ਤ੍ਰਿਣਮੂਲ-ਭਾਜਪਾ ਵਰਕਰਾਂ ਵਿਚਾਲੇ ਝੜਪਾਂ ਦੌਰਾਨ 8 ਮੌਤਾਂ ਦਾ ਖ਼ਦਸ਼ਾ


ਕੋਲਕਾਤਾ/ਪੱਛਮੀ ਬੰਗਾਲ ਦੇ ਉੱਤਰੀ 24 ਪਰਗਨਾ ਜ਼ਿਲ੍ਹੇ ਵਿੱਚ ਲੰਘੇ ਦਿਨ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਭਾਜਪਾ ਵਰਕਰਾਂ ਵਿਚਾਲੇ ਹੋਈ ਝੜਪ ਵਿੱਚ 8 ਜਣਿਆਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ। ਦੋਵਾਂ ਪਾਰਟੀਆਂ ਦੇ ਸੂਤਰਾਂ ਨੇ ਆਪੋ-ਆਪਣੇ ਕਾਰਕੁਨਾਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਤਿੰਨ ਵਿਅਕਤੀਆਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਜਦੋਂਕਿ ਕਈ ਅਜੇ ਵੀ ਲਾਪਤਾ ਹਨ। ਭਾਜਪਾ ਨੇ ਆਪਣੇ ਦੋ ਵਰਕਰਾਂ ਦੀਆਂ ਲਾਸ਼ਾਂ ਕੋਲਕਾਤਾ ਤੋਂ ਨੌਰਥ 24 ਪਰਗਨਾ ਦੇ ਬਸੀਰਹਾਟ ਲਿਜਾਣ ਦੀ ਕੋਸ਼ਿਸ਼ ਕੀਤੀ, ਪਰ ਪੁਲੀਸ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ। ਲਾਸ਼ਾਂ ਦੀ ਸ਼ਨਾਖਤ ਸੁਕਾਤਾ ਮੰਡਲ, ਪ੍ਰਦੀਪ ਮੰਡਲ ਤੇ ਕਯੂਮ ਮੂਲਾ ਵਜੋਂ ਹੋਈ ਹੈ।
ਭਾਜਪਾ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਝੜਪ ਦੌਰਾਨ ਤ੍ਰਿਣਮੂਲ ਦੀ ਹਮਾਇਤ ਵਾਲੇ ਵਿਅਕਤੀਆਂ ਨੇ ਉਨ੍ਹਾਂ ਦੇ ਪੰਜ ਕਾਰਕੁਨਾਂ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਜਦੋਂਕਿ 18 ਹੋਰ ਲਾਪਤਾ ਹਨ। ਉਧਰ ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਆਗੂ ਨੇ ਕਿਹਾ ਕਿ ਸੰਦੇਸ਼ਖ਼ਲੀ ਅਸੈਂਬਲੀ ਹਲਕੇ ਅਧੀਨ ਆਉਂਦੇ ਹਾਤਗਾਚੀ ਖੇਤਰ ਵਿੱਚ ਖ਼ੂਨੀ ਸੰਘਰਸ਼ ਦੌਰਾਨ ਉਨ੍ਹਾਂ ਦੇ ਕਥਿਤ ਤਿੰਨ ਪਾਰਟੀ ਵਰਕਰਾਂ ਦੀ ਜਾਨ ਜਾਂਦੀ ਰਹੀ ਹੈ। ਭਾਜਪਾ ਆਗੂ ਮੁਕੁਲ ਰੌਇ ਨੇ ਸ਼ਨਿਚਰਵਾਰ ਦੇਰ ਰਾਤ ਕੀਤੇ ਟਵੀਟ ‘ਚ ਕਿਹਾ, ‘ਭਾਜਪਾ ਵਰਕਰਾਂ ਖ਼ਿਲਾਫ਼ ਵਿੱਢੀ ਹਿੰਸਾ ਲਈ ਮਮਤਾ ਬੈਨਰਜੀ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਅਸੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਕੇ ਸੰਦੇਸ਼ਖਲੀ ‘ਚ ਹੋਈਆਂ ਹੱਤਿਆਵਾਂ ਤੋਂ ਜਾਣੂ ਕਰਾਵਾਂਗੇ।’ ਪੁਲੀਸ ਨੇ ਝੜਪ ਦੌਰਾਨ ਤਿੰਨ ਸਿਆਸੀ ਵਰਕਰਾਂ, ਜਿਨ੍ਹਾਂ ਵਿੱਚੋਂ ਦੋ ਭਾਜਪਾ ਤੇ ਇਕ ਤ੍ਰਿਣਮੂਲ ਕਾਂਗਰਸ ਦਾ ਹੈ, ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਮੁਕਾਮੀ ਲੋਕਾਂ ਮੁਤਾਬਕ ਸ਼ਨਿਚਰਵਾਰ ਦੁਪਹਿਰ ਨੂੰ ਭਾਜਪਾ ਦੇ ਝੰਡੇ ਜਬਰੀ ਉਤਾਰੇ ਜਾਣ ਤੋਂ ਦੋਵਾਂ ਧਿਰਾਂ ‘ਚ ਤਕਰਾਰ ਸ਼ੁਰੂ ਹੋਈ, ਜਿਸ ਨੇ ਹਿੰਸਕ ਰੂਪ ਲੈ ਲਿਆ। ਇਸ ਦੌਰਾਨ ਗੋਲੀਆਂ ਵੀ ਚੱਲੀਆਂ। ਰੌਇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸ਼ਨਿੱਚਰਵਾਰ ਰਾਤ ਹੀ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ ਸੀ। ਉਧਰ ਤ੍ਰਿਣਮੂਲ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਜਿਓਤੀਪ੍ਰਿਆ ਮਲਿਕ ਨੇ ਕਿਹਾ, ‘ਦੋ ਹੋਰਨਾਂ ਵਰਕਰਾਂ ਨੂੰ ਨਦੀ ‘ਚ ਸੁੱਟ ਦਿੱਤਾ। ਛੇ ਮਹਿਲਾਵਾਂ ਸਮੇਤ ਅਠਾਰਾਂ ਤ੍ਰਿਣਮੂਲ ਵਰਕਰ ਜ਼ਖ਼ਮੀ ਹਨ।’ ਮਲਿਕ ਨੇ ਕਿਹਾ ਕਿ ਹਾਤਗਾਚੀ ਵਿੱਚ ਬੂਥ ਪੱਧਰ ਦੀ ਮੁਲਾਕਾਤ ਦੌਰਾਨ ਭਾਜਪਾ ਦੀ ਹਮਾਇਤ ਵਾਲੇ ਕੁਝ ਸ਼ਰਾਤਰੀ ਅਨਸਰਾਂ ਨੇ ਪਾਰਟੀ ਵਰਕਰਾਂ ‘ਤੇ ਹੱਲਾ ਬੋਲ ਦਿੱਤਾ। ਮੂਲਾ ਨਾਂ ਦੇ 26 ਸਾਲਾ ਵਰਕਰ ਨੂੰ ਪਾਰਟੀ ਦਫ਼ਤਰ ‘ਚੋਂ ਧੂਹ ਕੇ ਕਤਲ ਕਰ ਦਿੱਤਾ ਗਿਆ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *