ਨਵੇਂ ਸਰਵੇ ਮੁਤਾਬਿਕ ਬਹੁਗਿਣਤੀ ਕੈਨੇਡੀਅਨ ਇਮੀਗਰੇਸ਼ਨ ਨੂੰ ਨੱਥ ਪਾਉਣ ਦੇ ਹਾਮੀ


ਓਟਵਾ/ ਇੱਕ ਨਵੇਂ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਬਹੁ-ਗਿਣਤੀ ਕੈਨੇਡਾ ਵਾਸੀਆਂ ਦਾ ਇਹ ਮੰਨਣਾ ਹੈ ਕਿ ਲਿਬਰਲ ਸਰਕਾਰ ਨੂੰ ਪਰਵਾਸੀਆਂ ਦੀ ਗਿਣਤੀ ਸੀਮਤ ਕਰਨੀ ਚਾਹੀਦੀ ਹੈ। ਲੋਕਾਂ ਨੇ ਮਨਾਂ ਵਿਚ ਜ਼ੋਰ ਫੜ ਰਹੇ ਇਸ ਰੁਝਾਣ ਨੂੰ ਆਵਾਸ ਮੰਤਰੀ ਅਹਿਮਦ ਹੁਸੈਨ ਨੇ ਚਿੰਤਾਜਨਕ ਕਰਾਰ ਦਿੱਤਾ ਹੈ।
ਹਾਲ ਹੀ ਵਿਚ ਕਰਵਾਏ ਗਏ ਇੱਕ ਸਰਵੇਖਣ ਵਿਚ 63 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਮੀਗਰੇਸ਼ਨ ਨੂੰ ਨੱਥ ਪਾਉਣ ਬਾਰੇ ਸੋਚਣਾ ਚਾਹੀਦਾ ਹੈ, ਕਿਉਂਕਿ ਇੱਕ ਸੀਮਾ ਤੋਂ ਬਾਅਦ ਮੁਲਕ ਨੂੰ ਪਰਵਾਸੀਆਂ ਦਾ ਇੱਥੇ ਵਸੇਬਾ ਕਰਾਉਣ ਵਿਚ ਸਮੱਸਿਆ ਆ ਸਕਦੀ ਹੈ। ਇਸ ਦੇ ਉਲਟ ਸਿਰਫ 37 ਫੀਸਦੀ ਦਾ ਇਹ ਕਹਿਣਾ ਹੈ ਕਿ ਕੈਨੇਡਾ ਦੀ ਵਿਸਥਾਰ ਕਰ ਰਹੀ ਅਰਥ ਵਿਵਸਥਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਇਮੀਗਰੇਸ਼ਨ ਦੀ ਰਫਤਾਰ ਤੇਜ਼ ਕਰਨੀ ਚਾਹੀਦੀ ਹੈ।
ਹੁਸੈਨ ਦਾ ਕਹਿਣਾ ਹੈ ਕਿ ਉਹ ਇਸ ਨਵੇਂ ਰੁਝਾਣ ਤੋਂ ਇਸ ਲਈ ਚਿੰਤਤ ਹਨ, ਕਿਉਂਕਿ ਉਹਨਾਂ ਦੇਸ਼ ਭਰ ਦੇ ਰੁਜ਼ਗਾਰਦਾਤਿਆਂ ਮੂੰਹੋਂ ਇਹ ਗੱਲ ਸੁਣੀ ਹੈ ਕਿ ਉਹ ਉਹਨਾਂ ਨੂੰ ਕਾਮਿਆਂ ਦੀ ਬਹੁਤ ਸਖ਼ਤ ਲੋੜ ਹੈ। ਇਸ ਤੋਂ ਇਲਾਵਾ ਅਰਥਸਾਸ਼ਤਰੀ ਅਤੇ ਮਾਹਿਰ ਵੀ ਇਸ ਗੱਲ ਉੱਤੇ ਇੱਕਮਤ ਹਨ ਕਿ ਆਬਾਦੀ ਅਤੇ ਲੇਬਰ ਦੀ ਕਮੀ ਨੂੰ ਸਿਰਫ ਇਮੀਗਰੇਸ਼ਨ ਰਾਹੀਂ ਹੀ ਪੂਰਾ ਕੀਤਾ ਜਾ ਸਕਦਾ ਹੈ।
ਕੈਨੇਡਾ ਵਾਸੀਆਂ ਨੂੰ ਇਸ ਗੱਲ ਦੀ ਚਿੰਤਾ ਹੋ ਸਕਦੀ ਹੈ ਕਿ ਰਿਹਾਇਸ਼ੀ ਘਰਾਂ ਅਤੇ ਬੁਨਿਆਦੀ ਢਾਂਚੇ ਦੀ ਕਮੀ ਕਰਕੇ ਪਰਵਾਸੀਆਂ ਦੇ ਵਸੇਬੇ ਵਿਚ ਸਮੱਸਿਆ ਆ ਸਕਦੀ ਹੈ। ਪਰ ਹੁਸੈਨ ਦਾ ਕਹਿਣਾ ਹੈ ਕਿ ਪਰ ਇਸ ਦਾ ਜੁਆਬ ਕੈਨੇਡਾ ਆ ਰਹੇ ਪਰਵਾਸੀਆਂ ਦੀ ਗਿਣਤੀ ਘੱਟ ਕਰਨਾ ਨਹੀਂ ਹੈ।
ਉਹਨਾਂ ਕਿਹਾ ਕਿ ਮੈਨੂੰ ਲੱਗਦਾ ਹੈ ਇਸ ਦਾ ਜੁਆਬ ਬੁਨਿਆਦੀ ਢਾਂਚੇ ਵਿਚ ਨਿਵੇਸ਼ ਕਰਨਾ, ਹਾਊਸਿੰਗ ਵਿਚ ਨਿਵੇਸ਼ ਕਰਨਾ ਅਤੇ ਟਰਾਂਜ਼ਿਟ ਵਿਚ ਨਿਵੇਸ਼ ਕਰਨਾ ਹੈ ਤਾਂ ਕਿ ਸਾਰਿਆਂ ਨੂੰ ਇਹਨਾਂ ਨਿਵੇਸ਼ਾਂ ਤੋਂ ਲਾਭ ਮਿਲ ਸਕੇ ਅਤੇ ਅਸੀਂ ਇਹਨਾਂ ਸੇਵਾਵਾਂ ਨੂੰ ਪਰਵਾਸੀਆਂ ਦੇ ਵਸੇਬੇ ਲਈ ਇਸਤੇਮਾਲ ਕਰ ਸਕੀਏ, ਜਿਹਨਾਂ ਦਾ ਕੈਨੇਡਾ ਵਾਸੀਆਂ ਨੂੰ ਵੀ ਲਾਭ ਹੋਵੇਗਾ।
ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਕੰਜ਼ਰਵੇਟਿਵ ਅਤੇ ਗਰੀਨ ਪਾਰਟੀ ਦੇ ਵੋਟਰ ਇਮੀਗਰੇਸ਼ਨ ਨੂੰ ਸੀਮਤ ਕੀਤੇ ਜਾਣ ਦੇ ਪੱਖ ਵਿਚ ਹਨ। 81ਫੀਸਦੀ ਕੰਜ਼ਰਵੇਟਿਵ ਵੋਟਰਾਂ ਅਤੇ 57 ਫੀਸਦੀ ਗਰੀਨ ਵੋਟਰਾਂ ਨੇ ਇਮੀਗਰੇਸ਼ਨ ਨੂੰ ਸੀਮਤ ਕਰਨ ਦੀ ਰਾਇ ਦਿੱਤੀ ਹੈ। ਇਸ ਦੇ ਉਲਟ 41 ਫੀਸਦੀ ਲਿਬਰਲਾਂ ਅਤੇ 44 ਫੀਸਦੀ ਐਨਡੀਪੀ ਸਰਮਰਥਕਾਂ ਨੇ ਇਮੀਗਰੇਸ਼ਨ ਦੀ ਰਫਤਾਰ ਹੋਰ ਤੇਜ਼ ਕਰਨ ਲਈ ਕਿਹਾ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *