ਇੰਡੋ ਕੈਨੇਡੀਅਨ ਗੋਲਫ ਐਸੋਸੀਏਸ਼ਨ ਨੇ ਟ੍ਰਿਲੀਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ ਲਈ ਢਾਈ ਲੱਖ ਡਾਲਰ ਜੁਟਾਏ

ਟੋਰਾਂਟੋ/ਇੰਡੋ-ਕੈਨੇਡੀਅਨ ਗੋਲਫ ਐਸੋਸੀਏਸ਼ਨ (ਆਈਸੀਜੀਏ) ਨੇ ਮਿਲਟਨ ਵਿਚ ਗਲੈਨਸੇਰੀਨ ਗੋਲਫ ਕਲੱਬ ਵਿਖੇ 18 ਜੂਨ 2019 ਨੂੰ ਹੋਏ 22ਵੇਂ ਸਾਲਾਨਾ ਚੈਰਿਟੀ ਗੋਲਫ ਟੂਰਨਾਮੈਂਟ ਦੌਰਾਨ ਟ੍ਰਿਲੀਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ (ਕਾਰਡੀਔਲੋਜੀ ਅਤੇ ਕੈਂਸਰ ਵਿੰਗਾਂ) ਲਈ ਢਾਈ ਲੱਖ ਡਾਲਰ ਇੱਕਠੇ ਕੀਤੇ ਹਨ।
ਇਸ ਟੂਰਨਾਮੈਂਟ ਵਿਚ ਗਰੇਟਰ ਟੋਰਾਂਟੋ ਏਰੀਆ, ਨਿਆਗਰਾ ਫਾਲਜ਼, ਬੀਸੀ, ਅਮਰੀਕਾ, ਭਾਰਤ, ਇੰਗਲੈਂਡ, ਪਾਕਿਸਤਾਨ ਅਤੇ ਆਸਟਰੇਲੀਆ ਆਦਿ ਮੁਲਕਾਂ ਤੋਂ 175 ਤੋਂ ਵੱਧ ਗੋਲਫਰਾਂ ਨੇ ਭਾਗ ਲਿਆ। ਲਖਵੀਰ ਰੰਧਾਵਾ, ਨਵੀ ਬਰਾੜ, ਸ਼ਫੀਕ ਮਸੀਹ ਅਤੇ ਅਵਤਾਰ ਟਿਵਾਣਾ ਦੀ ਟੀਮ ਨੇ ਜੇਤੂ ਟਰਾਫੀ ਜਿੱਤੀ ਅਤੇ ਨਾਲ ਹੀ ਆਈਸੀਜੀਏ ਬਲਿਊ ਜਾਕੇਟ ਵੀ ਜਿੱਤੀ। ਇਹ ਗੋਲਡ ਮੈਚ ਬਹੁਤ ਹੀ ਢੁੱਕਵੇਂ ਵਾਤਾਵਰਣ ਵਿਚ ਖੇਡੇ ਗਏ। ਜੇਤੂ ਟੀਮ ਨੂੰ ਟਰਾਫੀ ਟੂਰਨਾਮੈਂਟ ਦੇ ਮੁੱਖ ਸਪਾਂਸਰਾਂ ਤੁਰਕਿਸ਼ ਏਅਰਲਾਇਨਜ਼ ਅਤੇ ਐਸੋਸੀਏਟ ਪਾਰਟਨਰ, ਗੋਲਡ ਕੈਨੇਡਾ ਵੱਲੋਂ ਦਿੱਤੀ ਗਈ।
ਇਸ ਬਾਰੇ ਜਾਣਕਾਰੀ ਦਿੰਦਿਆਂ ਆਈਸੀਜੀਏ ਦੇ ਕਮਿਊਨੀਕੇਸ਼ਨ ਡਾਇਰੈਕਟਰ ਗਿਆਨ ਪਾਲ ਨੇ ਦੱਸਿਆ ਕਿ ਇਕੱਠੀ ਕੀਤੀ ਗਈ ਰਾਸ਼ੀ ਦੇ ਚੈਕ ਟ੍ਰਿਲੀਅਮ ਹੈਲਥ ਪਾਰਟਨਰਜ਼ ਫਾਊਂਡੇਸ਼ਨ ਦੇ ਪ੍ਰਧਾਨ ਅਤੇ ਸੀਈਓ ਸਟੀਵ ਹੌਸ਼ਾਈ ਨੂੰ ਸੌਂਪ ਦਿੱਤੇ ਗਏ ਹਨ।
ਇਸ ਮੌਕੇ ਉੁੱਤੇ ਸੰਬੋਧਨ ਕਰਦਿਆਂ ਸ੍ਰੀ ਹੌਸ਼ਾਈ ਨੇ ਕਿਹਾ ਕਿ ਸਾਡੇ ਭਾਈਚਾਰੇ ਦੇ ਸਹਿਯੋਗ ਨਾਲ ਟ੍ਰਿਲੀਅਮ ਹੈਲਥ ਪਾਰਟਨਰਜ਼ ਕੈਨੇਡਾ ਅੰਦਰ ਭਾਈਚਾਰਿਆਂ ਵੱਲੋਂ ਮਿਲ ਕੇ ਚਲਾਈਆਂ ਜਾ ਰਹੀਆਂ ਸਿਹਤ ਸੰਭਾਲ ਸਹੂਲਤਾਂ ਤਹਿਤ ਫਾਊਂਡੇਸ਼ਨ ਟ੍ਰਿਲੀਅਮ ਹੈਲਥ ਪਾਰਟਨਰਜ਼ ਜਿਹਨਾਂ ਵਿਚ ਕਰੈਡਿਟ ਵੈਲੀ ਹਸਪਤਾਲ, ਮਿਸੀਸਾਗਾ ਹਸਪਤਾਲ ਅਤੇ ਕੂਇਨਜ਼ਵੇਅ ਹਸਪਤਾਲ ਸ਼ਾਮਿਲ ਹਨ, ਦੀਆਂ ਮੁੱਢਲੀਆਂ ਸਿਹਤ ਸੰਭਾਲ ਦੀਆਂ ਲੋੜਾਂ ਵਾਸਤੇ ਫੰਡ ਇਕੱਤਰ ਕਰਨ ਲਈ ਸਮਰਪਿਤ ਹੈ। ਸਾਡਾ ਉਦੇਸ਼ ਉੱਚੀ ਗੁਣਵੱਤਾ ਵਾਲੀਆਂ ਸਿਹਤ ਸਹੂਲਤਾਂ ਘੱਟ ਤੋਂ ਘੱਟ ਕੀਮਤ ਉੱਤੇ ਸਾਡੇ ਭਾਈਚਾਰੇ ਨੂੰ ਮੁਹੱਈਆ ਕਰਵਾਉਣਾ ਹੈ। ਅਸੀਂ ਸਾਡੇ ਕੋਲ ਆਉਣ ਵਾਲੇ ਸਾਰੇ ਲੋਕਾਂ ਨੂੰ ਇੱਕ ਨਿਵੇਕਲਾ ਅਤੇ ਆਨੰਦਪੂਰਨ ਅਹਿਸਾਸ ਦੇਣਾ ਚਾਹੁੰਦੇ ਹਾਂ।
ਉਹਨਾਂ ਇਹ ਵੀ ਦੱਸਿਆ ਕਿ ਆਈਸੀਜੀਏ ਕੈਨੇਡਾ ਵੱਲੋਂ ਮਿਲੀ ਢਾਈ ਲੱਖ ਡਾਲਰ ਦੀ ਵਿੱਤੀ ਮੱਦਦ ਸਾਰਿਆਂ ਤਕ ਸਿਹਤ ਸੇਵਾਵਾਂ ਪਹੁੰਚਾਉਣ ਦੇ ਯਤਨਾਂ ਨੂੰ ਹੁਲਾਰਾ ਦੇਵੇਗੀ।  ਇਸ ਪੈਸੇ ਦਾ ਇਸਤੇਮਾਲ ਕਾਰਡੀਔਲੋਜੀ ਵਿੰਗ ਵਾਸਤੇ ਲੋੜੀਂਦਾ ਸਾਜੋ ਸਮਾਨ ਖਰੀਦਣ ਲਈ ਕੀਤਾ ਜਾਵੇਗਾ।
ਇਸ ਮੌਕੇ ਆਈਸੀਜੀਏ ਦੇ ਚੇਅਰਮੈਨ ਸਰਦਾਰ ਮਹਿੰਦਰ ਸਿੰਘ ਨੇ ਸਾਰੇ ਖਿਡਾਰੀਆਂ, ਸਪਾਂਸਰਾਂ ਅਤੇ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਭਵਿੱਖ ਵਿਚ ਕੀਤੇ ਜਾਣ ਵਾਲੇ ਅਜਿਹੇ ਸਮਾਗਮਾਂ ਵਾਸਤੇ ਸਹਿਯੋਗ ਕਰਨ ਲਈ ਕਿਹਾ।
ਇੱਥੇ ਦੱਸਣਯੋਗ ਹੈ ਕਿ ਆਈਸੀਜੀਏ ਕੈਨੇਡਾ 1996 ਵਿਚ ਸਥਾਪਤ ਕੀਤੀ ਗਈ ਇੱਕ ਗੈਰ-ਮੁਨਾਫ਼ਾਕਾਰੀ ਸੰਸਥਾ ਹੈ, ਜਿਸ ਦਾ ਮਿਸ਼ਨ ਪੂਰੇ ਗਰੇਟਰ ਟੋਰਾਂਟੋ ਏਰੀਆ ਵਿਚ ਸਾਲਾਨਾ ਗੋਲਫ ਟੂਰਨਾਮੈਂਟਾਂ ਦੇ ਜ਼ਰੀਏ ਫੰਡ ਇੱਕਠੇ ਕਰਕੇ ਭਾਈਚਾਰੇ ਦੀ ਸੇਵਾ ਕਰਨਾ ਹੈ। ਪਿਛਲੇ 21 ਸਾਲਾਂ ਵਿਚ ਆਈਸੀਜੀਏ ਵੱਲੋਂ ਸਿਹਤ ਸੰਭਾਲ ਅਤੇ ਬੱਚਿਆਂ ਦੀ ਭਲਾਈ ਦੇ ਖੇਤਰ ਵਿਚ ਕੰਮ ਕਰ ਰਹੀਆਂ ਵੱਖ ਵੱਖ ਕੈਨੇਡੀਅਨ, ਅੰਤਰਰਾਸ਼ਟਰੀ ਅਤੇ ਭਾਰਤੀ ਚੈਰੀਟੇਬਲ ਸੰਸਥਾਵਾਂ ਨੂੰ 5 ਲੱਖ ਡਾਲਰ ਤੋਂ ਵੱਧ ਦੀ ਰਾਸ਼ੀ ਦਾਨ ਕੀਤੀ ਜਾ ਚੁੱਕੀ ਹੈ।

 

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *