ਸਿਟ ਵੱਲੋਂ ਕਮਲ ਨਾਥ ਖ਼ਿਲਾਫ ਦੁਬਾਰਾ ਜਾਂਚ ਖੋਲ੍ਹਣ ਦੀ ਤਿਆਰੀ


ਚੰਡੀਗੜ੍ਹ/ ਦਿੱਲੀ ਅੰਦਰ 1984 ਵਿਚ ਹੋਏ ਸਿੱਖਾਂ ਦੇ ਸਮੂਹਿਕ ਕਤਲੇਆਮ ਦੇ ਕੇਸਾਂ ਸੰਬੰਧੀ ਤਾਜ਼ਾ ਸਬੂਤਾਂ ਦੀ ਜਾਂਚ ਕਰਨ ਲਈ ਬਣਾਈ ਵਿਸੇæਸ਼ ਜਾਂਚ ਟੀਮ (ਸਿਟ) ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਕਮਲ ਨਾਥ ਖ਼ਿਲਾਫ ਦੁਬਾਰਾ ਜਾਂਚ ਖੋਲ੍ਹ੍ਹਣ ਦੀ ਤਿਆਰੀ ਕਰ ਲਈ ਹੈ। ਵੀਰਵਾਰ ਨੂੰ ਇਸ ਬਾਰੇ ਖੁਲਾਸਾ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸਿਟ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਾਣਕਾਰੀ ਦਿੱਤੀ ਹੈ ਕਿ ਜਾਂਚ ਟੀਮ ਵੱਲੋਂ ਪਾਰਲੀਮੈਂਟ ਸਟਰੀਟ ਪੁਲਿਸ ਸਟੇਸ਼ਨ ਅੰਦਰ ਪੈਂਦੇ ਇਲਾਕੇ ਵਿਚ 1984 ਕਤਲੇਆਮ ਦੌਰਾਨ ਹੋਈ ਉਸ ਹਿੰਸਾ ਦੀ ਜਾਂਚ ਦੁਬਾਰਾ ਖੋਲ੍ਹੀ ਜਾਵੇਗੀ, ਜਿਸ ਬਾਰੇ ਗਵਾਹਾਂ ਦਾ ਇਹ ਕਹਿਣਾ ਹੈ ਕਿ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਕਮਲ ਨਾਥ ਇਸ ਇਲਾਕੇ ਵਿਚ ਭੜਕੀ ਹੋਈ ਭੀੜ ਦੀ ਅਗਵਾਈ ਕਰ ਰਿਹਾ ਸੀ।
ਇੱਥੇ ਦੱਸਣਯੋਗ ਹੈ ਕਿ ਕਮਲ ਨਾਥ ਦੀ ਸਿੱਖ ਕਤਲੇਆਮ ਵਿਚ ਸ਼ਮੂਲੀਅਤ ਬਾਰੇ ਸੀਨੀਅਰ ਪੱਤਰਕਾਰਾਂ ਸੰਜੇ ਸੂਰੀ ਅਤੇ ਮੁਖਤਿਆਰ ਸਿੰਘ ਵੱਲੋਂ ਕੀਤੇ ਸਨਸਨੀਖੇਜ਼ ਖੁਲਾਸਿਆਂ ਮਗਰੋਂ ਸਿੱਖਾਂ ਵੱਲੋਂ ਕਾਂਗਰਸੀ ਆਗੂ ਖ਼ਿਲਾਫ ਕਾਨੂੰਨੀ ਕਾਰਵਾਈ ਕਰਨ ਵਾਸਤੇ ਸਮੇਂ ਸਮੇਂ ਦਬਾਅ ਪਾਇਆ ਜਾਂਦਾ ਰਿਹਾ ਹੈ। ਦੂਜੇ ਪਾਸੇ ਕਾਂਗਰਸੀ ਲੀਡਰਸ਼ਿਪ ਨੇ ਕਮਲ ਨਾਥ ਖ਼ਿਲਾਫ ਕੋਈ ਵੀ ਕਾਰਵਾਈ ਤੋਂ ਟਾਲਾ ਹੀ ਨਹੀਂ ਵੱਟਿਆ, ਸਗੋਂ ਪਿਛਲੇ ਸਾਲ ਮੱਧ ਪ੍ਰਦੇਸ਼ ਦੀਆਂ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਜਿੱਤ ਮਗਰੋਂ ਕਮਲ ਨਾਥ ਨੂੰ ਸੂਬੇ ਦਾ ਮੁੱਖ ਮੰਤਰੀ ਬਣਾ ਦਿੱਤਾ ਸੀ। ਇਸ ਤੋਂ ਪਹਿਲਾਂ ਕਾਂਗਰਸੀ ਪ੍ਰਧਾਨ ਰਾਹੁਲ ਗਾਂਧੀ ਨੇ ਇਹ ਕਹਿੰਦਿਆਂ ਸਿੱਖ ਕਤਲੇਆਮ ਦੀ ਸਾਜ਼ਿਸ਼ ਵਿਚ ਸਿੱਧੇ ਅਤੇ ਅਸਿੱਧੇ ਤੌਰ ‘ਤੇ ਸ਼ਾਮਿਲ ਸਾਰੇ ਕਾਂਗਰਸੀ ਆਗੂਆਂ ਨੂੰ ਕਲੀਨ ਚਿਟ ਦੇ ਦਿੱਤੀ ਸੀ ਕਿ 1984 ਕਤਲੇਆਮ ਵਿਚ ਕਾਂਗਰਸ ਜਾਂ ਇਸ ਦੇ ਕਿਸੇ ਵੀ ਆਗੂ ਦੀ ਕੋਈ ਭੂਮਿਕਾ ਨਹੀਂ ਸੀ। ਦਿਲਚਸਪ ਗੱਲ ਇਹ ਹੈ ਕਿ ਰਾਹੁਲ ਗਾਂਧੀ ਵੱਲੋ ਕਾਂਗਰਸੀ ਆਗੂਆਂ ਨੂੰ ਦਿੱਤੀ ਇਸ ਕਲੀਨ ਚਿਟ ਤੋਂ ਕੁੱਝ ਹੀ ਸਮਾਂ ਮਗਰੋਂ ਅਦਾਲਤ ਨੇ ਸੱਜਣ ਕੁਮਾਰ ਨੂੰ ਸਿੱਖ ਕਤਲੇਆਮ ਦਾ ਦੋਸ਼ੀ ਮੰਨਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਸਿਟ ਵੱਲੋਂ ਕਮਲ ਨਾਥ ਖ਼ਿਲਾਫ  ਦੁਬਾਰਾ ਜਾਂਚ ਸ਼ੁਰੂ ਕਰਨ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਸਿਰਸਾ ਨੇ ਕਿਹਾ ਅਕਾਲੀ ਦਲ ਦਾ ਇੱਕ ਵਫ਼ਦ ਸਿਟ ਚੇਅਰਮੈਨ ਅਨੁਰਾਗ ਨੂੰ ਮਿਲ ਕੇ ਇਸ ਕੇਸ ਨਾਲ ਜੁੜੇ ਗਵਾਹਾਂ ਦੇ ਨਾਂ ਅਤੇ ਗਵਾਹੀਆਂ ਸੌਂਪ ਚੁੱਕਿਆ ਹੈ। ਉਹਨਾਂ ਕਿਹਾ ਕਿ ਸਿਟ ਅਧਿਕਾਰੀਆਂ ਨੇ ਸਾਨੂੰ ਭਰੋਸਾ ਦਿਵਾਇਆ ਹੈ ਕਿ ਇਸ ਵੱਲੋਂ ਢੁੱਕਵੇਂ ਸਮੇਂ ਉੱਤੇ ਨਾਮੀ ਪੱਤਰਕਾਰਾਂ ਸੰਜੇ ਸੂਰੀ ਅਤੇ ਮੁਖਤਿਆਰ ਸਿੰਘ ਸਮੇਤ ਸਾਰੇ ਚਸ਼ਮਦੀਦ ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਜਾਣਗੇ। ਉਹਨਾਂ ਕਿਹਾ ਕਿ ਸਾਨੂੰ ਇਹ ਵੀ ਭਰੋਸਾ ਦਿਵਾਇਆ ਗਿਆ ਹੈ ਕਿ ਇਹ ਕੇਸ ਨਾਲ ਜੁੜੇ ਬਾਕੀ ਗਵਾਹਾਂ ਦੀਆਂ ਗਵਾਹੀਆਂ ਲੈਣ ਲਈ ਉਹਨਾਂ ਤਕ ਵੀ ਪਹੁੰਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ 1984 ਵਿਚ ਸਿੱਖਾਂ ਖ਼ਿæਲਾਫ ਹੋਈ ਸਮੂਹਿਕ ਹਿੰਸਾ ਦੇ ਸੰਬੰਧ ਵਿਚ ਪਾਰਲੀਮੈਂਟ ਪੁਲਿਸ ਸਟੇਸ਼ਨ ਵਿਖੇ ਦਰਜ ਕੀਤੀ ਗਈ ਐਫਆਈਆਰ ਨੰਬਰ 601/84 ਸੰਬੰਧੀ 5 ਵਿਅਕਤੀਆਂ ਨੂੰ ਬਰੀ ਕੀਤਾ ਜਾ ਚੁੱਕਿਆ ਹੈ।
ਡੀਐਸਜੀਐਮਸੀ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਿਰਦੇਸ਼ਾਂ ਉਤੇ ਸਿਟ ਨੂੰ ਮਿਲੇ ਅਕਾਲੀ ਵਫ਼ਦ ਨੂੰ ਜਾਂਚ ਟੀਮ ਨੇ ਦੱਸਿਆ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਵੀ ਜਾਂਚ ਟੀਮ ਨੂੰ ਨਵੇਂ ਸਾਹਮਣੇ ਆਏ ਸਬੂਤਾਂ ਦੀ ਮੁੜ ਜਾਂਚ ਲਈ ਕਿਹਾ ਜਾ ਚੁੱਕਿਆ ਹੈ। ਜਿਸ ਤੋਂ ਬਾਅਦ ਸਿਟ ਨੇ ਅਕਾਲੀ ਦਲ ਨੂੰ ਇਸ ਕੇਸ ਨਾਲ ਜੁੜੇ ਹੋਰ ਸਬੂਤ ਦੇਣ ਲਈ ਆਖਿਆ ਹੈ। ਅਕਾਲੀ ਵਫ਼ਦ ਨੇ ਸਿੱਖਾਂ ਦਾ ਕਤਲੇਆਮ ਕਰਨ ਅਤੇ ਗੁਰਦੁਆਰਾ ਰਕਾਬਗੰਜ ਨੂੰ ਅੱਗ ਲਾਉਣ ਵਾਲੀ ਹਿੰਸਕ ਭੀੜ ਦੀ ਅਗਵਾਈ ਕਰਨ ਸੰਬੰਧੀ ਕਮਲ ਨਾਥ ਦੀ ਭੂਮਿਕਾ ਬਾਰੇ ਸਾਰੇ ਦਸਤਾਵੇਜ਼ ਸਿਟ ਨੂੰ ਸੌਂਪ ਦਿੱਤੇ ਹਨ।
ਸਰਦਾਰ ਸਿਰਸਾ ਨੇ ਕਿਹਾ ਕਿ ਇਸ ਤਾਜ਼ਾ ਘਟਨਾਕ੍ਰਮ ਮਗਰੋਂ ਅਕਾਲੀ ਦਲ ਨੂੰ ਉਮੀਦ ਹੈ ਕਿ 1984 ਵਿਚ ਸਿੱਖਾਂ ਦੇ ਕਤਲੇਆਮ ਵਿਚ ਨਿਭਾਈ ਭੂਮਿਕਾ ਲਈ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੂੰ ਤਿੰਨ ਮਹੀਨਿਆਂ ਦੇ ਅੰਦਰ ਗਿਰਫ਼ਤਾਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਅਸੀਂ ਸਿਟ ਕੋਲ ਮੰਗ ਪੱਤਰ ਦੇ ਕੇ ਗਵਾਹਾਂ ਦੇ ਬਿਆਨ ਕਲਮਬੰਦ ਕਰਨ ਦੀ ਬੇਨਤੀ ਕਰ ਚੁੱਕੇ ਹਾਂ। ਅਸੀਂ ਇਹ ਵੀ ਅਪੀਲ ਕੀਤੀ ਹੈ ਕਿ ਕਮਲ ਨਾਥ ਦਾ ਨਾਂ ਐਫਆਈਆਰ 601/84 ਵਿਚ ਸ਼ਾਮਿਲ ਕੀਤਾ ਜਾਵੇ ਅਤੇ ਇਸ ਕੇਸ ਵਿਚ ਕਾਂਗਰਸੀ ਆਗੂ ਦੀ ਗਿਰਫ਼ਤਾਰੀ ਦੀ ਵੀ ਮੰਗ ਕੀਤੀ ਹੈ।
ਉਹਨਾਂ ਕਿਹਾ ਕਿ ਅਸੀਂ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਕਮਲ ਨਾਥ ਨੂੰ ਗਿਰਫ਼ਤਾਰ ਕਰਨਾ ਬਹੁਤ ਜਰੂਰੀ ਹੈ, ਨਹੀਂ ਤਾਂ ਉਹ ਇਸ ਕੇਸ ਦੇ ਗਵਾਹਾਂ ਉੱਤੇ ਦਬਾਅ ਪਾਏਗਾ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *