ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਵਿਸ਼ਵ ਕੱਪ ‘ਚ ਦੂਜੀ ਜਿੱਤ ਹਾਸਿਲ ਕੀਤੀ


ਲੰਡਨ/ਐਤਵਾਰ ਨੂੰ ਵਿਸ਼ਵ ਕੱਪ ਦੇ ਖੇਡੇ ਗਏ 14ਵੇਂ ਮੈਚ ‘ਚ ਟੀਮ ਇੰਡੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 5 ਵਾਰ ਦੀ ਚੈਂਪੀਅਨ ਆਸਟ੍ਰੇਲੀਆ ਨੂੰ 36 ਦੌੜਾਂ ਨਾਲ ਹਰਾ ਕੇ ਵਿਸ਼ਵ ਕੱਪ ‘ਚ ਦੂਜੀ ਜਿੱਤ ਦਰਜ ਕੀਤੀ | ਇਸ ਮੈਚ ਵਿਚ ਭਾਰਤੀ ਬੱਲੇਬਾਜ਼ਾਂ ਦੇ ਨਾਲ-ਨਾਲ ਭਾਰਤੀ ਗੇਂਦਬਾਜ਼ਾਂ ਨੇ ਵੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਟੀਮ ਨੂੰ ਜਿੱਤ ਦਿਵਾਈ | ਭਾਰਤ ਵਲੋਂ ਦਿੱਤੇ ਗਏ 352 ਦੌੜਾਂ ਦੇ ਟੀਚੇ ਦੇ ਮੁਕਾਬਲੇ ਆਸਟ੍ਰੇਲੀਆ ਦੀ ਸਾਰੀ ਟੀਮ 50 ਓਵਰਾਂ ਵਿਚ 316 ਦੌੜਾਂ ‘ਤੇ ਹੀ ਆਊਟ ਹੋ ਗਈ | ਭਾਰਤ ਵਲੋਂ ਸ਼ਿਖਰ ਧਵਨ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 109 ਗੇਂਦਾਂ ਵਿਚ 117 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ 16 ਚੌਕੇ ਸ਼ਾਮਿਲ ਹਨ | ਸ਼ਿਖਰ ਧਵਨ ਦੇ ਇਹ ਇਕ ਦਿਨਾ ਅੰਤਰਰਾਸ਼ਟਰੀ ਕ੍ਕਿਟ ਵਿਚ 17ਵਾਂ ਸੈਂਕੜਾ ਸੀ ਅਤੇ ਵਿਸ਼ਵ ਕੱਪ ਵਿਚ ਇਹ ਤੀਸਰਾ ਸੈਂਕੜਾ ਸੀ। ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਜੋ ਕਿ ਬਿਲਕੁੱਲ ਸਹੀ ਸਾਬਤ ਹੋਇਆ। ਭਾਰਤ ਦੇ ਸਲਾਮੀ ਬੱਲੇਬਾਜ਼ਾਂ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਨੇ ਟੀਮ ਬਿਹਤਰੀਨ ਸ਼ੁਰੂਆਤ ਦਿੰਦੇ ਹੋਏ ਪਹਿਲੀ ਵਿਕਟ ਲਈ 127 ਦੌੜਾਂ ਦੀ ਸਾਂਝੀਦਾਰੀ ਕੀਤੀ। ਇਸ ਵਿਚ ਰੋਹਿਤ ਸ਼ਰਮਾ ਨੇ 70 ਗੇਂਦਾਂ ਵਿਚ 57 ਦੌੜਾਂ ਦਾ ਯੋਗਦਾਨ ਪਾਇਆ। ਰੋਹਿਤ ਤੋਂ ਬਾਅਦ ਸ਼ਿਖਰ ਧਵਨ ਦਾ ਸਾਥ ਕਪਤਾਨ ਵਿਰਾਟ ਕੋਹਲੀ ਦੇਣ ਆਏ ਅਤੇ ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਦੂਸਰੀ ਵਿਕਟ ਲਈ 93 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਟੀਮ ਨੂੰ ਮਜਬੂਤ ਸਥਿਤੀ ਵਿਚ ਪਹੁੰਚਾ ਦਿੱਤਾ। ਸ਼ਿਖਰ ਧਵਨ ਨੇ ਮੈਚ ਵਿਚ ਬਿਹਤਰੀਨ ਪਾਰੀ ਖੇਡਦੇ ਹੋਏ 117 ਦੌੜਾਂ ਬਣਾਈਆਂ ਜੋ ਕਿ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਅ ਗਈਆਂ। ਇਸ ਤੋਂ ਬਾਅਦ ਕੋਹਲੀ ਦਾ ਸਾਥ ਦੇਣ ਤੂਫ਼ਾਨੀ ਬੱਲੇਬਾਜ਼ ਹਾਰਦਿਕ ਪਾਂਡਿਆ ਆਇਆ ਜਿਸ ਨੇ ਆਉਂਦਿਆਂ ਹੀ ਆਪਣੇ ਇਰਾਦੇ ਸਾਫ਼ ਕਰ ਦਿੱਤੇ ਅਤੇ ਆਸਟ੍ਰੇਲੀਆ ਦੇ ਗੇਂਦਬਾਜ਼ਾਂ ਨੂੰ ਆਪਣੇ ‘ਤੇ ਹਾਵੀ ਨਹੀਂ ਹੋਣ ਦਿੱਤਾ। ਹਾਰਦਿਕ ਪਾਂਡਿਆ ਨੇ ਕੇਵਲ 27 ਗੇਂਦਾਂ ਵਿਚ 48 ਦੌੜਾਂ ਦੀ ਤੂਫ਼ਾਨੀ ਪਾਰੀ ਖੇਡਦੇ ਹੋਏ ਟੀਮ ਦੇ ਸਕੋਰ ਨੂੰ 300 ਤੋਂ ਪਾਰ ਕਰ ਦਿੱਤਾ। ਦੂਜੇ ਪਾਸੇ ਕੋਹਲੀ ਆਪਣੀ ਕਪਤਾਨੀ ਪਾਰੀ ਖੇਡਦੇ ਰਹੇ ਅਤੇ ਟੀਮ ਦੇ ਸਕੋਰ ਨੂੰ 352 ਤੱਕ ਲੈ ਗਏ। ਕੋਹਲੀ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 77 ਗੇਂਦਾਂ ਵਿਚ 88 ਦੌੜਾਂ ਦੀ ਪਾਰੀ ਖੇਡੀ ਜਿਸ ਵਿਚ 4 ਚੌਕੇ ਅਤੇ 2 ਛੱਕੇ ਸ਼ਾਮਿਲ ਹਨ। ਇਸ ਤੋਂ ਇਲਾਵਾ ਧੋਨੀ ਨੇ ਵੀ 14 ਗੇਂਦਾਂ ਵਿਚ 27 ਦੌੜਾਂ ਦੀ ਤੇਜ਼ ਪਾਰੀ ਖੇਡੀ। ਭਾਰਤੀ ਬੱਲੇਬਾਜ਼ਾਂ ਨੇ ਸ਼ੁਰੂ ਤੋਂ ਹੀ ਕੰਗਾਰੂ ਗੇਂਦਬਾਜ਼ਾਂ ‘ਤੇ ਆਪਣਾ ਦਬਾਅ ਬਣਾ ਰੱਖਿਆ ਅਤੇ ਕੰਗਾਰੂ ਗੇਂਦਬਾਜ਼ ਭਾਰਤੀ ਬੱਲੇਬਾਜ਼ਾਂ ਅੱਗੇ ਬੇਵੱਸ ਨਜ਼ਰ ਆਏ। ਭਾਵੇਂ ਕਿ ਆਸਟ੍ਰੇਲੀਆ ਦੇ ਉਪਰਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਵਧੀਆ ਪਾਰੀਆਂ ਖੇਡੀਆਂ ਪਰ ਉਹ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਆਸਟ੍ਰੇਲੀਆ ਵਲੋਂ ਡੇਵਿਡ ਵਾਰਨਰ ਨੇ 56, ਇਰੋਨ ਫਿੰਨ ਨੇ 36, ਸਟੀਵ ਸਮਿਥ ਨੇ 69, ਉਸਮਾਨ ਖਵਾਜਾ ਨੇ 42 ਅਤੇ ਐਲਐਕਸ ਕੇਰੇ ਨੇ ਤੂਫ਼ਾਨੀ ਪਾਰੀ ਖੇਡਦੇ ਹੋਏ 35 ਗੇਂਦਾਂ ਵਿਚ 55 ਦੌੜਾਂ ਦੀ ਪਾਰੀ ਖੇਡੀ। ਇਕ ਸਮੇਂ ਜਦੋਂ ਕੇਰੇ ਤੇਜ਼ ਬੱਲੇਬਾਜ਼ੀ ਕਰ ਰਹੇ ਸਨ ਤਾਂ ਕੰਗਾਰੂ ਖੇਮੇ ਵਿਚ ਕੁਝ ਆਸ ਜਾਗੀ ਸੀ ਪਰ ਭਾਰਤੀ ਗੇਂਦਬਾਜ਼ਾਂ ਨੇ ਬਿਹਤਰੀਨ ਗੇਂਦਬਾਜ਼ੀ ਕਰਕੇ ਕੰਗਾਰੂਆਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ। ਭਾਰਤ ਵਲੋਂ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਨੇ 3-3 ਵਿਕਟਾਂ ਲਈਆਂ। ਇਸ ਤੋਂ ਇਲਾਵਾ ਚਹਿਲ ਨੇ ਦੋ ਵਿਕਟਾਂ ਹਾਸਲ ਕੀਤੀਆਂ ਅਤੇ ਆਸਟ੍ਰੇਲੀਆ ਦੇ ਦੋ ਬੱਲੇਬਾਜ਼ ਰਨ ਆਊਟ ਹੋ ਗਏ। ਸ਼ਾਨਦਾਰ ਸੈਂਕੜੇ ਲਈ ਸ਼ਿਖਰ ਧਵਨ ਨੂੰ ਮੈਚ ਆਫ ਦਾ ਮੈਚ ਚੁਣਿਆ ਗਿਆ।
ਇਸ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਕੁਝ ਰੋਚਕ ਰਿਕਾਰਡ ਵੀ ਆਪਣੇ ਨਾਂਅ ਕਰ ਲਏ। ਭਾਰਤੀ ਟੀਮ ਦੀ ਵਿਸ਼ਵ ਕੱਪ ਵਿਚ ਆਸਟ੍ਰੇਲੀਆ ਖ਼ਿਲਾਫ਼ ਇਹ ਚੌਥੀ ਜਿੱਤ ਹੈ। ਭਾਰਤ ਨੇ ਕੰਗਾਰੂ ਟੀਮ ਖ਼ਿਲਾਫ਼ 352 ਦੌੜਾਂ ਬਣਾਈਆਂ ਜੋ ਕਿ ਵਿਸ਼ਵ ਕੱਪ ਕਿਸੇ ਵੀ ਟੀਮ ਵਲੋਂ ਆਸਟ੍ਰੇਲੀਆ ਖ਼ਿਲਾਫ਼ ਸਭ ਤੋਂ ਵੱਡਾ ਸਕੋਰ ਹੈ। ਇਹ ਭਾਰਤ ਦੀ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿਚ ਆਸਟ੍ਰੇਲੀਆ ਖ਼ਿਲਾਫ਼ 50ਵੀਂ ਜਿੱਤ ਹੈ। ਭਾਰਤ ਨੇ 45 ਸਾਲ ਦਾ ਆਪਣੇ ਇਕ ਦਿਨਾ ਇਤਿਹਾਸ ਵਿਚ 19 ਦੇਸ਼ਾਂ ਖ਼ਿਲਾਫ਼ ਮੈਚ ਖੇਡੇ ਹਨ। ਉਸ ਨੇ ਇਨ੍ਹਾਂ ਵਿਚੋਂ ਸਾਰੀਆਂ ਟੀਮਾਂ ਨੂੰ ਹਰਾਇਆ ਹੈ ਜਦੋਂ ਕਿ ਇਨ੍ਹਾਂ ਵਿਚੋਂ ਸਿਰਫ਼ 10 ਟੀਮਾਂ ਹੀ ਉਸ ਨੂੰ ਹਰਾ ਸਕੀਆਂ ਹਨ। ਭਾਰਤੀ ਟੀਮ ਆਸਟ੍ਰੇਲੀਆ ਤੋਂ ਪਹਿਲਾਂ ਵੀ 6 ਟੀਮਾਂ ਨੂੰ 50 ਤੋਂ ਵਧੇਰੇ ਮੈਚਾਂ ਵਿਚ ਹਰਾ ਚੁੱਕੀ ਹੈ। ਇਸ ਵਿਚ ਸਭ ਤੋਂ ਵੱਧ ਸ੍ਰੀਲੰਕਾ ਨੂੰ ਹਰਾਇਆ ਹੈ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *