ਮੋਦੀ ਨੂੰ ਮਾਲਦੀਵ ਦੇ ਸਭ ਤੋਂ ਵੱਡੇ ਸਨਮਾਨ ਨਾਲ ਨਿਵਾਜਿਆ


ਮਾਲੇ/ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਪਾਕਿਸਤਾਨ ‘ਤੇ ਅਸਿੱਧੇ ਤੌਰ ‘ਤੇ ਹਮਲਾ ਕਰਦਿਆਂ ਕਿਹਾ ਕਿ ਅਤਿਵਾਦ ਨੂੰ ਸਰਕਾਰਾਂ ਦੀ ਸ਼ਹਿ ਅੱਜ ਦੇ ਸਮੇਂ ਵਿੱਚ ਮਨੁੱਖਤਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਵਿਸ਼ਵ ਭਰ ਦੇ ਆਗੂਆਂ ਨੂੰ ਇਸ ਖ਼ਤਰੇ ਦਾ ਮੁਕਾਬਲਾ ਕਰਨ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ।
ਮਾਲਦੀਵ ਦੀ ਸੰਸਦ ‘ਮਜਲਿਸ’ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਮਾਲਦੀਵ ਵਿਚਾਲੇ ਸਬੰਧ ਇਤਿਹਾਸ ਨਾਲੋਂ ਵੀ ਪੁਰਾਣੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਮਾਲਦੀਵ ਵਿਚ ਲੋਕਤੰਤਰ ਦੀ ਮਜ਼ਬੂਤੀ ਲਈ ਹਰੇਕ ਭਾਰਤੀ ਉਨ੍ਹਾਂ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਅਤਿਵਾਦ ਕਿਸੇ ਇਕ ਦੇਸ਼ ਲਈ ਨਹੀਂ ਬਲਕਿ ਸਾਰੀ ਮਨੁੱਖੀ ਸਭਿਅਤਾ ਲਈ ਖ਼ਤਰਾ ਹੈ।
ਸ੍ਰੀ ਮੋਦੀ ਨੇ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ ਕਿ ਲੋਕ ਹੁਣ ਵੀ ਅਤਿਵਾਦੀਆਂ ਵਿੱਚ ਚੰਗੇ ਤੇ ਮਾੜੇ ਦਾ ਵਖਰੇਵਾਂ ਕਰਨ ਦੀ ਭੁੱਲ ਕਰ ਰਹੇ ਹਨ। ਉਨ੍ਹਾਂ ਪਾਕਿਸਤਾਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਤਿਵਾਦ ਨੂੰ ਸਰਕਾਰਾਂ ਦੀ ਸ਼ਹਿ ਅੱਜ ਵਿਸ਼ਵ ਨੂੰ ਸਭ ਤੋਂ ਵੱਡਾ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਹੁਣ ਪਾਣੀ ਸਿਰ ਉੱਪਰੋਂ ਲੰਘਣ ਲੱਗਿਆ ਹੈ ਤੇ ਇਸ ਦੇ ਮੁਕਾਬਲੇ ਲਈ ਵਿਸ਼ਵ ਦੇ ਸਾਰੇ ਆਗੂਆਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ।
ਇਸੇ ਦੌਰਾਨ ਨਰਿੰਦਰ ਮੋਦੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੇ ਵੱਖ ਵੱਖ ਮੁੱਦਿਆਂ ‘ਤੇ ਗੱਲਬਾਤ ਕੀਤੀ ਅਤੇ ਰੱਖਿਆ ਤੇ ਸਮੁੰਦਰ ਸਣੇ ਕਈ ਅਹਿਮ ਖੇਤਰਾਂ ਵਿੱਚ ਦੁਵੱਲੇ ਵਪਾਰ ਨੂੰ ਮਜ਼ਬੂਤ ਕਰਨ ਲਈ ਛੇ ਸਮਝੌਤਿਆਂ ‘ਤੇ ਸਹੀ ਪਾਈ। ਪਹਿਲਾ ਸਮਝੌਤਾ ਜਲ ਵਿਗਿਆਨ ਸਬੰਧੀ ਮਾਮਲਿਆਂ ਤੇ ਦੂਜਾ ਸਮਝੌਤਾ ਸਿਹਤ ਦੇ ਖੇਤਰ ਵਿੱਚ ਕੀਤਾ ਗਿਆ। ਇਸ ਤੋਂ ਇਲਾਵਾ ਸਮੁੰਦਰ ਰਾਹੀਂ ਯਾਤਰੀ ਅਤੇ ਮਾਲਵਾਹਕ ਸੇਵਾਵਾਂ (ਫੈਰੀ) ਸਥਾਪਤ ਕਰਨ, ਭਾਰਤ ਦੇ ਕਸਟਮ ਅਤੇ ਮਾਲਦੀਵ ਦੀਆਂ ਕਸਟਮ ਸੇਵਾਵਾਂ ਵਿਚਾਲੇ ਸਹਿਯੋਗ ਲਈ ਵੀ ਸਮਝੌਤੇ ਕੀਤੇ ਗਏ। ਮਾਲਦੀਵ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਲਈ ਟਰੇਨਿੰਗ ਤੇ ਸਮਰੱਥਾ ਨਿਰਮਾਣ ‘ਤੇ ਮਾਲਦੀਵ ਪ੍ਰਸ਼ਾਸਨਿਕ ਸੇਵਾ ਕਮਿਸ਼ਨ ਦੇ ਪ੍ਰੋਗਰਾਮ ਨਾਲ ਵੀ ਸਮਝੌਤੇ ‘ਤੇ ਹਸਤਾਖਰ ਹੋਏ। ਇਸੇ ਦੌਰਾਨ ਸ੍ਰੀ ਮੋਦੀ ਨੇ ਹਿੰਦ ਮਹਾਂਸਾਗਰ ਨੂੰ ਆਰਥਿਕ ਵਿਕਾਸ ਲਈ ਸਾਂਝਾ ਅਤੇ ਮਜ਼ਬੂਤ ਖੇਤਰ ਬਣਾਉਣ ਦੀ ਵਚਨਬੱਧਤਾ ਦੁਹਰਾਈ। ਉਨ੍ਹਾਂ ਕਿਹਾ ਕਿ ਭਾਰਤ ਮਾਲਦੀਵ ਵਿੱਚ ਜੁਮਾ ਮਸਜਿਦ ਦੀ ਰੱਖਿਆ ਵਿੱਚ ਵੀ ਸਹਿਯੋਗ ਦੇਵੇਗਾ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਲਦੀਵ ਦੇ ਸਭ ਤੋਂ ਵੱਡੇ ਸਨਮਾਨ ‘ਰੂਲ ਆਫ਼ ਨਿਸ਼ਾਨ ਇਜ਼ੂਦੀਨ’ ਨਾਲ ਨਿਵਾਜਿਆ ਗਿਆ। ਆਪਣੀ ਦੋ ਦਿਨਾ ਦੌਰੇ ‘ਤੇ ਸ੍ਰੀ ਮੋਦੀ ਸ਼ਨਿਚਰਵਾਰ ਨੂੰ ਇਥੇ ਪੁੱਜੇ। ਇਥੇ ਸਮਾਗਮ ਦੌਰਾਨ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨੇ ਸ੍ਰੀ ਮੋਦੀ ਨੂੰ ਵੱਕਾਰੀ ਪੁਰਸਕਾਰ ਨਾਲ ਸਨਮਾਨਿਆ। ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਟਵਿੱਟਰ ‘ਤੇ ਇਸ ਬਾਬਤ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਸ੍ਰੀ ਮੋਦੀ ਦੇ ਇਥੇ ਪੁੱਜਣ ‘ਤੇ ਰਿਪਬਲਿਕ ਸਕੁਏਅਰ ‘ਚ ਰਾਸ਼ਟਰਪਤੀ ਸੋਲਿਹ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਗਾਰਡ ਆਫ਼ ਆਨਰ ਦਾ ਨਿਰੀਖਣ ਵੀ ਕੀਤਾ। ਸ੍ਰੀ ਮੋਦੀ ਨੇ ਸੋਲਿਹ ਨੂੰ ਬੱਲਾ ਵੀ ਤੋਹਫ਼ੇ ‘ਚ ਦਿੱਤਾ ਜਿਸ ‘ਤੇ ਭਾਰਤੀ ਕ੍ਰਿਕਟ ਟੀਮ ਦੇ ਦਸਤਖ਼ਤ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *