ਕੈਪਟਨ ਵੱਲੋਂ ਖਾਲਿਸਤਾਨੀ ਲਹਿਰ ਨੂੰ ਸਮਰਥਨ ਦੇਣ ਲਈ ਕੈਨੇਡਾ ਦੀ ਅਲੋਚਨਾ


ਚੰਡੀਗੜ੍ਹ/ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨੀ ਲਹਿਰ ਨੂੰ ਪ੍ਰਤੱਖ ਅਤੇ ਅਪ੍ਰਤੱਖ ਸਮਰਥਨ ਦੇਣ ਲਈ ਕੈਨੇਡਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ ਹੈ ਅਤੇ ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇ ਕੈਨੇਡਾ ਆਪਣੀ ਧਰਤੀ ਤੋਂ ਚਲਾਈਆਂ ਜਾ ਰਹੀਆਂ ਭਾਰਤ ਵਿਰੋਧੀ ਸਰਗਰਮੀਆਂ ਨੂੰ ਰੋਕਣ ਵਿੱਚ ਅਸਫਲ ਰਿਹਾ ਤਾਂ ਇਹ ਲੰਮੇ ਸਮੇਂ ‘ਚ ਉਸ ਦੀ ਆਪਣੀ ਸੁਰੱਖਿਆ ਅਤੇ ਹਿੱਤਾਂ ਲਈ ਵੀ ਨੁਕਸਾਨਦੇਹ ਹੋਵੇਗਾ।
1985 ਦੇ ਕਨਿਸ਼ਕ ਬੰਬ ਧਮਾਕੇ ਸਬੰਧੀ ਜੋਹਨ ਮੇਜਰ ਕਮਿਸ਼ਨ ਦੀ ਪੜਤਾਲ ‘ਤੇ ਟਿਪਣੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਆਪਣੀ ਧਰਤੀ ਤੋਂ ਖਾਲਿਸਤਾਨੀ ਸਰਗਰਮੀਆਂ ਵਿਰੁਧ ਕਾਰਵਾਈ ਕਰਨ ਵਿਚ ਅਸਫਲ ਰਿਹਾ ਹੈ ਅਤੇ ਇਸ ਨੇ ਸਾਜਿਸ਼ਕਾਰਾਂ ਨੂੰ ‘ਸਮੂਹਿਕ ਹੱਤਿਆਵਾਂ’ ਦੀ ਆਗਿਆ ਦਿੱਤੀ ਹੈ। ਇਸ ਸਬੰਧ ਵਿੱਚ ਕੈਨੇਡਾ ਸਰਕਾਰ ਪੂਰੀ ਤਰ੍ਹਾਂ ਨੰਗੀ ਹੋ ਗਈ ਹੈ। ਇਸ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਕੈਨੇਡਾ ਭਾਰਤ ਦੇ ਵਿਰੋਧ ਦੇ ਬਾਵਜੂਦ ਖਾਲਿਸਤਾਨੀਆਂ ਨੂੰ ਸਮਰਥਨ ਦਿੰਦਾ ਹੈ।
ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਖੋਜੀ, ਖੁਫੀਆ ਅਤੇ ਮੁਕੱਦਮਾ ਚਲਾਉਣ ਵਾਲੀ ਏਜੰਸੀਆਂ ਬਾਰੇ ਸਿਲਸਿਲੇਵਾਰ ਕਿਹਾ ਹੈ ਕਿ ਬੰਬ ਧਮਾਕੇ ਤੋਂ ਕਾਫੀ ਪਹਿਲਾਂ ਮੁੱਖ ਸਾਜ਼ਿਸਕਾਰਾਂ ਨੂੰ ਨਿਗਰਾਨੀ ਹੇਠ ਰੱਖੇ ਜਾਣ , ਉਨ੍ਹਾਂ ਦੀ ਗੱਲਬਾਤ ਰਿਕਾਰਡ ਕਰਨ ਦੇ ਬਾਵਜੂਦ ਉਨ੍ਹਾਂ ਵੱਲੋਂ ਵਿਸਫੋਟ  ਪ੍ਰਾਪਤ ਕਰਨ ਅਤੇ ਵਿਸਫੋਟ ਦਾ ਤਜਰਬਾ ਕਰਨ ਅਤੇ ਉਨ੍ਹਾਂ ਵੱਲੋਂ ਵਿਸ਼ੇਸ਼ ਉਡਾਨ ਵਿੱਚ ਬੰਬ ਰੱਖਣ ਦੀ ਮਨਸ਼ਾ ਸਬੰਧੀ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਕੈਨੇਡਾ ਦੀਆਂ ਏਜੰਸੀਆਂ ਹਰ ਪੜਾਅ ‘ਤੇ ਕਾਰਵਾਈ ਕਰਨ ਵਿੱਚ ਅਸਫਲ ਰਹੀਆਂ । ਅਜਿਹੇ ਪੈਮਾਨੇ ‘ਤੇ ਇਸ ਨੂੰ ਸਿਰਫ ਇਕ  ਗਲਤੀ ਨਹੀਂ ਸਮਝਿਆ ਜਾ ਸਕਦਾ, ਸਗੋਂ ਇਹ ਜੇ ਗਠਜੋੜ ਨਹੀਂ ਤਾਂ ਜਾਣਬੁੱਝ ਕੇ ਕੀਤੀ ਗਈ ਲਾਪਰਵਾਹੀ ਦਾ ਧੱਬਾ ਜ਼ਰੂਰ ਲੱਗਦਾ ਹੈ।
ਮੁੱਖ ਮੰਤਰੀ ਨੇ ਕੈਨੇਡਾ ਦੀ ਸਰਕਾਰ ਨਾਲ ਖੁਦ ਇਹ ਮੁੱਦਾ ਉਠਾਏ ਜਾਣ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਪਿਛਲੇ ਸਾਲ ਭਾਰਤ ਦੌਰੇ ਦੌਰਾਨ ਉਨ੍ਹਾਂ ਨੂੰ ਲੋੜੀਂਦੇ ਅੱਤਵਾਦੀਆਂ ਦੀ ਸੂਚੀ ਦਿੱਤੀ ਗਈ ਸੀ ਪਰ ਉਨ੍ਹਾਂ ਦੀ ਸਰਕਾਰ ਦਾ ਹੁੰਗਾਰਾ ਢਿੱਲਾ ਰਿਹਾ ਜਿਸ ਨਾਲ ਉਨ੍ਹਾਂ ਦੀ ਮਨਸ਼ਾ ਪੂਰੀ ਤਰ੍ਹਾਂ ਨੰਗੀ ਹੋ ਗਈ ਹੈ।
ਮੁੱਖ ਮੰਤਰੀ ਨੇ ਕੈਨੇਡੀਅਨ ਸਕਿਓਰਟੀ  ਇੰਟੈਲੀਜੈਂਸ ਸਰਵਿਸ (ਸੀ ਐਸ਼ ਆਈ ਐਸ) ਵੱਲੋਂ ਜਾਰੀ ਕੀਤੀ 2018 ਦੀ ਪਬਲਿਕ ਰਿਪੋਰਟ ਦਾ ਜ਼ਿਕਰ ਕੀਤਾ ਅਤੇ ਉਨ੍ਹਾਂ ਨੇ ਇਸ ਦੇ ਤੱਥਾਂ ‘ਤੇ ਚਿੰਤਾ ਪ੍ਰਗਟ ਕੀਤੀ ਕਿ ਕੈਨੇਡਾ ਵਿੱਚ ਭਾਰਤ ਵਿਰੋਧੀ ਸਰਗਰਮੀਆਂ ਵਧੀਆਂ ਹਨ। ਇਸ ਰਿਪੋਰਟ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਇਹ ਸਰਗਰਮੀਆਂ ਸਿਰਫ ਨਿਸ਼ਾਨੇ ਉਪਰਲੇ ਦੇਸ਼ ਭਾਰਤ ਲਈ ਹੀ ਚੁਣੌਤੀ ਨਹੀਂ ਹਨ ਸਗੋਂ ਕੈਨੇਡਾ ਦੀ ਸੁਰੱਖਿਆ ਲਈ ਵੀ ਚੁਣੌਤੀ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਿੰਸਾ ਜਾਂ ਅੱਤਵਾਦ ਨੂੰ ਕਿਸੇ ਵੀ ਤਰ੍ਹਾਂ ਦਾ ਸਮਰਥਨ ਅਸਲ ਵਿੱਚ ਸਮੁੱਚੇ ਵਿਸ਼ਵ ਭਾਈਚਾਰੇ ਲਈ ਤਬਾਹਕੁੰਨ ਹੋਵੇਗਾ ਅਤੇ ਇਹ ਅੱਤਵਾਦ ਦਾ ਸਮਰਥਨ ਕਰਨ ਵਾਲਿਆਂ ਲਈ ਵੀ ਓਨਾ ਹੀ ਮਾਰੂ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਣ ਅਤੇ ਕੈਨੇਡਾ ‘ਤੇ ਵਿਸ਼ਵ ਵਿਆਪੀ ਦਬਾਅ ਬਣਾਉਣ ਕਿ ਉਹ ਆਪਣੀ ਧਰਤੀ ਨੂੰ ਭਾਰਤ ਵਿਰੁਧ  ਅੱਤਵਾਦੀਆਂ ਸਰਗਰਮੀਆਂ ਲਈ ਵਰਤੋਂ ਨਾ ਕਰਨ ਦੇਵੇ। ਉਨ੍ਹਾਂ ਨੇ ਇਸ ਸਬੰਧ ਵਿੱਚ ਖਾਲਿਸਤਾਨੀ ਅੱਤਵਾਦੀਆਂ ਵੱਲੋਂ ਨਿਸ਼ਾਨਾ ਬਣਾਏ ਜਾ ਰਹੇ ਸਿੱਖ ਭਾਈਚਾਰੇ ਦਾ ਖਾਸ ਜ਼ਿਕਰ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਕੈਨੇਡਾ ਪ੍ਰਤੀ ਬਹੁਤ ਜ਼ਿਆਦਾ ਨਰਮ ਹੈ ਅਤੇ ਇਸ ਵੱਲੋਂ ਉਸ ਵਿਰੁੱਧ ਸਖਤ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਪੈਦਾ ਹੋ ਰਹੀਆਂ ਚੁਣੌਤੀਆਂ ਦੇ ਖਾਤਮੇ ਲਈ ਲੋੜ ਪੈਣ ‘ਤੇ ਕੈਨੇਡਾ ਵਿਰੁੱਧ ਯੂ ਐਨ ਦੀਆਂ ਪਾਬੰਦੀਆਂ ਦੀ ਵੀ ਮੰਗ ਕੀਤੀ ਜਾਣੀ ਚਾਹੀਦੀ ਹੈ।
ਭਾਰਤ ਵਿਰੁੱਧ ਸਿੱਖ ਭਾਈਚਾਰੇ ਦੇ ਕੁਝ ਵਰਗਾਂ ਅਤੇ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਲਈ ਸ਼ੋਸਲ ਮੀਡੀਆ ਰਾਹੀਂ ਫੈਲਾਈ ਜਾ ਰਹੀ ਗਲਤ ਜਾਣਕਾਰੀ ‘ਤੇ ਵੀ ਉਨ੍ਹਾਂ ਨੇ ਚਿੰਤਾ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਦੀ ਦੁਵਰਤੋਂ ਨੂੰ ਰੋਕਣ ਅਤੇ ਇਸ ‘ਤੇ ਨਿਯੰਤਰਣ ਲਈ ਭਾਰਤ ਸਰਕਾਰ ਨੂੰ ਸਖਤ ਕਦਮ ਚੁਕਣੇ ਚਾਹੀਦੇ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *