ਪਾਕਿਸਤਾਨ ਤੋਂ ਆਏ ਲੂਣ ਦੇ ਟਰੱਕ ‘ਚੋਂ 532 ਕਿਲੋ ਹੈਰੋਇਨ ਮਿਲੀ


ਅੰਮ੍ਰਿਤਸਰ/ਅਟਾਰੀ/ਅਟਾਰੀ ਸਥਿਤ ਆਈਸੀਪੀ ‘ਤੇ ਕਸਟਮ ਵਿਭਾਗ ਨੇ ਪਾਕਿਸਤਾਨ ਤੋਂ ਦਰਾਮਦ ਕੀਤੇ ਲੂਣ ਵਿਚੋਂ 532 ਕਿਲੋ ਹੈਰੋਇਨ ਅਤੇ 52 ਕਿਲੋ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਕੌਮਾਂਤਰੀ ਬਾਜ਼ਾਰ ਵਿਚ ਇਨ੍ਹਾਂ ਦੀ ਕੀਮਤ ਕਰੀਬ 2,700 ਕਰੋੜ ਰੁਪਏ ਦੱਸੀ ਗਈ ਹੈ। ਕਸਟਮ ਵਿਭਾਗ ਨੂੰ ਸ਼ੱਕ ਹੈ ਕਿ ਇਹ ਨਸ਼ੀਲੇ ਪਦਾਰਥ ਪਾਕਿਸਤਾਨ ਵਾਲੇ ਪਾਸਿਓਂ ਉਨ੍ਹਾਂ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਆਏ ਹਨ। ਇਸ ਬਾਰੇ ਵਿਭਾਗ ਵੱਲੋਂ ਪਾਕਿਸਤਾਨੀ ਕਸਟਮ ਵਿਭਾਗ ਕੋਲ ਸ਼ਿਕਾਇਤ ਵੀ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਖ਼ਿਲਾਫ਼ ਕੀਤੀ ਗਈ ਕਾਰਵਾਈ ਤਹਿਤ ਅਟਾਰੀ ਵਾਹਗਾ ਸਰਹੱਦ ਰਸਤੇ ਹੁੰਦੇ ਦੁਵੱਲੇ ਵਪਾਰ ‘ਤੇ ਕਸਟਮ ਡਿਊਟੀ ‘ਚ 200 ਫ਼ੀਸਦ ਵਾਧਾ ਕਰ ਦਿੱਤਾ ਗਿਆ ਸੀ। ਇਸ ਕਾਰਨ ਇਹ ਵਪਾਰ ਲਗਭਗ ਬੰਦ ਹੋਣ ਕੰਢੇ ਪੁੱਜ ਗਿਆ ਹੈ। ਇਸ ਵੇਲੇ ਪਾਕਿਸਤਾਨ ਤੋਂ ਸਿਰਫ਼ ਲੂਣ ਆ ਰਿਹਾ ਹੈ। ਇਸ ਤੋਂ ਪਹਿਲਾਂ ਸੇਬਾਂ ਦੀਆਂ ਪੇਟੀਆਂ ਵਿਚੋਂ ਸੋਨਾ ਫੜਿਆ ਗਿਆ ਸੀ। ਕਸਟਮ ਵਿਭਾਗ ਦੇ ਕਮਿਸ਼ਨਰ ਦੀਪਕ ਕੁਮਾਰ ਗੁਪਤਾ ਨੇ ਦੱਸਿਆ ਕਿ ਇਹ ਪਾਕਿਸਤਾਨੀ ਲੂਣ 26 ਜੂਨ ਨੂੰ ਆਈਸੀਪੀ ਆਇਆ ਸੀ। ਲੂਣ ਦੇ ਬੋਰੇ ਆਈਸੀਪੀ ਵਿਖੇ ਲੱਦਣ ਮਗਰੋਂ ਪਾਕਿਸਤਾਨੀ ਟਰੱਕ ਦਾ ਚਾਲਕ ਪਰਤ ਗਿਆ ਸੀ। ਕਸਟਮ ਵਿਭਾਗ ਨੇ ਸ਼ਨਿਚਰਵਾਰ ਨੂੰ ਪਾਕਿਸਤਾਨ ਤੋਂ ਆਏ ਇਸ ਲੂਣ ਦੀ ਜਾਂਚ ਸ਼ੁਰੂ ਕੀਤੀ ਤਾਂ ਕੁਝ ਬੋਰੀਆਂ ਵਿਚੋਂ ਚਿੱਟਾ ਪਾਊਡਰ ਮਿਲਣ ‘ਤੇ ਸ਼ੱਕ ਹੋਇਆ। ਇਸ ਤੋਂ ਬਾਅਦ ਜਦ ਸਮੁੱਚੇ ਮਾਲ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ 600 ਬੋਰੀਆਂ ਵਿਚੋਂ 15 ‘ਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ। ਕਸਟਮ ਵਿਭਾਗ ਨੇ ਐਨਡੀਪੀਐਸ ਕਿੱਟ ਰਾਹੀਂ 14 ਬੋਰੀਆਂ ਵਿਚੋਂ ਸ਼ੱਕੀ ਪਦਾਰਥਾਂ ਦੀ ਮੁੱਢਲੀ ਜਾਂਚ ਕੀਤੀ ਹੈ, ਜੋ ਕਿ ਹੈਰੋਇਨ ਹੈ। 532 ਕਿਲੋ ਹੈਰੋਇਨ ਮਿਲੀ ਹੈ ਅਤੇ ਇਕ ਬੋਰੇ ਵਿਚੋਂ 52 ਕਿਲੋ ਹੋਰ ਨਸ਼ੀਲੇ ਪਦਾਰਥ ਮਿਲੇ ਹਨ, ਜਿਨ੍ਹਾਂ ਦੀ ਜਾਂਚ ਜਾਰੀ ਹੈ। ਕਸਟਮ ਵਿਭਾਗ ਨੇ ਕਸਟਮ ਐਕਟ 1962 ਅਤੇ ਐਨਡੀਪੀਐੱਸ ਐਕਟ ਹੇਠ ਇਹ ਮਾਲ ਜ਼ਬਤ ਕਰ ਲਿਆ ਹੈ। ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਲੂਣ ਦੀ ਦਰਾਮਦ ਕਰਨ ਵਾਲੇ ਅੰਮ੍ਰਿਤਸਰ ਦੇ ਵਪਾਰੀ ਗੁਰਪਿੰਦਰ ਸਿੰਘ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਗਿਆ ਹੈ। ਇਸ ਤੋਂ ਇਲਾਵਾ ਜੰਮੂ ਕਸ਼ਮੀਰ ਦੇ ਹੰਦਵਾੜਾ ਇਲਾਕੇ ਦੇ ਇਕ ਵਿਅਕਤੀ ਤਾਰਿਕ ਅਹਿਮਦ ਲੋਨ ਨੂੰ ਵੀ ਜੰਮੂ ਕਸ਼ਮੀਰ ਪੁਲੀਸ ਦੀ ਮਦਦ ਨਾਲ ਹਿਰਾਸਤ ਵਿਚ ਲਿਆ ਗਿਆ ਹੈ। ਜੰਮੂ ਕਸ਼ਮੀਰ ਦੇ ਤਾਰਿਕ ਅਹਿਮਦ ਲੋਨ ਵੱਲੋਂ ਪਾਕਿਸਤਾਨੀ ਲੂਣ ਦੀ ਇਹ ਦੂਜੀ ਖ਼ੇਪ ਮੰਗਵਾਈ ਗਈ ਸੀ। ਕਸਟਮ ਵਿਭਾਗ ਦੋਵਾਂ ਦੀ ਆਪਸੀ ਨੇੜਤਾ, ਇਹ ਕਿਸ ਨੂੰ ਦਿੱਤਾ ਜਾਣਾ ਸੀ, ਪਾਕਿਸਤਾਨ ਵਿਚੋਂ ਕਿੱਥੋਂ ਆਇਆ ਹੈ, ਬਾਰੇ ਜਾਂਚ ਕੀਤੀ ਜਾ ਰਹੀ ਹੈ। ਪਾਕਿਸਤਾਨੀ ਕਸਟਮ ਵਿਭਾਗ ਦੀ ਮਿਲੀਭੁਗਤ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿਚ ਕਮਿਸ਼ਨਰ ਨੇ ਸਿੱਧੇ ਤੌਰ ‘ਤੇ ਟਿੱਪਣੀ ਕਰਨ ਤੋਂ ਨਾਂਹ ਕਰਦਿਆਂ ਮੰਨਿਆ ਕਿ ਪਾਕਿਸਤਾਨ ਵਾਲੇ ਪਾਸੇ ਜਾਂਚ ਵਿਚ ਰਹਿ ਗਈ ਕਮੀ ਜਾਂ ਖ਼ਾਮੀ ਦਾ ਹੀ ਸਿੱਟਾ ਹੈ ਕਿ ਇਹ ਹੈਰੋਇਨ ਇੱਥੇ ਪੁੱਜੀ ਹੈ। ਪਾਕਿਸਤਾਨ ਵਾਲੇ ਪਾਸੇ ਟਰੱਕ ਸਕੈਨਰ ਲੱਗਾ ਹੋਇਆ ਹੈ ਅਤੇ ਉਸ ਵਿੱਚੋਂ ਮਾਲ ਦੀ ਸੌ ਫ਼ੀਸਦ ਜਾਂਚ ਹੁੰਦੀ ਹੈ। ਕਿਸੇ ਹੋਰ ‘ਤੇ ਸ਼ੱਕ ਹੋਣ ਬਾਰੇ ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਕਸਟਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ 26 ਜੂਨ ਨੂੰ ਪਾਕਿਸਤਾਨ ਤੋਂ 13 ਟਰੱਕ ਮਾਲ ਆਇਆ ਸੀ, ਜਿਸ ਵਿਚੋਂ 11 ਟਰੱਕ ਪਾਕਿਸਤਾਨੀ ਮਾਲ ਦੇ ਸਨ ਅਤੇ ਦੋ ਟਰੱਕ ਅਫ਼ਗਾਨਿਸਤਾਨ ਤੋਂ ਆਏ ਸਨ।
ਅਟਾਰੀ ਆਈਸੀਪੀ ‘ਤੇ ਹੁਣ ਤਕ ਟਰੱਕ ਸਕੈਨਰ ਸਥਾਪਤ ਨਹੀਂ ਹੋਇਆ ਹੈ। ਇਸ ਕਾਰਨ ਪਾਕਿਸਤਾਨ ਤੋਂ ਆਉਂਦੇ ਮਾਲ ਦੀ ਮਸ਼ੀਨੀ ਢੰਗ ਤਰੀਕੇ ਦੀ ਥਾਂ ਕਸਟਮ ਕਰਮਚਾਰੀਆਂ ਵਲੋਂ ਹੀ ਜਾਂਚ ਕੀਤੀ ਜਾਂਦੀ ਹੈ। ਇਸ ਜਾਂਚ ਦੌਰਾਨ ਸਮੁੱਚੇ ਮਾਲ ਵਿਚੋਂ ਮਾਲ ਦੇ ਕੁਝ ਹਿੱਸੇ ਦੀ ਹੀ ਜਾਂਚ ਹੁੰਦੀ ਹੈ ਅਤੇ ਸ਼ੱਕ ਪੈਣ ‘ਤੇ ਹੀ ਸਮੁੱਚੇ ਮਾਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਂਦੀ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *