਲ ਆਖੀ ਸੀ ਪਰ ਇਹ ਬੈਠਕ 50 ਮਿੰਟ ਤਕ ਚੱਲੀ। ‘ਫਰੀਡਮ ਹਾਊਸ’ ‘ਚ ਟਰੰਪ ਨਾਲ ਉਨ੍ਹਾਂ ਦੀ ਧੀ ਇਵਾਂਕਾ ਟਰੰਪ ਅਤੇ ਜਵਾਈ ਜੇਰੇਡ ਕੁਸ਼ਨਰ ਸਮੇਤ ਵ੍ਹਾਈਟ ਹਾਊਸ ਦੇ ਸਲਾਹਕਾਰ ਹਾਜ਼ਰ ਸਨ।
ਪੱਤਰਕਾਰਾਂ ਨੂੰ ਮੁੜ ਵਾਰਤਾ ਸ਼ੁਰੂ ਹੋਣ ਦੀ ਜਾਣਕਾਰੀ ਦਿੰਦਿਆਂ ਟਰੰਪ ਨੇ ਕਿਹਾ ਕਿ ਉਹ ਜਲਦਬਾਜ਼ੀ ਨਹੀਂ ਚਾਹੁੰਦੇ ਅਤੇ ਸਹੀ ਕਦਮ ਪੁੱਟਣਾ ਚਾਹੁੰਦੇ ਹਨ। ਉਂਜ ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ‘ਤੇ ਆਰਥਿਕ ਪਾਬੰਦੀਆਂ ਜਾਰੀ ਰਹਿਣਗੀਆਂ ਪਰ ਰਿਆਇਤ ਦੇ ਮਾਮਲੇ ‘ਚ ਪਿਛਲੇ ਫ਼ੈਸਲੇ ਨੂੰ ਬਦਲੇ ਜਾਣ ਦੀ ਉਮੀਦ ਦਿਖਾਈ ਦਿੱਤੀ। ਰਾਸ਼ਟਰਪਤੀ ਨੇ ਕਿਹਾ ਕਿ ਅਮਰੀਕਾ ਅਤੇ ਉੱਤਰੀ ਕੋਰੀਆ ਦੇ ਵਫ਼ਦ ਅਗਲੇ ਦੋ ਜਾਂ ਤਿੰਨ ਹਫ਼ਤਿਆਂ ‘ਚ ਉੱਤਰੀ ਕੋਰੀਆ ਦੇ ਪਰਮਾਣੂ ਪ੍ਰੋਗਰਾਮ ਬਾਰੇ ਵਾਰਤਾ ਸ਼ੁਰੂ ਕਰਨਗੇ। ਬਾਅਦ ‘ਚ ਏਅਰ ਫੋਰਸ ਵਨ ਜਹਾਜ਼ ‘ਚ ਬੈਠਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਹ ਬਹੁਤ ‘ਵੱਡਾ’ ਅਤੇ ਇਤਿਹਾਸਕ ਦਿਨ ਸੀ। ਜ਼ਿਕਰਯੋਗ ਹੈ ਕਿ ਦੋਵੇਂ ਆਗੂਆਂ ਵਿਚਕਾਰ ਵੀਅਤਨਾਮ ‘ਚ ਹੋਈ ਦੂਜੀ ਬੈਠਕ ਬਿਨਾਂ ਕਿਸੇ ਸਮਝੌਤੇ ਦੇ ਟੁੱਟ ਗਈ ਸੀ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *