ਨਰਿੰਦਰ ਮੋਦੀ ਨੇ ਲਗਾਤਾਰ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ


ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ
ਰਾਸ਼ਟਰਫਤੀ ਨੇ 24 ਕੈਬਨਿਟ ਤੇ 10 ਰਾਜ ਸੁਤੰਤਰ ਚਾਰਜ ਵਾਲੇ ਮੰਤਰੀਆਂ ਨੂੰ ਵੀ ਚੁਕਾਈ ਸਹੁੰ
ਨਵੀਂ ਦਿੱਲੀ/ ਸ੍ਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਸ਼ਟਰਪਤੀ ਭਵਨ ਦੇ ਖੁੱਲ੍ਹੇ ਵਿਹੜੇ ਵਿਚ ਕਰੀਬ 8 ਹਜ਼ਾਰ ਦੇਸੀ-ਵਿਦੇਸ਼ੀ ਮਹਿਮਾਨਾਂ ਦੀ ਹਾਜ਼ਰੀ ਵਿਚ ਕਰਵਾਏ ਗਏ ਇਸ ਸਹੁੰ-ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਨਾਲ 24 ਕੈਬਨਿਟ ਮੰਤਰੀਆਂ ਅਤੇ 10 ਸੁਤੰਤਰ ਚਾਰਜ ਵਾਲੇ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਪੰਜਾਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਾਂਸਦ ਅਤੇ ਸਾਬਕਾ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਕੈਬਨਿਟ ਮੰਤਰੀ ਬਣਾਇਆ ਗਿਆ ਹੈ ਜਦਕਿ ਹਰਦੀਪ ਸਿੰਘ ਪੁਰੀ ਨੇ ਰਾਜ ਮੰਤਰੀ (ਸੁਤੰਤਰ) ਵਜੋਂ ਸਹੁੰ ਚੁੱਕੀ ਹੈ। ਨਵੀਂ ਕੈਬਨਿਟ ਵਿਚ ਭਾਜਪਾ ਪ੍ਰਧਾਨ ਅਤੇ ਸੀਨੀਅਰ ਆਗੂ ਸ੍ਰੀ ਅਮਿਤ ਸ਼ਾਹ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।
ਨਵੀਂ ਕੈਬਨਿਟ ਵਿਚ ਚਾਰ ਵੱਡੇ ਮੰਤਰਾਲਿਆਂ-ਵਿੱਤ, ਰੱਖਿਆ, ਵਿਦੇਸ਼ ਅਤੇ ਗ੍ਰਹਿ ਮੰਤਰਾਲੇ ਨੂੰ ਲੈ ਕੇ ਕਿਆਸਰਾਈਆਂ ਦਾ ਬਾਜ਼ਾਰ ਗਰਮ ਹੈ ਕਿ ਇਹ ਮੰਤਰਾਲੇ ਕਿਹੜੇ ਵੱਡੇ ਆਗੂਆਂ ਨੂੰ ਦਿੱਤੇ ਜਾਣਗੇ। ਇੱਥੇ ਜ਼ਿਕਰਯੋਗ ਹੈ ਕਿ ਤਬੀਅਤ ਠੀਕ ਨਾ ਹੋਣ ਕਰਕੇ ਸ੍ਰੀ ਅਰੁਣ ਜੇਤਲੀ ਅਤੇ ਸ੍ਰੀਮਤੀ ਸੁਸ਼ਮਾ ਸਵਰਾਜ ਨੇ ਕ੍ਰਮਵਾਰ ਵਿੱਤ ਵਿਭਾਗ ਅਤੇ ਵਿਦੇਸ਼ ਵਿਭਾਗ ਦਾ ਕਾਰਜਭਾਰ ਸੰਭਾਲਣ ਤੋਂ ਅਸਮਰੱਥਾ ਜਤਾਈ ਹੈ। ਦੂਜੇ ਪਾਸੇ ਅਮਿਤ ਸ਼ਾਹ ਵਰਗੇ ਵੱਡੇ ਆਗੂ ਨੂੰ ਕੈਬਨਿਟ ਵਿਚ ਸ਼ਾਮਿਲ ਕਰਨਾ ਵੀ ਇਹੀ ਸੰਕੇਤ ਦਿੰਦਾ ਹੈ ਕਿ ਇਹਨਾਂ ਚਾਰੇ ਅਹਿਮ ਵਿਭਾਗਾਂ ਵਿਚੋਂ ਉਹਨਾਂ ਨੂੰ ਕਿਸੇ ਇੱਕ ਜਾਂ ਦੋ ਵਿਭਾਗਾਂ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਸ੍ਰੀ ਅਮਿਤ ਸ਼ਾਹ ਨੂੰ ਭਾਜਪਾ ਦੇ ਚੋਣ ਪ੍ਰਚਾਰ ਦੀ ਸਫਲਤਾ ਨਾਲ ਵਿਉਂਤਬੰਦੀ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ, ਜਿਸ ਕਰਕੇ ਪਾਰਟੀ ਨੇ ਆਪਣੇ ਬਲਬੂਤੇ ਉੱਤੇ 303 ਸੀਟਾਂ ਜਿੱਤਣ ਦਾ ਰਿਕਾਰਡ ਬਣਾਇਆ ਹੈ।
ਇਸ ਤੋਂ ਇਲਾਵਾ ਪਿਛਲੀ ਮੋਦੀ ਸਰਕਾਰ ਵਿਚ ਗ੍ਰਹਿ ਮੰਤਰੀ ਰਹੇ ਸ੍ਰੀ ਰਾਜਨਾਥ ਸਿੰਘ ਨੂੰ ਇੱਕ ਅਜਿਹੇ ਆਗੂ ਵਜੋਂ ਜਾਣਿਆ ਜਾਂਦਾ ਹੈ, ਜਿਸ ਦੇ ਪਾਰਟੀ ਦੇ ਅੰਦਰ ਅਤੇ ਦੂਜੀਆਂ ਪਾਰਟੀਆਂ ਦੇ ਆਗੂਆਂ ਨਾਲ ਬਹੁਤ ਹੀ ਨਿੱਘੇ ਅਤੇ ਦੋਸਤਾਨਾ ਸੰਬੰਧ ਹਨ। ਪਿਛਲੀ ਸਰਕਾਰ ਦੌਰਾਨ ਕੋਈ ਵੀ ਸੰਕਟ ਆਉਣ ‘ਤੇ ਪ੍ਰਧਾਨ ਮੰਤਰੀ ਪੂਰੇ ਭਰੋਸੇ ਨਾਲ ਰਾਜਨਾਥ ਸਿੰਘ ਨੂੰ ਹੱਲ ਕਰਨ ਲਈ ਭੇਜ ਦਿੰਦੇ ਸਨ ਅਤੇ ਉਹਨਾਂ ਨੇ ਕਿਸਾਨ ਅੰਦੋਲਨ, ਜੰਮੂ-ਕਸ਼ਮੀਰ ‘ਚ ਹਿੰਸਾ ਜਾਂ ਜਾਟ ਰਾਖਵਾਂਕਰਨ ਅੰਦੋਲਨ ਆਦਿ ਮਸਲਿਆਂ ਨੂੰ ਬਹੁਤ ਹੀ ਸੂਝ ਅਤੇ ਸੰਜੀਦਗੀ ਨਾਲ ਹੱਲ ਕੀਤਾ ਸੀ।
ਬਹੁਤ ਸਾਰੇ ਲੋਕਾਂ ਨੂੰ ਰਾਜਨਾਥ ਸਿੰਘ ਅੰਦਰ ਸਵਰਗੀ ਆਗੂ ਸ੍ਰੀ ਅਟਲ ਬਿਹਾਰੀ ਵਾਜਪਾਈ ਵਾਲਾ ਸਲੀਕਾ ਅਤੇ ਨਿੱਘ ਨਜ਼ਰ ਆਉਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ  ਰਾਜਨਾਥ ਸਿੰਘ ਪਾਰਟੀ ਦੀ ‘ਦੁਸ਼ਮਣ ਰਹਿਤ ਵਿਅਕਤੀ’ ਵਾਲੀ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੇ ਹਨ। ਸ੍ਰੀ ਰਾਜਨਾਥ ਸਿੰਘ ਦੇ ਵਿਰੋਧੀ ਪਾਰਟੀਆਂ ਦੇ ਆਗੂਆਂ ਜਿਵੇਂ ਗੁਲਾਮ ਨਬੀ ਆਜ਼ਾਦ, ਮਮਤਾ ਬੈਨਰਜੀ, ਮੁਲਾਇਮ ਸਿੰਘ ਯਾਦਵ ਅਤੇ ਓਮਰ ਅਬਦੁੱਲਾ ਆਦਿ ਨਾਲ ਬਹੁਤ ਹੀ ਨਿੱਘੇ ਸੰਬੰਧ ਹਨ।
ਦੱਸਣਯੋਗ ਹੈ ਕਿ ਇਸ ਵਾਰ ਚੋਣਾਂ ਦੌਰਾਨ ਬੇਹੱਦ ਘਟੀਆ ਪੱਧਰ ਦੀ ਦੂਸ਼ਣਬਾਜ਼ੀ ਭਾਰੂ ਰਹਿਣ ਦੇ ਬਾਵਜੂਦ ਵੀ ਲਖਨਊ ਲੋਕ ਸਭਾ ਸੀਟ ਤੋਂ ਚੋਣ ਲੜਣ ਵਾਲੇ ਸ੍ਰੀ ਰਾਜਨਾਥ ਸਿੰਘ ਨੇ ਆਪਣੇ ਵਿਰੋਧੀਆਂ ਲਈ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਨਹੀਂ ਕੀਤਾ।
ਸ੍ਰੀ ਰਾਜਨਾਥ ਸਿੰਘ ਭਾਜਪਾ ਦੇ ਕ੍ਰਮਵਾਰ ਦੋ ਵਾਰ 2005 ਤੋਂ 2009 ਅਤੇ 2013 ਤੋਂ 2014 ਤਕ ਪ੍ਰਧਾਨ ਰਹਿਣ ਤੋਂ ਪਹਿਲਾਂ ਆਰਐਸਐਸ, ਏਬੀਵੀਪੀ ਅਤੇ ਭਾਜਪਾ ਦੀ ਉੱਤਰ ਪ੍ਰਦੇਸ਼ ਇਕਾਈ ਦੇ ਵੱਖ ਵੱਖ ਅਹੁਦਿਆਂ ਉੱਤੇ ਰਹੇ ਹਨ। ਉਹ ਮਹਿਜ਼ 24 ਸਾਲ ਦੀ ਉਮਰ ਵਿਚ 1975 ਵਿਚ ਜਨ ਸੰਘ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਸਨ ਅਤੇ 1977 ਵਿਚ ਪਹਿਲੀ ਵਾਰ ਮਿਰਜ਼ਾਪੁਰ ਤੋਂ ਵਿਧਾਇਕ ਚੁਣੇ ਗਏ ਸਨ।
ਪ੍ਰਧਾਨ ਮੰਤਰੀ ਸਮੇਤ ਸਮੁੱਚੀ ਕੈਬਨਿਟ ਨੂੰ ਅਹੁਦੇ ਤੇ ਭੇਤ ਗੁਪਤ ਰੱਖਣ ਦੀ ਸਹੁੰ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵੱਲੋਂ ਚੁਕਵਾਈ ਗਈ। ਇਸ ਤੋਂ ਇਲਾਵਾ ਬਾਕੀ ਕੈਬਨਿਟ ਮੰਤਰੀਆਂ ਵਿਚ ਰਾਜ ਨਾਥ ਸਿੰਘ, ਨਿਤਿਨ ਗਡਕਰੀ, ਨਿਰਮਲਾ ਸੀਤਾ ਰਮਨ, ਰਾਮ ਬਿਲਾਸ ਪਾਸਵਾਨ, ਨਰਿੰਦਰ ਸਿੰਘ ਤੋਮਰ, ਰਵੀ ਸ਼ੰਕਰ ਪ੍ਰਸਾਦ, ਹਰਸਿਮਰਤ ਕੌਰ ਬਾਦਲ, ਥਾਵਰ ਚੰਦ ਗਹਿਲੋਤ, ਐਸ ਜੈ ਸ਼ੰਕਰ, ਰਮੇਸ਼ ਪੋਖਰੀਆਲ ਨਿਸ਼ੰਕ , ਡਾਕਟਰ ਰਮੇਸ਼ ਗੋਖਲੀਆ , ਅਰਜੁਨ ਮੁੰਡਾ, ਸਮ੍ਰਿਤੀ ਜ਼ੂਬਿਨ ਇਰਾਨੀ,ਡਾਕਟਰ ਹਰਸ਼ ਵਰਧਨ, ਪ੍ਰਕਾਸ਼ ਕੇਸ਼ਵ ਜਾਵਡੇਕਰ, ਪਿਊਸ਼ ਵੇਦ ਪ੍ਰਕਾਸ਼ ਗੋਇਲ, ਧਰਮਿੰਦਰ ਪ੍ਰਧਾਨ, ਮੁਖ਼ਤਾਰ ਅਬਾਸ ਨਕਵੀ, ਪ੍ਰਹਿਲਾਦ ਵੈਂਕਟੇਸ਼ ਜੋਸ਼ੀ, ਡਾਕਟਰ ਮਹਿੰਦਰ ਨਾਥ ਪਾਂਡੇ, ਅਰਵਿੰਦ ਗਣਪਤ ਸਾਵੰਤ, ਗਿਰੀ ਰਾਜ ਸਿੰਘ, ਗਜਿੰਦਰ ਸਿੰਘ ਸ਼ੇਖ਼ਾਵਤ ਆਦਿ ਸ਼ਾਮਲ ਹਨ।
ਸੁਤੰਤਰ ਚਾਰਜ ਵਾਲੇ ਰਾਜ ਮੰਤਰੀਆਂ ਵਿਚ ਸੰਤੋਸ਼ ਕੁਮਾਰ ਗੰਗਵਾਲ, ਇੰਦਰਜੀਤ ਸਿੰਘ ਰਾਏ, ਸ਼੍ਰੀਪਦ ਨਾਇਕ, ਡਾਕਟਰ ਜਿਤੇਂਦਰ ਸਿੰਘ, ਕਿਰਣ ਰਿਜੀਜੂ, ਪ੍ਰਹਿਲਾਦ ਸਿੰਘ, ਮੁਲਾਇਮ ਸਿੰਘ ਪਟੇਲ, ਰਾਜ ਕੁਮਾਰ ਸਿੰਘ, ਹਰਦੀਪ ਸਿੰਘ ਪੁਰੀ, ਮਨਸੁਖ ਲਾਲ ਮੰਡਾਵੀਆ ਸ਼ਾਮਿਲ ਹਨ।
ਇਸ ਤੋਂ ਇਲਾਵਾ ਰਾਜ ਮੰਤਰੀ ਵਜੋਂ ਸਹੁੰ ਚੁੱਕਣ ਵਾਲਿਆਂ ਵਿਚ ਫ਼ਗਨ ਸਿੰਘ ਕੁਲਸਤੇ, ਅਸ਼ਵਨੀ ਕੁਮਾਰ ਚੌਬੇ, ਅਰਜੁਨ ਰਾਮ ਮੇਘਵਾਲ, ਜਨਰਲ ਰਿਟਾਇਰਡ ਵੀ ਕੇ ਸਿੰਘ (ਵਿਜੇ ਕੁਮਾਰ ਸਿੰਘ), ਕਿਸ਼ਨ ਪਾਲ ਗੁੱਜਰ, ਰਾਓ ਸਾਹਿਬ ਦਾਦਾ ਰਾਓ ਦਾਨਵੇ , ਗੰਗਾਪੁਰਮ ਕਿਸ਼ਨ ਰੈੱਡੀ,ਰਾਮਦਾਸ ਅਠਾਵਲੇ, ਸਾਧਵੀ ਨਿਰੰਜਨ ਜੋਤੀ, ਸਾਧਵੀ ਨਿਰੰਜਨ ਜੋਤੀ, ਬਾਬੁਲ ਸੁਪ੍ਰੀਓ, ਡਾਕਟਰ ਸੰਜੀਵ ਕੁਮਾਰ ਬਾਲੀਆਂ, ਧੋਤਰੇ ਸੰਜੇ ਸ਼ਾਮ ਰਾਓ, ਅਨੁਰਾਗ ਸਿੰਘ ਠਾਕੁਰ, ਸੁਰੇਸ਼ ਚੰਨਵਸੱਪਾ ਅੰਗਡੀ ਸ਼ਾਮਿਲ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *