ਕਿਊਬਿਕ ਵੱਲੋਂ ਸਰਕਾਰੀ ਮੁਲਾਜ਼ਮਾਂ ਦੇ ਧਾਰਮਿਕ ਚਿੰਨ੍ਹ ਪਹਿਨਣ ‘ਤੇ ਮਨਾਹੀ ਲਾਉਣ ਵਾਲਾ ਬਿਲ ਪਾਸ

ਮੌਂਟਰੀਅਲ/ਲੰਘੇ ਐਤਵਾਰ ਕਿਊਬਿਕ ਨੇ ਅਧਿਆਪਕਾਂ, ਪੁਲਿਸ ਅਧਿਕਾਰੀਆਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਨੂੰ ਧਾਰਮਿਕ ਚਿੰਨ੍ਹ ਪਹਿਨਣ ਦੀ ਮਨਾਹੀ ਕਰਨ ਵਾਲੇ ਵਿਵਾਦਗ੍ਰਸਤ ਸੈਕੂਲਰਿਜ਼ਮ ਬਿਲ ਨੂੰ ਕਾਨੂੰਨੀ ਸ਼ਕਲ ਦੇ ਦਿੱਤੀ ਹੈ।
ਪ੍ਰੀਮੀਅਰ ਫਰਾਂਸਵਾਂ ਲੈਗਾਲਟ ਦੀ ਬਹੁ-ਗਿਣਤੀ ਸਰਕਾਰ ਨੇ ਬਿਲ 21 ਉੱਤੇ ਬਹਿਸ ਨੂੰ ਅਧਵਾਟੇ ਖ਼ਤਮ ਕਰਦਿਆਂ ਇਸ ਦੇ ਹੱਕ ਵਿਚ 73 ਵੋਟਾਂ ਪਾ ਕੇ ਇਸ ਨੂੰ ਪਾਸ ਕਰ ਦਿੱਤਾ ਹੈ ਜਦਕਿ ਇਸ ਬਿਲ ਦੇ ਵਿਰੋਧ ਵਿਚ ਸਿਰਫ 35 ਵੋਟਾਂ ਪਈਆਂ ਸਨ। ਪਾਰਟੀ ਕਿਊਬੀਕੋਇਸ ਨੇ ਵੀ ਇਸ ਬਿਲ ਦੇ ਹੱਕ ਵਿਚ ਵੋਟ ਪਾਈ ਜਦਕਿ ਲਿਬਰਲਾਂ ਅਤੇ ਕਿਊਬਿਕ ਸੋਲੀਡੇਰੀ ਪਾਰਟੀ ਨੇ ਬਿਲ ਦਾ ਵਿਰੋਧ ਕੀਤਾ ਸੀ। ਇਹ ਬਿਲ ਸਰਕਾਰੀ ਅਧਿਕਾਰੀਆਂ ਨੂੰ ਨੌਕਰੀ ਕਰਦੇ ਸਮੇਂ ਧਾਰਮਿਕ ਚਿੰਨ੍ਹ ਪਹਿਨਣ ਦੀ ਮਨਾਹੀ ਕਰਦਾ ਹੈ। ਇਸ ਬਿਲ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਕਾਨੂੰਨ ਧਾਰਮਿਕ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਜਦਕਿ ਸਰਕਾਰ ਦੀ ਦਲੀਲ ਹੈ ਕਿ ਇਹ ਕਿਊਬਿਕ ਦੇ ਲੋਕਾਂ ਦੀ ਧਰਮ-ਨਿਰਪੱਖ ਹੋਣ ਦੀ ਪਿਹਚਾਣ ਨੂੰ ਹੋਰ ਗੂੜ੍ਹੀ ਕਰਦਾ ਹੈ।
ਕੁਲੀਸ਼ਨ ਅਵੈਨੀਰ ਕਿਊਬਿਕ ਸਰਕਾਰ ਨੇ ਇਸ ਕਾਨੂੰਨ ਨੂੰ ਵਧੇਰੇ ਸਖ਼ਤ ਬਣਾਉਣ ਲਈ ਇਸ ਵਿਚ ਆਖਰੀ ਮੌਕੇ ਸੋਧਾਂ ਕੀਤੀਆਂ ਹਨ, ਜਿਹਨਾਂ ਤਹਿਤ ਇੱਕ ਮੰਤਰੀ ਨੂੰ ਇਸ ਗੱਲ ਦੀ ਜਾਂਚ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਕਿ ਕੀ ਇਸ ਕਾਨੂੰਨ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ? ਲੋੜ ਪੈਣ ਤੇ ਮੰਤਰੀ ਵੱਲੋਂ ਇਸ ਕਾਨੂੰਨ ਵਿਚ ਸੁਧਾਰ ਕਰਨ ਦੀ ਵੀ ਮੰਗ ਕੀਤੀ ਜਾ ਸਕਦੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਲਿਬਰਲ ਮੈਂਬਰ ਮਾਰਕ ਟੈਂਗੁਆਏ ਨੇ ਕਿਹਾ ਕਿ ਇਹ ਤਬਦੀਲੀਆਂ ਪੁਲਿਸ ਨੂੰ ਧਰਮ-ਨਿਰਪੱਖ ਬਣਾਉਣਗੀਆਂ। ਫਾਈਨਲ ਵੋਟ ਤੋਂ ਪਹਿਲਾਂ ਬਿਲ ਪੇਸ਼ ਕਰਨ ਵਾਲੇ ਆਵਾਸ ਅਤੇ ਵਿਭਿੰਨਤਾ ਮੰਤਰੀ ਸਾਈਮਨ ਜੋਲਿਨ ਬਰੇਟੇ ਨੇ ਸਾਰੇ ਵਿਧਾਇਕਾਂ ਨੂੰ ਸ਼ਾਂਤੀ ਅਤੇ ਸਤਿਕਾਰ ਨਾਲ ਧਰਮ ਨਿਰਪੱਖ ਸੂਬੇ ਦੇ ਸਿਧਾਂਤਾਂ ਦਾ ਇਜ਼ਹਾਰ ਕਰਨ ਲਈ ਆਖਿਆ। ਇਸ ਕਾਨੂੰਨ ਵਿਚ ਅਜਿਹੀ ਸ਼ਬਦਾਵਲੀ ਵੀ ਸ਼ਾਮਿਲ ਕੀਤੀ ਗਈ ਹੈ ਜਿਹੜੀ ਕੈਨੇਡਾ ਦੇ ਸੰਵਿਧਾਨ ਦੀ ਧਾਰਾ 33 ਨੂੰ ਲਾਗੂ ਕਰਨ ਤੋਂ ਮਨ੍ਹਾ ਕਰਦੀ ਹੈ। ਸਿੱਟੇ ਵਜੋਂ ਕੋਈ ਵੀ ਨਾਗਰਿਕ ਇਸ ਬਿੱਲ ਨੂੰ ਇਸ ਆਧਾਰ ਉੱਤੇ ਚੁਣੌਤੀ ਨਹੀਂ ਦੇ ਪਾਵੇਗਾ ਕਿ ਇਹ ਕਾਨੂੰਨ ਵੱਲੋਂ ਦਿੱਤੀਆਂ ਬੁਨਿਆਦੀ ਆਜ਼ਾਦੀਆਂ ਦੀ ਉਲੰਘਣਾ ਕਰਦਾ ਹੈ।
ਇਸ ਤੋਂ ਪਹਿਲਾਂ ਲੈਗਾਲਟ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹਨਾਂ ਦੀ ਸਰਕਾਰ ਇੱਕ ਅਜਿਹਾ ਬੂਹਾ ਬੰਦ ਕਰ ਰਹੀ ਹੈ, ਜਿਸ ਨੂੰ ਕੋਈ ਵੀ ਦੁਬਾਰਾ ਖੋਲ੍ਹਣਾ ਨਹੀਂ ਚਾਹੇਗਾ। ਉਹਨਾਂ ਕਿਹਾ ਕਿ ਮੇਰੀ ਭਵਿੱਖਬਾਣੀ ਇਹ ਹੈ ਕਿ ਨਾ ਤਾਂ ਲਿਬਰਲ ਅਤੇ ਨਾ ਹੀ ਪਾਰਟੀ ਕਿਊਬਿਕੋਇਸ ਇਸ ਕਾਨੂੰਨ ਨੂੰ ਬਦਲਣ ਦੀ ਇੱਛਾ ਰੱਖਣਗੇ। ਮੈਂ ਸੋਚਦਾ ਹਾਂ ਕਿ ਅਗਲੇ ਪੰਜ ਸਾਲ ਤਕ ਇਹ ਦੋਵੇਂ ਪਾਰਟੀਆਂ ਸੱਤਾ ਵਿਚ ਨਹੀਂ ਆਉਣਗੀਆਂ।
ਦੂਜੇ ਪਾਸੇ ਲਿਬਰਲ ਆਗੂ ਹੈਲਨ ਡੇਵਿਡ ਨੇ ਇਸ ਦਾਅਵੇ ਨੂੰ ਖਾਰਿਜ ਕਰਦਿਆਂ ਕਿਹਾ ਹੈ ਕਿ ਅਗਲੇ ਪੰਜ ਸਾਲ ਦੌਰਾਨ ਵੇਖਾਂਗੇ ਕਿ ਅਸੀਂ ਕੀ ਕਰਾਂਗੇ। ਇਸ ਗੱਲ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਕਿ ਅਸੀਂ ਇਸ ਕਾਨੂੰਨ ਨੂੰ ਵਾਪਸ ਲੈ ਲਵਾਂਗੇ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *