ਵਿਸ਼ਵ ਪੰਜਾਬੀ ਕਾਨਫ਼ਰੰਸ ਵਿੱਚ ਗੁਰੂ ਨਾਨਕ ਚਿੰਤਨ ਬਾਰੇ ਵਿਚਾਰ ਚਰਚਾ


ਬਰੈਂਪਟਨ, (ਡਾ. ਝੰਡ) ਕੈਨੇਡਾ ਦੇ ਨੌਵੇਂ ਵੱਡੇ ਸ਼ਹਿਰ ਬਰੈਂਪਟਨ ਵਿਚ 22 ਅਤੇ 23 ਜੂਨ ਨੂੰ ‘ਗੁਰੂ ਨਾਨਕ ਚਿੰਤਨ ਅਤੇ ਫਲ਼ਸਫ਼ੇ ਦੀ ਸਮਕਾਲੀ ਪ੍ਰਸੰਗਕਿਗਤਾ’ ਵਿਸ਼ੇ ਉੱਪਰ ਆਯੋਜਿਤ ਕੀਤੀ ਗਈ ਦੋ-ਦਿਨਾਂ ਵਿਸ਼ਵ ਪੰਜਾਬੀ ਕਾਨਫ਼ਰੰਸ’ ਵਿਚ ਕੈਨੇਡਾ ਤੋਂ ਇਲਾਵਾ ਭਾਰਤ, ਅਮਰੀਕਾ ਅਤੇ ਆਸਟ੍ਰੇਲੀਆਂ ਤੋਂ ਆਏ ਵਿਦਵਾਨਾਂ ਅਤੇ ਸਰੋਤਿਆਂ ਦੀ ਭਰਵੀਂ ਹਾਜ਼ਰੀ ਸਦਕਾ ਬੇਹੱਦ ਸਫ਼ਲ ਹੋ ਨਿਬੜੀ। ਬਰੈਂਪਟਨ ਦੇ ਖੁੱਲ੍ਹੇ-ਡੁੱਲ੍ਹੇ ਸਪਰੈਂਜ਼ਾ ਬੈਂਕੁਇਟ ਹਾਲ ਵਿਚ ਹੋਈ ਇਸ ਕਾਨਫ਼ਰੰਸ ਵਿਚ 400 ਤੋਂ ਵਧੇਰੇ ਵਿਅੱਕਤੀਆਂ ਨੇ ਬੜੇ ਉਤਸ਼ਾਹ ਨਾਲ ਸ਼ਿਰਕਤ ਕੀਤੀ।
ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿਚ ਸਥਾਪਿਤ ਕਰਤਾਰ ਸਿੰਘ ਸਰਾਭਾ ਚੇਅਰ ਦੇ ਇੰਚਾਰਜ ਪ੍ਰੋਫ਼ੈਸਰ ਤੇ ਮੁਖੀ ਡਾ ਭੀਮ ਇੰਦਰ ਸਿੰਘ ਨੇ ਆਪਣੇ ਕੁੰਜੀਵਤ-ਭਾਸ਼ਨ ਵਿਚ ਅਧਿਆਤਮਵਾਦੀ, ਮਨੁੱਖਵਾਦੀ ਤੇ ਤਰਕਸ਼ੀਲ ਆਗੂ ਗੁਰੂ ਨਾਨਕ ਵੱਲੋਂ ਦੇਸ਼-ਵਿਦੇਸ਼ ਵਿਚ ਕੀਤੀਆਂ ਗਈਆਂ ਚਾਰ ਉਦਾਸੀਆਂ ਦੌਰਾਨ ਵੱਖ-ਵੱਖ ਵਿਅੱਕਤੀਆਂ ਤੇ ਧਾਰਮਿਕ ਆਗੂਆਂ ਨਾਲ ਰਚਾਏ ਗਏ ਸੰਵਾਦ ਅਤੇ ਸਿੱਖਿਆਵਾਂ ਨੂੰ ਆਪਣੇ ਸੰਬੋਧਨ ਦਾ ਵਿਸ਼ਾ ਬਣਾਇਆ।
ਮੌਕੇ ਫ਼ਿਲਾਸਫ਼ਰ ਕਵੀ ਜਸਵੰਤ ਜ਼ਫ਼ਰ ਨੇ ਕਿਹਾ ਕਿ ਗੁਰੂ ਸਾਹਿਬ ਨੇ ਲੋਕਾਂ ਨੂੰ ਆਪਣੀ ਗੱਲ ਸਮਝਾਉਣ ਲਈ ਉਨ੍ਹਾਂ ਨਾਲ ਮੁਹੱਬਤੀ ਸਬੰਧ ਕਾਇਮ ਕੀਤੇ ਅਤੇ ਕਿਸੇ ਨਾਲ ਵੀ ਤਕਰਾਰ ਨਹੀਂ ਕੀਤਾ। ਉਨ੍ਹਾਂ ਨੇ ਆਪਣੀ ਵਿਚਾਰਧਾਰਾ “ਨਾ ਕੋ ਵੈਰੀ ਨਾਹਿ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ” ਦਾ ਬੜੈ ਸੁਚੱਜੇ ਢੰਗ ਨਾਲ ਪ੍ਰਚਾਰ ਕੀਤਾ। ਉੱਘੇ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਗੁਰੂ ਨਾਨਕ ਨੇ ਗੋਸ਼ਟ ਦੀ ਪ੍ਰਥਾ ਨੂੰ ਅਹਿਮੀਅਤ ਦਿੰਦਿਆਂ ਹੋਇਆਂ ਮਨੁੱਖਤਾ ਨੂੰ ਆਰਥਿਕ ਤੇ ਸਮਾਜਿਕ ਬਰਾਬਰੀ ਦਾ ਸੰਦੇਸ਼ ਦਿੱਤਾ। ਪੰਜਾਬੀ ਯੁਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਡਾ. ਮਨਜੀਤ ਸਿੰਘ ਨਿੱਜਰ ਨੇ ਗੁਰੂ ਜੀ ਦੇ ਸੰਗਤ, ਪੰਗਤ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ਾਂ ਦੀ ਸੰਖੇਪ ਚਰਚਾ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਜੀਵਨ ਵਿਚ ਸੱਚ ਜੀਵਿਆ ਤੇ ਸੱਚ ਫੈਲਾਇਆ।
ਇਸ ਦੌਰਾਨ ਉੱਘੇ ਵਾਤਾਵਰਣ-ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਦਾ ਕਹਿਣਾ ਸੀ ਕਿ ਗੁਰੂ ਨਾਨਕ ਸਾਰੀ ਲੋਕਾਈ ਦੇ ਰਾਹ-ਦਸੇਰੇ ਹਨ ਅਤੇ ਮਨੁੱਖਤਾ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚੱਲਦਿਆਂ ਹੋਇਆਂ ਸੱਚਾ ਤੇ ਸੁੱਚਾ ਜੀਵਨ ਬਤੀਤ ਕਰ ਸਕਦੀ ਹੇ।
ਪ੍ਰਧਾਨਗੀ ਭਾਸ਼ਨ ਦੌਰਾਨ ਡਾæ ਵਰਿਆਮ ਸਿੰਘ ਨੇ ਕਿਹਾ ਕਿ ਕਾਲੀ-ਵੇਈ ਵਿਚ ਲਗਾਈ ਗਈ ਆਤਮ-ਗਿਆਨ ਦੀ ‘ਚੁੱਭੀ’ ਤੋਂ ਬਾਅਦ ਗੁਰੂ ਨਾਨਕ ਨੇ ‘ਨਾ ਹਿੰਦੂ ਨਾ ਮੁਸਲਮਾਨ’ ਉਚਾਰ ਕੇ ਦੱਸਿਆ ਕਿ ਉਹ ਇਨਸਾਨ ਹਨ ਅਤੇ ਸਾਨੂੰ ਸਾਰਿਆਂ ਨੂੰ ਵੀ ਚੰਗੇ ਇਨਸਾਨ ਬਣਨ ਦੀ ਲੋੜ ਹੈ। ਡਾ. ਸੰਧੂ ਨੇ ਕਿਹਾ ਕਿ ਅੱਜ ਅਸੀਂ ਸੰਵਾਦ ਤੋਂ ਬਹੁਤ ਦੂਰ ਚਲੇ ਗਏ ਹਾਂ ਅਤੇ ਛੋਟੀਆਂ-ਛੋਟੀਆਂ ਗੱਲਾਂ ‘ਤੇ ਕਿਰਪਾਨਾਂ ਕੱਢ ਲੈਂਦੇ ਹਾਂ। ਇਸ ਉਦਘਾਟਨੀ ਸੈਸ਼ਨ ਦਾ ਸੰਚਾਲਨ ਕਾਨਫ਼ਰੰਸ ਦੇ ਜਨਰਲ ਸਕੱਤਰ ਪ੍ਰੋ ਜਗੀਰ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ।
ਕਾਨਫ਼ਰੰਸ ਦੇ ਪਹਿਲੇ ਵਿੱਦਿਅਕ ਸੈਸ਼ਨ ਵਿਚ ਉੱਘੇ ਵਿਦਵਾਨ ਤੇ ਗੁਰਬਾਣੀ ਸੰਗੀਤ ਦੇ ਮਾਹਿਰ ਪੂਰਨ ਸਿੰਘ ਪਾਂਧੀ ਨੇ ਆਪਣੇ ਪੇਪਰ ‘ਗੁਰੂ ਨਾਨਕ ਬਾਣੀ ਦੀ ਕਾਵਿਕ, ਸੰਗੀਤਕ ਅਤੇ ਭਾਸ਼ਾਈ ਮਹਾਨਤਾ’ ਵਿਚ ਗੁਰੂ ਜੀ ਦੀ ਬਾਣੀ ਦੇ ਰਾਗ ਪ੍ਰਬੰਧ ਬਾਰੇ ਗੱਲ ਕੀਤੀ।
ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਆਏ ਡਾ. ਗੋਪਾਲ ਸਿੰਘ ਬੁੱਟਰ ਨੇ ਆਪਣੇ ਪੇਪਰ ‘ਗੁਰੂ ਨਾਨਕ ਦਾ ਜੀਵਨ ਤੇ ਬਾਣੀ ਦਾ ਪ੍ਰਭਾਵ’ ਵਿਚ ਗੁਰੂ ਜੀ ਵੱਲੋਂ ਰਚੀ ਗਈ ਬਾਣੀ ਦੇ ਸੱਚ ਦੀ ਗੱਲ ਕੀਤੀ। ਪਟਿਆਲਾ ਤੋਂ ਆਏ ਡਾ. ਕਮਲ ਜਸਮਿੰਦਰਪਾਲ ਸਿੰਘ ਨੇ ਆਪਣੇ ਪੇਪਰ ਵਿਚ ਗੁਰੂ ਜੀ ਦੀ ਬਾਣੀ ਵਿਚ ਅਧਿਆਤਮਵਾਦ ਦੀ ਮਹਾਨਤਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਵੱਲੋਂ ਇਸ ਨੂੰ ਬਹੁਤ ਉੱਚਾ ਦਰਜਾ ਦੇਣ ਦੀ ਗੱਲ ਕੀਤੀ। ਸੈਸ਼ਨ ਦੀ ਕਾਰਵਾਈ ਇਸ ਦੀ ਪ੍ਰਧਾਨਗੀ ਕਰ ਰਹੇ ਪ੍ਰਿੰਸੀਪਲ ਸਰਵਣ ਸਿੰਘ ਨੇ ਬਾਖ਼ੂਬੀ ਸਮੇਟੀ। ਇਸ ਸੈਸ਼ਨ ਦੇ ਸੰਚਾਲਕ ਹਰਵਿੰਦਰ ਸਿਰਸਾ ਸਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਡਾ. ਦਲਜੀਤ ਸਿੰਘ ਵਾਲੀਆ ਨੇ ਆਪਣੇ ਪੇਪਰ ‘ਗੁਰੂ ਨਾਨਕ ਬਾਣੀ ਵਿਚ ਔਰਤ ਦਾ ਸਥਾਨ’ ਵਿਚ ਗੁਰੂ ਜੀ ਵੱਲੋਂ ਔਰਤ ਨੂੰ ਸਮਾਜ ਵਿਚ ਉੱਚਾ ਸਥਾਨ ਦੇਣ ਦੀ ਗੱਲ ਕੀਤੀ। ਸੈਸ਼ਨ ਦੇ ਦੂਸਰੇ ਬੁਲਾਰੇ ਡਾ. ਸੁਖਦੇਵ ਸਿੰਘ ਝੰਡ ਨੇ ਆਪਣੇ ਪੇਪਰ ‘ਗੁਰੂ ਨਾਨਕ ਦੀਆਂ ਸਿੱਖਿਆਵਾਂ ਦੀ ਅਜੋਕੇ ਯੁੱਗ ਵਿਚ ਸਾਰਥਿਕਤਾ’ ਵਿਚ ਦੱਸਿਆ ਕਿ ਗੁਰੂ ਜੀ ਦੀਆਂ ਸਿੱਖਿਆਵਾਂ ‘ਪ੍ਰਮਾਤਮਾ ਇਕ ਹੈ’, ਸਮਾਜਿਕ ਬਰਾਬਰੀ, ਸਾਂਝੀਵਾਲਤਾ, ਸੰਗਤ-ਪੰਗਤ, ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ, ਆਦਿ ਅੱਜ ਵੀ ਓਨੀਆਂ ਹੀ ਪ੍ਰਸੰਗਕ ਹਨ ਜਿੰਨੀਆਂ ਇਹ 550 ਸਾਲ ਪਹਿਲਾਂ ਸਨ।
ਕਾਨਫ਼ਰੰਸ ਦੇ ਆਖ਼ਰੀ ਸੈਸ਼ਨ ਕਵੀ-ਦਰਬਾਰ ਵਿਚ ਬਹੁਤ ਸਾਰੇ ਕਵੀਆਂ ਤੇ ਕਵਿੱਤਰੀਆਂ ਨੇ ਭਾਗ ਲਿਆ ਜਿਸ ਦਾ ਆਗਾਜ਼ ਰਿੰਟੂ ਭਾਟੀਆਂ ਵਲੋਂ ਗਾਈ ਗਈ ਗ਼ਜ਼ਲ ਨਾਲ ਹੋਇਆ। ਹੋਰ ਕਵੀਆਂ ਵਿਚ ਹਰਜਿੰਦਰ ਸਿੰਘ ਪੱਤੜ, ਪ੍ਰੋ ਹਰਵਿੰਦਰ ਸਿੰਘ ਸਿਰਸਾ, ਹਰਦਿਆਲ ਸਿੰਘ ਝੀਤਾ, ਸੁਰਜੀਤ, ਜਗੀਰ ਕਾਹਲੋਂ, ਕੁਲਵਿੰਦਰ ਕੰਵਲ, ਪਰਮ ਸਰਾਂ, ਬਲਰਾਜ ਧਾਲੀਵਾਲ, ਸੋਨੀਆ ਸ਼ਰਮਾ, ਜਸਪਾਲ ਦੇਸੂਵੀ, ਕੁਲਜੀਤ ਜੰਜੂਆ, ਅਨੂਪ ਬਾਬਰਾ, ਪਰਮਜੀਤ ਵਿਰਦੀ, ਸੁਰਿੰਦਰਜੀਤ ਕੌਰ, ਹੀਰਾ ਧਾਲੀਵਾਲ, ਹੀਰਾ ਰੰਧਾਵਾ, ਬਲਜੀਤ ਰੈਣਾ, ਸੁਰਿੰਦਰ ਨੀਰ, ਪ੍ਰਿੰਸੀਪਲ ਗਿਆਨ ਸਿੰਘ ਘਈ, ਦਿਲ ਨਿੱਝਰ, ਭੁਪਿੰਦਰ ਦੂਲੇ, ਪ੍ਰਤੀਕ ਆਰਟਿਸਟ, ਮਨਜੀਤ ਕੌਰ ਗਿੱਲ, ਗੁਰ ਪ੍ਰਕਾਸ਼ ਸਿੰਘ, ਗੁਰਮੇਲ ਸਿੰਘ ਢਿੱਲੋਂ, ਵੀਨਾਕਸ਼ੀ ਸ਼ਰਮਾ, ਪ੍ਰੋ ਆਸ਼ਿਕ ਰਹੀਲ, ਰਾਣਾ, ਹਰਪਾਲ ਸਿੰਘ ਰਾਮਦਿਵਾਲੀ, ਰਾਜਵੰਤ ਬਾਜਵਾ, ਦੀਪ ਪੱਡਾ ਆਦਿ ਪ੍ਰਮੁੱਖ ਸਨ। ਇਸ ਕਵੀ ਦਰਬਾਰ ਦੀ ਅਗਵਾਈ ਪਿਆਰਾ ਸਿੰਘ ਕੁੱਦੋਵਾਲ ਨੇ ਕੀਤੀ। ਇਸ ਤਰ ਹਾਂ ਕਾਨਫ਼ਰੰਸ ਦੇ ਵੱਖ-ਵੱਖ ਬੁਲਾਰਿਆਂ, ਸਹਿਯੋਗੀਆਂ ਅਤੇ ਸਰੋਤਿਆਂ ਦੀ ਭਰਵੀਂ ਹਾਜ਼ਰੀ ਨਾਲ ਇਹ ਦੋ-ਦਿਨਾਂ ਕਾਨਫ਼ਰੰਸ ਸਫ਼ਲਤਾ-ਪੂਰਵਕ ਸੰਪੰਨ ਹੋਈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *