ਡ੍ਰਾਈਵਵੇ ਲਈ ਨਵੇਂ ਨਿਯਮ 2 ਜੁਲਾਈ ਤੋਂ ਲਾਗੂ ਹੋਣਗੇ

 

ਬ੍ਰੈਂਪਟਨ, ਓਨਟੈਰੀਓ (10 ਜੂਨ, 2019) – ਕੀ ਤੁਸੀਂ ਇਸ ਗਰਮੀ ਆਪਣੇ ਡ੍ਰਾਈਵਵੇ ਤੇ ਕੰਮ ਕਰਵਾਉਣ ਬਾਰੇ ਸੋਚ ਰਹੇ ਹੋ? ਜਲਦੀ ਹੀ ਡ੍ਰਾਈਵਵੇ ਨੂੰ ਚੌੜਾ ਕਰਨ, ਬਦਲਣ ਜਾਂ ਉਸਦੀ ਨਵੀਂ ਪਰਤ ਬਣਾਉਣ ਦੀ ਇੱਛਾ ਰੱਖਣ ਵਾਲੇ ਸਾਰੇ ਮਕਾਨ ਮਾਲਕਾਂ – ਅਤੇ ਉਹਨਾਂ ਦੇ ਵੱਲੋਂ ਕੰਮ ਕਰਨ ਵਾਲੇ ਠੇਕੇਦਾਰਾਂ ਲਈ – ਨਵੇਂ ਨਿਯਮ ਲਾਗੂ ਹੋਣਗੇ।

ਕੀ ਬਦਲ ਰਿਹਾ ਹੈ?

ਪੁਰਾਣੇ ਨਿਯਮਾਂ ਦੇ ਅਧੀਨ, ਮਕਾਨ ਮਾਲਕਾਂ ਨੂੰ ਆਪਣਾ ਡ੍ਰਾਈਵਵੇ ਚੌੜਾ ਕਰਨ ਲਈ ਪਰਮਿਟ ਦੀ ਲੋੜ ਸਿਰਫ਼ ਉਦੋਂ ਹੁੰਦੀ ਸੀ, ਜੇਕਰ ਉਹ ਮਿਊਨਿਸਿਪਲ ਪਗਡੰਡੀ ਨੂੰ ਕੱਟਣਾ ਚਾਹੁੰਦੇ ਹੋਣ। 2 ਜੁਲਾਈ, 2019 ਤੋਂ, ਇਹ ਯਕੀਨੀ ਬਣਾਉਣ ਲਈ ਕਿ ਉਹ ਸਿਟੀ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ, ਜ਼ਿਆਦਾਤਰ ਡ੍ਰਾਈਵਵੇ ਅੱਪਗ੍ਰੇਡਾਂ ਲਈ ਪਰਮਿਟ ਦੀ ਲੋੜ ਹੋਵੇਗੀ।

ਡ੍ਰਾਈਵਵੇ ਪਰਮਿਟ ਵਾਸਤੇ ਅਰਜ਼ੀ ਦੇਣ ਦੀ ਫੀਸ $50 ਹੋਵੇਗੀ। ਪਰਮਿਟ ਵਿੱਚ ਇਹ ਸ਼ਾਮਲ ਹੋਵੇਗਾ:

  • ਕੋਈ ਵੀ ਪਗਡੰਡੀ (ਜੇਕਰ ਪ੍ਰਸਤਾਵਿਤ ਹੈ)
  • ਮਿਊਨਿਸਿਪਲ ਰੋਡ ਅਲਾਊਂਸ ਤੇ ਕੀਤਾ ਜਾ ਰਿਹਾ ਕੰਮ
  • ਪ੍ਰਾਈਵੇਟ ਪ੍ਰਾਪਰਟੀ ਤੇ ਡ੍ਰਾਈਵਵੇ ਦੀ ਕਤਾਰਬੰਦੀ (ਅਲਾਈਨਮੈਂਟ) ਦੀ ਮਨਜ਼ੂਰੀ

ਨਵਾਂ ਪਰਮਿਟ ਫਾਰਮ ਸਿਟੀ ਦੀ ਵੈਬਸਾਈਟ ਤੇ 15 ਜੂਨ ਤੋਂ ਉਪਲਬਧ ਹੋਵੇਗਾ। ਪਰਮਿਟ ਵਾਸਤੇ ਸਿਟੀ ਨੂੰ ਅਰਜ਼ੀ ਦੇ ਰਹੇ ਕਿਸੇ ਵੀ ਵਿਅਕਤੀ ਨੂੰ ਇੱਕ ਪਰਮਿਟ ਫਾਰਮ, ਇੱਕ ਕਨੂੰਨੀ ਸਰਵੇਖਣ ਅਤੇ ਪ੍ਰਾਪਰਟੀ ਦੇ ਇੱਕ ਵਿਸਤ੍ਰਿਤ ਲੰਬਾਈ-ਚੌੜਾਈ ਵਾਲੇ ਸਾਈਟ ਪਲਾਨ ਦੀ ਲੋੜ ਹੋਵੇਗੀ, ਜੋ ਪਗਡੰਡੀਆਂ ਅਤੇ ਵਿਹੜਿਆਂ ਸਮੇਤ ਡ੍ਰਾਈਵਵੇ, ਪਟਰੀ ਦੇ ਕਿਨਾਰੇ ਬਣਾਉਣ ਅਤੇ ਕਿਸੇ ਵੀ ਹੋਰ ਪੇਵਿੰਗ ਵਾਲੀਆਂ ਸਤ੍ਹਾਵਾਂ ਨੂੰ ਦਿਖਾਉਂਦਾ ਹੋਵੇ।

ਠੇਕੇਦਾਰਾਂ ਲਈ ਨਵੇਂ ਨਿਯਮ

ਬ੍ਰੈਂਪਟਨ ਵਿੱਚ ਪੇਵਿੰਗ ਦੇ ਕੰਮ ਦੀ ਜ਼ਿੰਮੇਵਾਰੀ ਲੈਣ ਵਾਲੇ ਠੇਕੇਦਾਰਾਂ ਕੋਲ ਸਿਟੀ ਆਫ ਬ੍ਰੈਂਪਟਨ ਦਾ ਲਾਇਸੈਂਸ ਹੋਣਾ ਲਾਜ਼ਮੀ ਹੈ। 2 ਜੁਲਾਈ, 2019 ਤੋਂ, ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਲਈ ਇਹ ਯਕੀਨੀ ਬਣਾਉਣਾ ਲਾਜ਼ਮੀ ਹੈ ਕਿ ਡ੍ਰਾਈਵਵੇ ਪਰਮਿਟ ਲਿਆ ਗਿਆ ਹੈ ਅਤੇ ਫਿਰ ਪਰਮਿਟ ਅਤੇ ਸਿਟੀ ਦੇ ਜ਼ੋਨਿੰਗ ਬਾਇ-ਲਾਅ (Zoning By-law) ਦੀ ਪਾਲਣਾ ਕਰਨੀ ਲਾਜ਼ਮੀ ਹੈ।

ਜੇਕਰ ਲਾਇਸੈਂਸਸ਼ੁਦਾ ਠੇਕੇਦਾਰ ਜ਼ਰੂਰੀ ਪਰਮਿਟ ਦੇ ਬਿਨਾਂ ਕੰਮ ਕਰਦਾ ਹੈ ਜਾਂ ਕਿਸੇ ਹੋਰ ਤਰ੍ਹਾਂ ਬਾਇ-ਲਾਅ ਨੂੰ ਤੋੜਦਾ ਹੈ, ਤਾਂ ਸਿਟੀ ਉਸਦਾ ਲਸੰਸ ਰੱਦ ਕਰ ਸਕਦੀ ਹੈ ਅਤੇ ਉਸਨੂੰ ਬਿਜਨੇਸ ਲਾਇਸੈਂਸਿੰਗ ਬਾਇ-ਲਾਅ (Business Licensing By-law) ਦੇ ਅਧੀਨ ਦੋਸ਼ੀ ਠਹਿਰਾ ਸਕਦੀ ਹੈ।

ਸਿਟੀ ਆਫ ਬ੍ਰੈਂਪਟਨ ਵੱਲੋਂ ਡ੍ਰਾਈਵਵੇ ਦੀ ਪੇਵਿੰਗ ਵਾਲੇ ਸਾਰੇ ਲਾਇਸੈਂਸਸ਼ੁਦਾ ਠੇਕੇਦਾਰਾਂ ਦੇ ਨਾਮ ਅਤੇ ਸੰਪਰਕ ਜਾਣਕਾਰੀ 15 ਜੂਨ ਤੋਂ ਸਿਟੀ ਦੀ ਵੈਬਸਾਈਟ ਦੇ ਉਪਲਬਧ ਹੋਵੇਗੀ। ਇਸ ਨਾਲ ਨਿਵਾਸੀਆਂ ਲਈ ਇਹ ਯਕੀਨੀ ਬਣਾਉਣਾ ਵੱਧ ਅਸਾਨ ਹੋ ਜਾਏਗਾ ਕਿ ਉਹ ਲਾਇਸੈਂਸਸ਼ੁਦਾ ਠੇਕੇਦਾਰ ਤੋਂ ਕੰਮ ਕਰਵਾ ਰਹੇ ਹਨ।

ਡ੍ਰਾਈਵਵੇ ਕਿੰਨਾ ਚੌੜਾ ਹੋ ਸਕਦਾ ਹੈ?

ਡ੍ਰਾਈਵਵੇ ਲਈ ਇਜਾਜ਼ਤ ਦਿੱਤੀ ਅਧਿਕਤਮ ਚੌੜਾਈ ਨਹੀਂ ਬਦਲੀ ਹੈ। ਇਹ ਲੌਟ ਦੀ ਚੌੜਾਈ ਤੇ ਆਧਾਰਿਤ ਹੈ (ਜਿਵੇਂ ਜ਼ੋਨਿੰਗ ਬਾਇ-ਲਾਅ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ) ਅਤੇ ਇਸ ਵਿੱਚ ਕੋਈ ਵੀ ਪਗਡੰਡੀ ਜਾਂ ਪੇਵਿੰਗ ਵਾਲੀਆਂ ਹੋਰ ਸਤ੍ਹਾਵਾਂ ਸ਼ਾਮਲ ਹਨ, ਜੋ ਡ੍ਰਾਈਵਵੇ ਦੇ ਸਮਾਨਾਂਤਰ ਹਨ ਅਤੇ ਜਿਹਨਾਂ ਤੇ ਵਾਹਨ ਦੀ ਪਾਰਕਿੰਗ ਹੋ ਸਕਦੀ ਹੈ।

ਪ੍ਰਾਪਰਟੀ ਤੇ ਸਹੀ ਨਿਕਾਸ ਨੂੰ ਯਕੀਨੀ ਬਣਾਉਣ ਵਿੱਚ ਮਦਦ ਲਈ, ਡ੍ਰਾਈਵਵੇ ਅਤੇ ਸਾਈਡ ਲੌਟ ਲਾਈਨ ਵਿਚਕਾਰ 0.6 ਮੀਟਰ (2 ਫੁੱਟ) ਸਮਾਉਣਯੋਗ ਭੂਦ੍ਰਿਸ਼ (ਜਿਵੇਂ ਘਾਹ, ਬਾਗ, ਫੁੱਲਾਂ ਦੀ ਕਿਆਰੀ) ਹੋਣਾ ਲਾਜ਼ਮੀ ਹੈ। ਇਹ ਸਮਾਉਣਯੋਗ ਭੂਦ੍ਰਿਸ਼ ਸਿੰਗਲ ਡਿਟੈਚਡ ਘਰਾਂ ਲਈ ਦੋਵੇਂ ਸਾਈਡ ਲੌਟ ਲਾਈਨਾਂ ਦੇ ਨਾਲ ਅਤੇ ਸੈਮੀ-ਡਿਟੈਚਡ ਘਰਾਂ ਅਤੇ ਟਾਊਨਹਾਊਸਾਂ ਲਈ ਸਾਈਡ ਲੌਟ ਲਾਈਨਾਂ ਵਿੱਚੋਂ ਇੱਕ ਦੇ ਨਾਲ ਹੋਣਾ ਜ਼ਰੂਰੀ ਹੈ।

ਲੌਟ ਦੀ ਚੌੜਾਈ (ਮੀਟਰ) ਡ੍ਰਾਈਵਵੇ ਦੀ ਅਧਿਕਤਮ ਚੌੜਾਈ (ਮੀਟਰ)
8.23 ਤੋਂ ਘੱਟ 4.9
8.23 ਤੋਂ ਵੱਧ ਪਰ 9.14 ਤੋਂ ਘੱਟ 5.2
9.14 ਤੋਂ ਵੱਧ ਪਰ 15.24 ਤੋਂ ਘੱਟ 6.71
15.24 ਤੋਂ ਵੱਧ ਪਰ 18.3 ਤੋਂ ਘੱਟ 7.32
18.3 ਤੋਂ ਵੱਧ 9.14

 

ਬੇਡੌਲ, ਪਾਈ-ਆਕਾਰ ਵਾਲੇ ਜਾਂ ਕੋਨੇ ਦੇ ਲੌਟਸ ਦੇ ਮਾਲਕਾਂ ਨੂੰ ਇਹ ਜਾਣਨ ਵਾਸਤੇ ਕਿ ਉਹਨਾਂ ਦੇ ਡ੍ਰਾਈਵਵੇ ਕਿੰਨੇ ਚੌੜੇ ਹੋ ਸਕਦੇ ਹਨ, ਸਿਟੀ ਦੇ ਜ਼ੋਨਿੰਗ ਡਿਵੀਜਨ ਨੂੰ 905.874.2090 ਤੇ ਫੋਨ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਡ੍ਰਾਈਵਵੇ ਲਈ ਨਵੇਂ ਨਿਯਮ 22 ਮਈ ਨੂੰ ਸਿਟੀ ਕਾਉਂਸਿਲ (City Council) ਵੱਲੋਂ ਇਸਦੀ ਮੀਟਿੰਗ ਵਿੱਚ ਮਨਜ਼ੂਰ ਕੀਤੇ ਗਏ ਸਨ। ਸਿਟੀ ਮਕਾਨ ਮਾਲਕਾਂ ਅਤੇ ਠੇਕੇਦਾਰਾਂ ਤੋਂ ਪਰਮਿਟ ਅਰਜ਼ੀਆਂ 15 ਜੂਨ ਤੋਂ ਸਵੀਕਾਰ ਕਰਨਾ ਸ਼ੁਰੂ ਕਰੇਗੀ। ਹੋਰ ਜਾਣਕਾਰੀ ਲਈ, www.brampton.ca/roadworks ਤੇ ਜਾਓ।

ਹਵਾਲਾ

“ਬ੍ਰੈਂਪਟਨ ਦੇ ਨਿਵਾਸੀਆਂ ਦੇ ਤੌਰ ਤੇ, ਅਸੀਂ ਸਾਰੇ ਅਜਿਹੇ ਗਵਾਂਢਾਂ ਵਿੱਚ ਰਹਿਣਾ ਚਾਹੁੰਦੇ ਹਾਂ, ਜੋ ਆਕਰਸ਼ਕ ਅਤੇ ਸੁਆਗਤੀ ਲੱਗਦੇ ਹੋਣ। ਪੂਰੀ ਤਰ੍ਹਾਂ ਡ੍ਰਾਈਵਵੇ ਨਾਲ ਢਕੇ ਅੱਗੇ ਦੇ ਯਾਰਡ ਨਾ ਸਿਰਫ਼ ਅਣਚਾਹੇ ਹੁੰਦੇ ਹਨ ਬਲਕਿ ਉਹ ਵਾਤਾਵਰਣ ਲਈ ਵੀ ਠੀਕ ਨਹੀਂ ਹਨ – ਇਹਨਾਂ ਕਰਕੇ ਪੌਦਿਆਂ ਅਤੇ ਰੁੱਖਾਂ ਵਾਸਤੇ ਘੱਟ ਜਗ੍ਹਾ ਬਚਦੀ ਹੈ ਅਤੇ ਸਾਡੇ ਸਥਾਨਕ ਜਲ ਮਾਰਗਾਂ ਦੇ ਵਹਾਉ ਲਈ ਵੱਧ ਪ੍ਰਦੂਸ਼ਣ ਪੈਦਾ ਕਰਦੇ ਹਨ। ਇਹ ਨਵੇਂ ਨਿਯਮ ਬ੍ਰੈਂਪਟਨ ਨੂੰ ਹਰਾ-ਭਰਿਆ ਸ਼ਹਿਰ ਰੱਖਣ ਦੇ ਪ੍ਰਤੀ ਕੰਮ ਕਰਦੇ ਹੋਏ ਨਿਵਾਸੀਆਂ ਦੀਆਂ ਪਾਰਕਿੰਗ ਲੋੜਾਂ ਨੂੰ ਪੂਰਾ ਕਰਨ ਵਿੱਚ ਸਾਡੀ ਮਦਦ ਕਰਦੇ ਹਨ।”

  • ਮੇਅਰ ਪੈਟਰਿਕ ਬ੍ਰਾਊਨ (Patrick Brown)

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *