84 ਦੰਗੇ: ਕਾਨਪੁਰ ਕਤਲੇਆਮ ਦੀ ਮੁੜ ਜਾਂਚ ਆਰੰਭੇਗੀ ਵਿਸ਼ੇਸ਼ ਜਾਂਚ ਟੀਮ


ਉੱਤਰ ਪ੍ਰਦੇਸ਼ ਦੇ ਸਾਬਕਾ ਪੁਲੀਸ ਮੁਖੀ ਦੀ ਅਗਵਾਈ ਵਿੱਚ ਚਾਰ ਮੈਂਬਰੀ ਸਿਟ ਕਾਇਮ
ਲਖਨਊ/ਸਾਲ 1984 ਵਿੱਚ ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਨਪੁਰ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਨਾਲ ਸਬੰਧਤ ਕੇਸਾਂ ਦੀ ਜਾਂਚ (ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਸਿਟ ਮੁੜ ਆਰੰਭ ਕਰੇਗੀ। ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਵੱਲੋਂ ਕਾਇਮ ਕੀਤੀ ਸਿਟ 1984 ਦੇ ਕਤਲੇਆਮ ਨਾਲ ਸਬੰਧਤ 35 ਕੇਸਾਂ ਦੀ ਜਾਂਚ ਕਰੇਗੀ। ਵਿਸ਼ੇਸ਼ ਜਾਂਚ ਟੀਮ ਉੱਤਰ ਪ੍ਰਦੇਸ਼ ਸਰਕਾਰ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੱਦੇਨਜ਼ਰ ਕਾਇਮ ਕੀਤੀ ਹੈ। ਸੁਪਰੀਮ ਕੋਰਟ ਨੇ ਸਿਟ ਕਾਇਮ ਕਰਨ ਦੇ ਹੁਕਮ ਮਨਜੀਤ ਸਿੰਘ ਵੱਲੋਂ ਦਾਇਰ ਕੀਤੀ ਪਟੀਸ਼ਨ ਦੇ ਆਧਾਰ ਉੱਤੇ ਦਿੱਤੇ ਸਨ। ਸਿਟ ਹੁਣ ਕਾਨਪੁਰ ਦੇ ਬਜਰਈਆ ਅਤੇ ਨਜੀਬਾਬਾਦ ਪੁਲੀਸ ਸਟੇਸ਼ਨਾਂ ਵਿੱਚ ਦਰਜ ਕੇਸਾਂ ਦੀ ਮੁੜ ਤੋਂ ਜਾਂਚ ਕਰੇਗੀ।
ਕਾਨਪੁਰ ਕਤਲੇਆਮ ਦੀ ਜਾਂਚ ਨਵੇਂ ਸਿਰੇ ਤੋਂ ਕਰਵਾਉਣ ਲਈ ‘ਆਲ ਇੰਡੀਆ ਰੌਇਟਸ ਵਿਕਟਮਜ਼ ਰਿਲੀਫ ਕਮੇਟੀ’ ਕਾਫੀ ਸਮੇਂ ਤੋਂ ਕੇਂਦਰ ਅਤੇ ਸੂਬਾ ਸਰਕਾਰਾਂ ਤੋਂ ਮੰਗ ਕਰ ਰਹੀ ਸੀ। ਸਰਕਾਰ ਵੱਲੋਂ ਸਿਟ ਕਾਇਮ ਕਰਨ ਦਾ ਫੈਸਲਾ ਲੈਣ ਨੂੰ ਕਈ ਮਹੀਨੇ ਦਾ ਸਮਾਂ ਲੱਗ ਗਿਆ ਹੈ। ਚਾਰ ਮੈਂਬਰੀ ਸਿਟ ਦੀ ਅਗਵਾਈ ਉੱਤਰ ਪ੍ਰਦੇਸ਼ ਦੇ ਸੇਵਾਮੁਕਤ ਪੁਲੀਸ ਮੁਖੀ ਅਤੁਲ ਕਰਨਗੇ। ਸਿਟ ਦੇ ਹੋਰ ਮੈਂਬਰਾਂ ਵਿੱਚ ਸੇਵਾਮੁਕਤ ਜ਼ਿਲ੍ਹਾ ਜੱਜ ਸੁਭਾਸ਼ ਚੰਦਰ ਅਗਰਵਾਲ ਅਤੇ ਸੇਵਾਮੁਕਤ ਐਡੀਸ਼ਨਲ ਡਾਇਰੈਕਟਰ (ਪ੍ਰਾਸੀਕਿਊਸ਼ਨ) ਯੋਗੇਸ਼ਵਰ ਕ੍ਰਿਸ਼ਨ ਸ੍ਰੀਵਾਸਤਵਾ ਅਤੇ ਐੱਸਪੀ ਬਾਲੇਂਦੂ ਭੂਸ਼ਨ ਸਿੰਘ ਸ਼ਾਮਲ ਹਨ। ਸਿਟ ਵੱਲੋਂ ਕੀਤੀ ਮੁਢਲੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਪੁਲੀਸ ਨੇ 153 ਕੇਸਾਂ ਵਿੱਚ ਅੰਤਿਮ ਚਾਰਜਸ਼ੀਟ ਪੇਸ਼ ਕੀਤੀ ਹੈ ਤੇ 1101 ਕੇਸਾਂ ਦੇ ਵਿੱਚ ਅੰਤਿਮ ਰਿਪੋਰਟ ਪੇਸ਼ ਕੀਤੀ ਹੈ। ਕੁੱਲ 1254 ਕੇਸਾਂ ਦੇ ਵਿੱਚੋਂ ਸਿਟ ਗੰਭੀਰ ਕਿਸਮ ਦੇ 35 ਕੇਸਾਂ ਨੂੰ ਮੁੜ ਤੋਂ ਖੋਲ੍ਹੇਗੀ ਜਿਨ੍ਹਾਂ ਵਿੱਚ ਕਤਲ, ਇਰਾਦਾ ਕਤਲ, ਸਾੜਫੂਕ ਡਕੈਤੀ ਤੇ ਅਸਲੇ ਵਰਗੇ ਗੰਭੀਰ ਦੋਸ਼ਾਂ ਤਹਿਤ ਧਾਰਾਵਾਂ ਲੱਗੀਆਂ ਹੋਈਆਂ ਹਨ। ਅਜਿਹੇ ਗੰਭੀਰ ਕੇਸਾਂ ਵਿੱਚੋਂ ਪੁਲੀਸ ਨੇ ਸਿਰਫ ਚਾਰ ਵਿੱਚ ਹੀ ਚਾਰਜਸ਼ੀਟ ਦਾਇਰ ਕੀਤੀ ਸੀ ਅਤੇ ਬਾਕੀ ਦੇ ਕੇਸਾਂ ਨੂੰ ਸਬੂਤਾਂ ਦੀ ਘਾਟ ਕਹਿ ਕੇ ਬੰਦ ਕਰ ਦਿੱਤਾ ਸੀ। ਸਿਟ ਆਪਣੀ ਜਾਂਚ ਛੇ ਮਹੀਨੇ ਦੇ ਵਿੱਚ ਮੁਕੰਮਲ ਕਰੇਗੀ। ਸਿਟ ਦਾ ਦਫਤਰ ਕਾਨਪੁਰ ਸਿਟੀ ਕੋਤਵਾਲੀ ਦੇ ਵਿੱਚ ਪਹਿਲੀ ਮੰਜ਼ਿਲ ਉੱਤੇ ਸਥਾਪਤ ਕੀਤਾ ਗਿਆ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *