ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੇ 2014 ਤੋਂ ਵੀ ਵੱਡੀ ਜਿੱਤ ਹਾਸਿਲ ਕੀਤੀ


ਕਾਂਗਰਸ ਦੀ ਅਗਵਾਈ ਵਾਲਾ ਮਹਾਂਗਠਜੋੜ 100 ਦੇ ਅੰਕੜੇ ਤਕ ਵੀ ਨਹੀਂ ਪੁੱਜ ਸਕਿਆ
ਮੋਦੀ ਦੀ ਹਨੇਰੀ ਨੇ ਖਾਨਦਾਨੀ ਸਿਆਸਤ ਕਰਨ ਵਾਲਿਆਂ ਨੂੰ ਜੜ੍ਹੋਂ ਪੁੱਟਿਆ
ਨਵੀਂ ਦਿੱਲੀ/ਲੋਕ ਸਭਾ ਦੇ ਨਤੀਜਿਆਂ ਨੇ ਸਿਰਫ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ ਮੁੜ ਤੋਂ ਸੱਤਾ ਦੇ ਤਖ਼ਤ ਉੱਤੇ ਹੀ ਨਹੀਂ ਬਿਠਾਇਆ, ਸਗੋਂ ਕਈ ਖਾਨਦਾਨੀ ਸਿਆਸਤ ਕਰਨ ਵਾਲਿਆਂ ਨੂੰ ਵੀ ਮਿੱਟੀ ਵਿਚ ਰੋਲ ਦਿੱਤਾ ਹੈ। ਤਾਜ਼ਾ ਨਤੀਜਿਆਂ ਅਨੁਸਾਰ ਐਨਡੀਏ ਦੀ 349 ਸੀਟਾਂ ਉੱਤੇ ਚੜ੍ਹਤ ਹੈ ਜਦਕਿ ਕਾਂਗਰਸ ਦੀ ਅਗਵਾਈ ਵਾਲਾ ਮਹਾਂਗਠਜੋੜ 100 ਦਾ ਅੰਕੜਾ ਵੀ ਪਾਰ ਨਹੀਂ ਕਰ ਪਾਇਆ ਹੈ ਅਤੇ 91 ਸੀਟਾਂ ਤਕ ਸਿਮਟ ਗਿਆ ਜਾਪਾਦਾ ਹੈ। ਬਾਕੀ ਪਾਰਟੀਆਂ ਨੂੰ 102 ਸੀਟਾਂ ਜਾਂਦੀਆਂ ਪ੍ਰਤੀਤ ਹੁੰਦੀਆਂ ਹਨ।ਵੰਸ਼ਵਾਦ ਦੇ ਬਲ ‘ਤੇ ਸੰਸਦ ‘ਚ ਪਹੁੰਚਣ ਦਾ ਸੁਪਨਾ ਦੇਖਣ ਵਾਲੇ ਨੇਤਾਵਾਂ ਨੂੰ ਵੋਟਰਾਂ ਨੇ ਇਸ ਵਾਰ ਸ਼ੀਸ਼ਾ ਦਿਖਾ ਦਿੱਤਾ ਹੈ। ਹਾਲ ਇਹ ਹੈ ਕਿ ਵੱਡੇ-ਵੱਡੇ ਨਾਮਦਾਰ ਨੇਤਾਵਾਂ ਨੂੰ ਜਨਤਾ ਨੇ ਧੂੜ ਚਟਾ ਦਿੱਤੀ ਹੈ।
ਦੇਸ਼ ‘ਤੇ ਸਭ ਤੋਂ ਲੰਬੇ ਸਮੇਂ ਤਕ ਸ਼ਾਸਨ ਕਰਨ ਵਾਲੇ ਨਹਿਰੂ-ਗਾਂਧੀ ਖਾਨਦਾਨ ਨੂੰ ਉਸ ਦੇ ਮਜ਼ਬੂਤ ਗੜ੍ਹ ਅਮੇਠੀ ਤੋਂ ਜਨਤਾ ਨੇ ਉਖਾੜ ਸੁੱਟਿਆ ਹੈ। ਇੱਥੋਂ ਚੌਥੀ ਵਾਰ ਸੰਸਦ ਵਿਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਹਰਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਰਾਹੁਲ ਨੂੰ ਇਸ ਸੀਟ ‘ਤੇ ਹਾਰ ਦਾ ਖ਼ਦਸ਼ਾ ਸੀ, ਇਸ ਲਈ ਉਨ੍ਹਾਂ ਕੇਰਲ ਵਿਚ ਮੁਸਲਮਾਨ ਬਹੁ-ਗਿਣਤੀ ਵਾਇਨਾਡ ਸੀਟ ਤੋਂ ਚੋਣ ਲੜੀ ਜਿੱਥੋਂ ਉਨ੍ਹਾਂ ਨੂੰ ਜਿੱਤ ਹਾਸਲ ਹੋਈ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੀ ਗੁਨਾ ਸੀਟ ਤੋਂ ਚੌਥੀ ਵਾਰ ਚੋਣ ਲੜ ਰਹੇ ਕਾਂਗਰਸੀ ਨੇਤਾ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਇੰਚਾਰਜ ਜੋਤੀਰਾਦਿੱਤਿਆ ਸਿੰਧੀਆ ਨੂੰ ਵੀ ਜਨਤਾ ਨੇ ਬੁਰੀ ਤਰ੍ਹਾਂ ਹਰਾ ਦਿੱਤਾ ਹੈ। ਗੁਨਾ ਸੀਟ ਤੋਂ ਸਿੰਧੀਆ ਦੇ ਪਿਤਾ ਮਾਧਵਰਾਜ ਸਿੰਧੀਆ ਅਤੇ ਉਨ੍ਹਾਂ ਦੀ ਦਾਦੀ ਰਾਜਮਾਤਾ ਵਿਜਯਾਰਾਜੇ ਸਿੰਧੀਆ ਚੋਣ ਜਿੱਤਦੀ ਰਹੀ ਹੈ। ਇਸੇ ਤਰ੍ਹਾਂ ਹਰਿਆਣਾ ਵਿਚ ਸੋਨੀਪਤ ਦੇ ਵੋਟਰਾਂ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਸੰਸਦ ਵਿਚ ਬੈਠਣ ਦਾ ਸੁਪਨਾ ਚਕਨਾਚੂਰ ਕਰ ਦਿੱਤਾ ਹੈ ਜਦਕਿ ਉਨ੍ਹਾਂ ਦੇ ਬੇਟੇ ਦੀਪਿੰਦਰ ਸਿੰਘ ਹੁੱਡਾ ਹਾਰ ਦੇ ਕੰਢੇ ‘ਤੇ ਹਨ। ਦੀਪਿੰਦਰ ਇੱਥੋਂ ਚੌਥੀ ਵਾਰ ਸੰਸਦ ਵਿਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਸਨ। ਹਰਿਆਣਾ ਵਿਚ ਹੀ ਸਾਬਕਾ ਮੁੱਖ ਮੰਤਰੀ ਭਜਨ ਲਾਲ ਦੇ ਪੋਤਰੇ ਅਤੇ ਕੁਲਦੀਪ ਬਿਸ਼ਨੋਈ ਦੇ ਬੇਟੇ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸੇ ਤਰ੍ਹਾਂ ਸਾਬਕਾ ਉਪ ਪ੍ਰਧਾਨ ਮੰਤਰੀ ਦੇਵੀ ਲਾਲ ਦੇ ਪੜਪੋਤੇ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਪੋਤੇ ਦਿਗਵਿਜੇ ਸਿੰਘ ਅਤੇ ਦੁਸ਼ਿਅੰਤ ਚੌਟਾਲਾ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਹੈ। ਰਾਜਸਥਾਨ ਵਿਚ ਜੋਧਪੁਰ ਤੋਂ ਸੰਸਦ ਵਿਚ ਪਹੁੰਚਣ ਦਾ ਸੁਪਨਾ ਦੇਖ ਰਹੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਦੇ ਵੈਭਵ ਗਹਿਲੋਤ ਨੂੰ ਵੀ ਨਿਰਾਸ਼ਾ ਹੱਥ ਲੱਗੀ ਹੈ।
ਵੰਸ਼ਵਾਦ ਦੇ ਪ੍ਰਤੀ ਜਨਤਾ ਦੇ ਗੁੱਸੇ ਦਾ ਅੰਦਾਜ਼ਾ ਇਸੇ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਕਰਨਾਟਕ ਦੀ ਤੁਮਕੁਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਵੀ ਭਾਰੀ ਵੋਟਾਂ ਨਾਲ ਪਿੱਛੇ ਚੱਲ ਰਹੇ ਹਨ। ਵੰਸ਼ਵਾਦ ਦੀ ਰਾਜਨੀਤੀ ਕਰਨ ਵਾਲੀ ਉਨ੍ਹਾਂ ਦੀ ਪਾਰਟੀ ਜੇਡੀਐੱਸ ਸਿਰਫ਼ ਇੱਕੋ ਸੀਟ ‘ਤੇ ਹੀ ਅੱਗੇ ਚੱਲ ਰਹੀ ਹੈ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਗ ਦੀ ਵਿਰਾਸਤ ਦੇ ਨਾਂ ‘ਤੇ ਰਾਜਨੀਤੀ ਕਰਨ ਵਾਲੇ ਰਾਸ਼ਟਰੀ ਲੋਕ ਦਲ ਦਾ ਵੀ ਸਫ਼ਾਇਆ ਹੋ ਗਿਆ ਹੈ।
ਆਰਐੱਲਡੀ ਦੇ ਪ੍ਰਧਾਨ ਚੌਧਰੀ ਅਜੀਤ ਸਿੰਘ ਆਪਣੇ ਹੀ ਗੜ੍ਹ ਮੁਜ਼ੱਫਰਨਗਰ ਵਿਚ ਬੁਰੀ ਤਰ੍ਹਾਂ ਹਾਰ ਗਏ ਹਨ ਜਦਕਿ ਬਾਗਪਤ ਤੋਂ ਉਮੀਦਵਾਰ ਉਨ੍ਹਾਂ ਦੇ ਬੇਟੇ ਜੈਅੰਤ ਚੌਧਰੀ ਵੀ ਪਿੱਛੇ ਚੱਲ ਰਹੇ ਹਨ। ਇਸੇ ਤਰ੍ਹਾਂ ਮੁਲਾਇਮ ਸਿੰਘ ਯਾਦਵ ਦੇ ਪਰਿਵਾਰ ਦੇ ਕਈ ਮੈਂਬਰ ਵੀ ਚੋਣ ਹਾਰ ਗਏ ਹਨ। ਕੰਨੌਜ ਤੋਂ ਸਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਪਤਨੀ ਡਿੰਪਲ ਯਾਦਵ ਚੋਣ ਹਾਰ ਗਈ ਹੈ। ਉਥੇ ਯਾਦਵ ਪਰਿਵਾਰ ਦੇ ਮੈਂਬਰ ਧਰਮਿੰਦਰ ਯਾਦਵ ਵੀ ਬਦਾਯੂੰ ਤੋਂ ਚੋਣ ਹਾਰ ਗਏ ਹਨ। ਯਾਦਵ ਪਰਿਵਾਰ ਦੇ ਇਕ ਹੋਰ ਮੈਂਬਰ ਅਕਸ਼ੈ ਯਾਦਵ ਫਿਰੋਜ਼ਾਬਾਦ ਤੋਂ ਚੋਣ ਹਾਰ ਗਏ ਹਨ।

Leave a comment

XHTML: You can use these tags: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <s> <strike> <strong>


Are you human ? *