ਆਈਸੀਸੀਸੀ ਨੇ ਆਪਣਾ ਸਾਲਾਨਾ ਐਵਾਰਡ ਸਮਾਰੋਹ ਕਰਵਾਇਆ

 

ਟੋਰਾਂਟੋ/ਆਈਸੀਸੀਸੀ ਦਾ 27ਵਾਂ ਸਾਲਾਨਾ ਐਵਾਰਡ ਸਮਾਰੋਹ ਇੱਥੇ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ, ਜਿਸ ਵਿਚ ਫੈਡਰਲ, ਪ੍ਰੋਵਿੰਸ਼ੀਅਲ ਅਤੇ ਮਿਉਂਸੀਪਲ ਪੱਧਰ ਦੇ ਸਰਕਾਰੀ ਨੁੰਮਾਇਦਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਕੈਨੇਡਾ ਦੇ ਆਵਾਸ ਮੰਤਰੀ ਸ੍ਰੀ ਅਹਿਮਦ ਹੁਸੈਨ, ਵਿਰੋਧੀ ਧਿਰ ਦੇ ਆਗੂ ਐਂਡਰਿਓ ਸ਼ੀਅਰ,ਭਾਰਤ ਦੇ ਕੌਂਸਲ ਜਨਰਲ ਸ੍ਰੀ ਦਿਨੇਸ਼ ਭਾਟੀਆ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਆਪਣੇ ਵਿਚਾਰ ਰੱਖੇ। ਆਰਥਿਕ ਵਿਕਾਸ ਮੰਤਰੀ ਸ੍ਰੀ ਟੌਡ ਸਮਿੱਥ ਇਸ ਸਮਾਰੋਹ ਦੇ ਮੁੱਖ ਵਕਤਾ ਸਨ।
ਵੁੱਡਬਰਿੱਜ ਵਿਖੇ ਪੈਰਾਮਾਊਂਟ ਈਵੈਂਟਸਪੇਸ ਵਿਚ ਹੋਏ ਇਸ ਸਮਾਰੋਹ ਵਿਚ ਭਾਰਤੀ-ਕੈਨੇਡੀਅਨ ਆਗੂਆਂ, ਸਫੀਰਾਂ, ਕਾਰਪੋਰੇਟ ਆਗੂਆਂ, ਵਿਦਵਾਨਾਂ, ਛੋਟੇ ਅਤੇ ਦਰਮਿਆਨੇ ਕਾਰੋਬਾਰੀਆਂ, ਬੈਕਰਾਂ, ਵਕੀਲਾਂ ਅਤੇ ਮੀਡੀਆ ਦੇ ਨੁੰਮਾਇਦਿਆਂ ਦਾ ਮੇਲਾ ਲੱਗਿਆ ਹੋਇਆ ਸੀ।
ਭਾਰਤੀ ਕੌਂਸਲ ਜਨਰਲ ਸ੍ਰੀ ਦਿਨੇਸ਼ ਭਾਟੀਆ ਨੇ ਇਸ ਪ੍ਰੋਗਰਾਮ ਵਿਚ ਭਾਰਤ ਸਰਕਾਰ ਦੀ ਨੁੰਮਾਇਦਗੀ ਕੀਤੀ। ਇਸ ਤੋਂ ਇਲਾਵਾ ਛੱਤੀਸਗੜ ਦੇ ਉਦਯੋਗ ਮੰਤਰੀ ਸ੍ਰੀ ਕਵਾਸੀ ਲੱਖਮਾ ਵੀ ਇਸ ਪ੍ਰੋਗਰਾਮ ਵਿਚ ਉਚੇਚੇ ਤੌਰ ਤੇ ਸ਼ਾਮਿਲ ਹੋਏ
ਸਥਾਨਕ ਆਗੂਆਂ ਵਿਚ ਬਰੈਂਪਟਨ, ਮਰਖਾਮ ਅਤੇ ਮਿਸੀਸਾਗਾ ਦੇ ਮੇਅਰਾਂ ਪੈਟਰਿਕ ਬਰਾਊਨ, ਫਰੈਂਕ ਸਕਾਰਪਿਟੀ ਅਤੇ ਬੋਨੀ ਕਰੌਬੀ ਨੇ ਇਸ ਸਮਾਰੋਹ ਵਿਚ ਭਾਗ ਲਿਆ। ਇਸ ਤੋਂ ਇਲਾਵਾ ਬਹੁਤ ਸਾਰੇ ਸੰਸਦ ਮੈਂਬਰਾਂ, ਸੁਬਾਈ ਅਸੰਬਲੀਆਂ ਦੇ ਮੈਂਬਰਾਂ ਅਤੇ ਮਿਉਂਸੀਪਲ ਕੌਸਲਾਂ ਦੇ ਮੈਂਬਰਾਂ ਦੀ ਹਾਜ਼ਰੀ ਨੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ।
ਸ਼ਾਮ ਦਾ ਥੀਮ ਰਾਈਜ਼ਿੰਗ ਇੰਡੀਆ ਸੀ, ਜਿਸ ਦੌਰਾਨ ਹਰ ਬੁਲਾਰੇ ਨੇ ਆਰਥਿਕ ਵਿਕਾਸ ਦੇ ਖੇਤਰ ਵਿਚ ਨਵੀਆਂ ਪੁਲਾਘਾਂ ਪੁੱਟ ਰਹੇ ਭਾਰਤ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਆਵਾਸ ਮੰਤਰੀ ਸ੍ਰੀ ਅਹਿਮਦ ਹੁਸੈਨ ਨੇ ਕੈਨੇਡਾ ਦੇ ਸਮਾਜ ਵਿਚ ਭਾਰਤੀ-ਕੈਨੇਡੀਅਨ ਭਾਈਚਾਰੇ ਦੇ ਯੋਗਦਾਨ ਦਾ ਜ਼ਿਕਰ ਕੀਤਾ। ਸ਼ਾਮ ਦੇ ਮੁੱਖ ਮਹਿਮਾਨ ਸ੍ਰੀ ਐਂਡਰਿਓ ਸ਼ੀਅਰ ਨੇ ਕੈਨੇਡਾ-ਭਾਰਤ ਸੰਬੰਧਾਂ ਦੀ ਮਜ਼ਬੂਤੀ ਵਿਚ ਆਈਸੀਸੀਸੀ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਦੋਵੇਂ ਦੇਸ਼ਾਂ ਵਿਚਕਾਰ ਆਪਸੀ ਸੰਬੰਧ ਕਈ ਗੁਣਾ ਮਜ਼ਬੂਤ ਹੋਣਗੇ। ਸਫੀਰ ਦਿਨੇਸ਼ ਭਾਟੀਆ ਨੇ ਆਪਣੀ ਤਕਰੀਰ ਰਾਹੀਂ ਪਿਛਲੇ ਦੋ ਦਹਾਕਿਆਂ ਦੌਰਾਨ ਭਾਰਤ ਵੱਲੋਂ ਕੀਤੀ ਤਰੱਕੀ ਉੱਤੇ ਚਾਨਣਾ ਪਾਇਆ।
ਆਪਣੇ ਮੁੱਖ ਭਾਸ਼ਣ ਵਿਚ ਆਰਥਿਕ ਵਿਕਾਸ ਮੰਤਰੀ ਸ੍ਰੀ ਟੋਡ ਸਮਿੱਥ ਨੇ ਆਪਣੀ ਹਾਲੀਆ ਭਾਰਤ ਫੇਰੀ ਬਾਰੇ ਦੱਸਿਆ। ਉਹਨਾਂ ਕਿਹਾ ਕਿ ਓਂਟਾਂਰੀਓ ਵਪਾਰ ਅਤੇ ਕਾਰੋਬਾਰ ਲਈ ਖੁੱਲ੍ਹਾ ਹੈ ਅਤੇ ਭਾਰਤੀ-ਕੈਨੇਡੀਅਨ ਭਾਈਚਾਰੇ ਵੱਲੋਂ ਓਂਟਾਂਰੀਓ ਅੰਦਰ ਨਵੇਂ ਕਾਰੋਬਾਰ ਸ਼ੁਰੂ ਕਰਨ ਦੀ ਸ਼ਲਾਘਾ ਕੀਤੀ।
ਇਸ ਮੌਕੇ ਸੰਬੋਧਨ ਕਰਦਿਆਂ ਆਈਸੀਸੀਸੀ ਦੇ ਪ੍ਰਧਾਨ ਸ੍ਰੀ ਪ੍ਰਮੋਦ ਗੋਇਲ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਥੀੰਮ ਦੱਸਦਾ ਹੈ ਕਿ ਭਾਰਤੀਆਂ ਅੰਦਰ ਆਪਣਾ ਅਤੇ ਆਪਣੇ ਦੇਸ਼ ਦਾ ਭਵਿੱਖ ਘੜਣ ਦਾ ਭਰੋਸਾ ਹੈ। ਰਾਸ਼ਟਰ ਨਿਰਮਾਣ ਦੀ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਉਣ ਲਈ ਸਾਡੇ ਕੋਲ ਇੱਕ ਵੱਡਾ ਮੌਕਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਨਵੀਂ ਦਿੱਲੀ ਵਿਚ ਦਫ਼ਤਰ ਖੋਲ੍ਹ ਕੇ ਅਸੀਂ ਭਾਰਤ ਅੰਦਰ ਆਪਣਾ ਕੰਮ ਸ਼ੁਰੂ ਕਰ ਚੁੱਕੇ ਹਾਂ।ਸਾਡੀ ਇੱਕੋਂ ਇੱਕ ਜਥੇਬੰਦੀ ਹੈ, ਜਿਸ ਦੀ ਕੈਨੇਡਾ ਅਤੇ ਭਾਰਤ ਦੋਵੇਂ ਦੇਸ਼ਾਂ ਅੰਦਰ ਮੌਜੂਦਗੀ ਹੈ।
ਇਸ ਮੌਕੇ 11 ਭਾਰਤੀ-ਕੈਨੇਡੀਅਨਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।

 

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *